Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਅਖੰਡ ਪਾਠ, ਸਹਿਜ ਪਾਠ, ਸੰਪਟ ਪਾਠ ਅਤੇ ਨਿਤਨੇਮ

ਅੰਖਡ ਪਾਠ, ਸਹਿਜ ਪਾਠ, ਸੰਪਟ ਪਾਠ ਨਿਤਨੇਮ ਅਤੇ ਕਈ ਹੋਰ ਤਰਾਂ ਨਾਲ ਸਿੱਖ ਗੁਰਬਾਣੀ ਪੜ੍ਹਦਾ ਹੈ। ਕਈ ਬਾਣੀ ਪੜ੍ਹਨ ਦੇ ਤਰੀਕੇ ਨੂੰ ਪਖੰਡ ਆਖਦੇ ਹਨ ਤੇ ਆਖਦੇ ਹਨ ਕੇ ਇਹਨਾਂ ਨਾਲ ਕੋਈ ਲਾਭ ਨਹੀਂ ਹੈ। ਇਸ ਬਾਰੇ ਆਪਾਂ ਗੁਰਬਾਣੀ ਤੋਂ ਵੀ ਵਿਚਾਰ ਕਰਾਂਗੇ ਪਰ ਉਸਤੋਂ ਪਹਿਲਾਂ ਮੇਰਾ ਨਿਜੀ ਖਿਆਲ ਇਹ ਹੈ ਕੇ ਸਮਾਂ ਵਿਅਰਥ ਗਵਾਉਣ ਨਾਲੋਂ ਗੁਰਬਾਣੀ ਕਿਸੇ ਵੀ ਢੰਗ ਨਾਲ ਪੜ੍ਹੀ ਜਾਵੇ ਇਹ ਵਿਆਰਥ ਨਹੀਂ ਹੈ। ਪਰ ਮੈਂ ਆਪਣੇ ਵਿਚਾਰ ਵਲ ਤੁਹਾਡਾ ਧਿਆਨ ਦੇਣ ਨਾਲੋਂ ਕੁੱਝ ਗੱਲਾਂ ਇਤਿਹਾਸ ਤੋਂ ਅਤੇ ਗੁਰਬਾਣੀ ਤੋਂ ਪ੍ਰਮਾਣ ਦੇਵਾਂਗਾ।

ਅਖੰਡ ਪਾਠ

ਅਖੰਡ ਪਾਠ ਦੀ ਸ਼ੁਰੂਆਤ ਉਹਨਾਂ ਸਮਿਆਂ ਵਿੱਚ ਹੋਈ ਸੀ ਜਦੋਂ ਪੋਥੀ ਸਾਹਿਬ ਦੇ ਬਹੁਤੇ ਸਰੂਪ ਨਹੀਂ ਹੁੰਦੇ ਸੀ ਅਤੇ ਪੜ੍ਹਨਾ ਲਿਖਣਾ ਜਾਨਣ ਵਾਲੇ ਘੱਟ ਹੀ ਹੁੰਦੇ ਸੀ। ਫੋਨ ਤੇ ਐਪ ਨਹੀਂ ਸੀ, ਯੂਟਿਊਬ ਨਹੀਂ ਸੀ। ਕੈਸੇਟ ਤੇ ਵੀ ਬਾਣੀ ਰਿਕਾਰਡ ਨਹੀਂ ਮਿਲਦੀ ਸੀ। ਆਮ ਸਿੱਖ ਸ਼ਰਧਾਲੂ ਖੇਤੀ ਬਾੜੀ ਕਰਨ ਵਾਲੇ, ਹੱਥੀਂ ਕੰਮ ਕਰਨ ਵਾਲੇ ਜਦੋਂ ਸਮਾਂ ਲਗਦਾ ਸੀ ਜਾਂ ਜਿਗਿਆਸਾ ਹੋਣ ਤੇ ਕਿ ਗੁਰਬਾਣੀ ਕਿਸੇ ਵਿਸ਼ੇ ਬਾਰੇ ਕੀ ਆਖਦੀ ਹੈ ਤਾਂ ਪਾਠੀ ਸਿੰਘਾਂ ਨੂੰ ਭੇਂਟਾਂ ਦੇ ਕੇ ਗੁਰਬਾਣੀ ਪੜ੍ਹਵਾਉਂਦੇ ਸੀ ਅਤੇ ਧਿਆਨ ਨੂੰ ਅਖੰਡ ਰੱਖ ਕੇ ਗੁਰਬਾਣੀ ਸੁਣਦੇ ਸੀ, ਸਮਝਣ ਦੀ ਕੋਸ਼ਿਸ਼ ਕਰਦੇ ਸੀ। ਵਿਚਾਰ ਕਰਦੇ ਸੀ। ਜੇ ਕਿਸੇ ਇੱਕ ਸ਼ਬਦ ਖੋਜਣਾ ਹੋਵੇ ਤਾਂ ਪੂਰੀ ਪੋਥੀ ਹੀ ਪੜ੍ਵਨੀ ਪੈਂਦੀ ਸੀ। ਗੂਗਲ ਜਾਂ ਐਪ ਤੇ ਸਰਚ ਨਹੀਂ ਸੀ ਹੁੰਦੀ। ਸਿੰਘਾਂ ਵਿੱਚ ਵੀ ਜੰਗ ਵਿੱਚ ਜਾਂ ਘਰੋਂ ਦੂਰ ਜਾਣ ਵੇਲੇ ਅਖੰਡ ਪਾਠ ਕਰਨ ਦਾ ਰਿਵਾਜ ਸੀ ਤਾਂ ਕੇ ਬਾਣੀ ਚੇਤੇ ਰਹੇ। ਸਰਦਾਰ ਹਰੀ ਸਿੰਘ ਨਲੂਏ ਵਰਗੇ ਯੋਧੇ ਬਾਰੇ ਵੀ ਇਕ ਕਹਾਣੀ ਪ੍ਰਚਲਿਤ ਹੈ ਕਿ ਉਹਨਾਂ ਜੰਗ ਤੇ ਜਾਣ ਤੋਂ ਪਹਿਲਾਂ ਇੱਕ ਅਖੰਡ ਚੌਕੜੇ ਵਿੱਚ ਪੂਰਾ ਪਾਠ ਕਰਦੇ ਸੀ।

ਹਾਂ ਜੇ ਅੱਜ ਸਿੱਖ ਘਰੇ ਅਖੰਡ ਪਾਠ ਰੱਖ ਕੇ ਬਾਣੀ ਸੁਣਦਾ ਵਿਚਾਰਦਾ ਨਹੀਂ ਤਾਂ ਕਮੀਂ ਸਿੱਖ ਦੀ ਹੋ ਸਕਦੀ ਹੈ, ਪਾਠੀ ਦੀ ਵੀ ਹੋ ਸਕਦੀ ਹੈ ਪਰ ਅਖੰਡ ਪਾਠ ਨੂੰ ਪਖੰਡ ਕਹਿ ਦੇਣਾ ਮੂਰਖਤਾ ਹੈ। ਜਿਵੇਂ ਇੱਕ ਬੱਚਾ ਸਕੂਲ ਵਿੱਚ ਜਾ ਕੇ ਸੁੱਤਾ ਰਹੇ ਤਾਂ ਉਹ ਬੱਚਾ ਗਲਤ ਕਹਾਉਣਾ ਨਾ ਕੇ ਸਕੂਲ ਜਾਂ ਵਿੱਦਿਆ। ਮੈਂ ਜਦੋਂ ਆਪ ਬਾਣੀ ਨਹੀਂ ਸੁਣਦਾ ਪੜ੍ਹਦਾ ਸੀ ਤਾਂ ਕਿਸੇ ਦੇ ਘਰੇ ਅਖੰਡ ਪਾਠ ਤੇ ਜਾਣ ਸਮੇਂ ਪਾਠੀ ਸਿੰਘ ਜਿਹੜੀ ਬਾਣੀ ਪੜ੍ਹ ਰਹੇ ਸੀ ਉਸਨੂੰ ਕੰਨਾਂ ਵਿੱਚ ਪੈਣ ਤੇ ਹੀ ਬਾਣੀ ਨਾਲ ਜੁੜਿਆ। ਮੈਨੂੰ ਪਤਾ ਹੀ ਨਹੀਂ ਸੀ ਕਿ ਬਾਣੀ ਵਿੱਚ ਕਿੰਨੀ ਗਹਿਰੀ ਗੱਲ ਲਿਖੀ ਹੈ। ਜੇ ਉਸ ਦਿਨ ਉਹਨਾਂ ਦੇ ਘਰੇ ਅਖੰਡ ਪਾਠ ਨਾ ਰੱਖਿਆ ਹੁੰਦਾਂ ਤਾਂ ਸ਼ਾਇਦ ਮੈਂ ਇਹ ਲੇਖ ਲਿਖਣ ਲਾਇਕ ਨਾ ਹੁੰਦਾ। ਇਸ ਲਈ ਮੈਂ ਅਖੰਡ ਪਾਠ ਨੂੰ ਗਲਤ ਨਹੀਂ ਆਖਦਾ। ਪਖੰਡ ਤਾਂ ਬਿਲਕੁਲ ਨਹੀਂ ਆਖਦਾ। ਇਹ ਵੀ ਹੁਕਮ ਵਿੱਚ ਹੀ ਹੈ। ਕੀ ਪਤਾ ਮੇਰੇ ਵਰਗੇ ਕਿਸੇ ਤੁਰਦੇ ਫਿਰਦੇ ਬੰਦੇ ਨੂੰ ਇੱਕ ਗੱਲ ਸੁਣ ਕੇ ਹੀ ਗੁਰਬਾਣੀ ਪੜ ਨ ਸੁਣਨ ਸਮਝਣ ਵਿਚਾਰਨ ਦੀ ਪ੍ਰੇਰਨਾ ਮਿਲਣੀ ਹੋਵੇ।

ਸਾਡਾ ਅਖੰਡ ਧਿਆਨ ਉਸ ਵੱਲ ਰਹੇ ਜਿਸਦਾ ਹੁਕਮ ਅਖੰਡ ਹੈ, ਜਿਸਦੀ ਕਿਰਪਾ ਅਖੰਡ ਹੈ, ਜਿਸਦਾ ਪ੍ਰਤਾਪ ਅਖੰਡ ਹੈ “ਪ੍ਰਭਿ ਦਾਸ ਰਖੇ ਕਰਿ ਜਤਨੁ ਆਪਿ॥ ਅਖੰਡ ਪੂਰਨ ਜਾ ਕੋ ਪ੍ਰਤਾਪੁ॥ ਗੁਣ ਗੋਬਿੰਦ ਨਿਤ ਰਸਨ ਗਾਇ॥ ਨਾਨਕੁ ਜੀਵੈ ਹਰਿ ਚਰਣ ਧਿਆਇ॥”। ਸਾਡਾ ਧਿਆਨ ਉਸ ਵੱਲ ਸਦੀਵ ਰਹੇ ਜਿਸਦਾ ਰੂਪ ਅਨੰਤ ਤੇ ਅਖੰਡ ਹੈ “ਜਿਹ ਕੀਨ ਜਗਤ ਪਸਾਰ॥ ਰਚਿਓ ਬਿਚਾਰ ਬਿਚਾਰ॥ ਅਨੰਤ ਰੂਪ ਅਖੰਡ॥ ਅਤੁਲ ਪ੍ਰਤਾਪ ਪ੍ਰਚੰਡ॥” ਜਿਸਦਾ ਪਸਾਰਾ ਸਾਰੇ ਜਗ ਵਿਚ ਹੈ।

ਸਹਿਜ ਪਾਠ

ਸਿੱਖ ਨੂੰ ਸਹਿਜ ਦੀ ਪ੍ਰਾਪਤੀ ਲਈ ਸਹਿਜੇ ਹੀ ਬਾਣੀ ਨੂੰ ਪੜ੍ਹਨਾ ਹੈ। ਜੇ ਬਾਣੀ ਨੂੰ ਪੜ੍ਹ ਕੇ ਸਹਿਜ ਨਹੀਂ ਉਪਜਿਆ, ਜੇ ਗੁਰਬਾਣੀ ਆਖਦੀ ਹੈ “ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ ॥” ਤਾਂ ਫੇਰ ਬਾਣੀ ਨੂੰ ਹੌਲੇ ਹੌਲੇ ਸਮਝ ਸਮਝ ਕੇ ਪੜ੍ਹਨਾ ਪੈਣਾ ਤਾਂ ਕੇ ਹਿਰਦੇ ਵਿੱਚ ਗਿਆਨ ਉਪਜੇ। ਨਾਮ (ਸੋਝੀ) ਪੈਦਾ ਹੋਵੇ। ਜਿਹੜੇ ਸਹਿਜ ਪਾਠ ਕਰ ਰਹੇ ਹਨ ਉਹਨਾਂ ਨੂੰ ਮੁਬਾਰਕਾਂ। ਅਰਦਾਸ ਹੈ ਕੇ ਬਾਣੀ ਉਹਨਾਂ ਦੇ ਹਿਰਦੇ ਵਿੱਚ ਬਸ ਜਾਵੇ, ਉਹਨਾਂ ਨੂੰ ਗੁਰਬਾਣੀ ਤੋਂ ਗਿਆਨ ਪ੍ਰਾਪਤ ਹੋ ਜਾਵੇ। ਬਾਣੀ ਨੂੰ ਸਹਜ ਨਾਲ ਪੜ੍ਹ ਕੇ ਹੀ ਇਹ ਸਮਝ ਲੱਗਣਾ ਕੇ ਗੁਣ ਧਾਰਨ ਕੀਤੇ ਬਿਨਾਂ ਬੁੱਧ ਵਿੱਚ ਸਹਜ ਅਵਸਥਾ ਨਹੀਂ ਬਣਦੀ “ਭਾਈ ਰੇ ਗੁਰ ਬਿਨੁ ਸਹਜੁ ਨ ਹੋਇ ॥”। ਗੁਰ (ਗੁਣਾਂ) ਦੇ ਸ਼ਬਦ ਦੁਆਰਾ ਹੀ ਸਹਜ ਮਿਲਣਾ “ਸਬਦੈ ਹੀ ਤੇ ਸਹਜੁ ਊਪਜੈ ਹਰਿ ਪਾਇਆ ਸਚੁ ਸੋਇ ॥”

ਜੇ ਪੜ੍ਹਨ ਤੋਂ ਹੀ ਟੋਕਦੇ ਰਹੇ ਤਾਂ ਕਿਵੇਂ ਸਹਜ ਬਾਰੇ ਸਮਝ ਲੱਗਣੀ। ਜਿਹੜਾ ਟੋਕ ਰਹਿਆ ਹੈ ਸਹਜ ਤਾਂ ਉਸ ਕੋਲ ਵੀ ਨਹੀਂ ਹੈ। ਟਿਕਾਅ ਨਹੀਂ ਹੈ, ਹੁਕਮ ਦੀ ਸਮਝ ਨਹੀਂ ਹੈ ਇਸ ਲਈ ਬਾਣੀ ਪੜ੍ਹਨਾ ਵੀ ਗਲਤ ਦਿਸ ਰਹਿਆ ਹੈ ਹੁਕਮ ਤੋਂ ਬਾਹਰ ਦਿਸ ਰਹਿਆ ਹੈ ਤਾਂ ਹੀ ਤਲਖਾਈ ਹੈ। “ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ॥”। ਪੜ੍ਹ ਸੁਣ ਕੇ ਹੀ ਰਤਨ ਜਵਾਰ ਮਾਣਕ ਮਤਿ ਵਿੱਚ ਪ੍ਰਾਪਤ ਹੋਣੇ।

ਸੰਪਟ ਪਾਠ

ਸੰਪਟ ਸ਼ਬਦ ਸੰਸਕ੍ਰਿਤ ਤੋਂ ਆਇਆ ਹੈ ਜਿਸਦਾ ਭਾਵ ਹੈ ਜੋੜ, ਸੰਯੋਗ ਜਾਂ ਇਕੱਠ ਹੋਣਾ। ਇਹ ਸ਼ਬਦ ਗੁਰਬਾਣੀ ਵਿੱਚ ਵੀ ਵਰਤਿਆ ਗਿਆ ਹੈ। ਕਈ ਵਾਰ ਅਸੀਂ ਵੀ ਗੁਰਬਾਣੀ ਦੀ ਵਿਆਖਿਆ ਕਰਨ ਲਈ ਕਿਤੇ ਦੂਜੀ ਥਾਂ ਤੇ ਲਿਖੇ ਸ਼ਬਦ ਦਾ ਆਸਰਾ ਲੈਂਦੇ ਹਾਂ, ਉਦਾਹਰਣ ਦਿੰਦੇ ਹਾਂ ਤਾਂ ਕੇ ਗੱਲ ਸਮਝਾਈ ਜਾ ਸਕੇ। ਕੀਰਤਨ ਕਰਦਿਆਂ ਵੀ ਸ਼ਬਦ ਪੜ੍ਹਕੇ ਹੋਏ ਅਸੀਂ ਕਈ ਵਾਰ ਇੱਕ ਪਂਕਤੀ ਜਾਂ ਸ਼ਬਦ ਵਿੱਚ ਦੂਜੇ ਸ਼ਬਦ ਨੂੰ ਜੋੜ ਕੇ ਵੇਖਦੇ ਹਾਂ ਇਹ ਦੱਸਣ ਲਈ ਕੇ ਭਾਈ ਵੇਖੋ ਉੱਥੇ ਦੂਜੀ ਪੰਕਤੀ ਵਿੱਚ ਵੀ ਇਹੀ ਗੱਲ ਲਿਖੀ ਹੈ। ਸੋ ਮੈਨੂੰ ਸੰਪਟ ਪਾਠ ਵਿੱਚ ਕੋਈ ਹਰਜ ਨਹੀਂ ਦਿਸਦਾ ਜਦੋਂ ਤਕ ਸ਼ਬਦਾਂ ਦੀ ਵਰਤੋ reference ਰੂਪ ਦੇ ਵਿੱਚ ਗੁਰਬਾਣੀ ਸਮਝਣ ਲਈ ਹੋਵੇ।

ਗੁਰਬਾਣੀ ਵਿੱਚ ਸੰਪਟ ਸ਼ਬਦ ਦੀ ਵਰਤੋ ਦੇ ਉਦਾਹਰਣ

ਕਕਾ ਕਿਰਣਿ ਕਮਲ ਮਹਿ ਪਾਵਾ॥ ਸਸਿ ਬਿਗਾਸ ਸੰਪਟ ਨਹੀ ਆਵਾ॥ ਅਰੁ ਜੇ ਤਹਾ ਕੁਸਮ ਰਸੁ ਪਾਵਾ॥ ਅਕਹ ਕਹਾ ਕਹਿ ਕਾ ਸਮਝਾਵਾ॥

  • ਸੂਰਜ ਦੀ ਕਿਰਨ ਜਦੋਂ ਕਮਲ ਵਿੱਚ ਪੈਂਦੀ ਹੈ ਤਾਂ ਕਮਲ ਖਿੜ ਪੈਂਦਾ ਹੈ। ਚੰਦ ਦੀ ਠੰਢੀ ਚਾਨਣ ਕਮਲ ਨੂੰ ਸੂਰਜ ਵਾਂਗ ਨਹੀਂ ਖਿੜਾਉਂਦੀ ਉਸ ਵਿੱਚ ਸੰਪਟ (ਜੋੜ) ਨਹੀਂ ਆਉਂਦਾ ਖੁਸ਼ੀ ਨਾਲ; ਕਮਲ ਦਾ ਖਿੜਨਾ ਉਸ ਨੂੰ ਅਨੁਕੂਲ ਸੂਰਜੀ ਕਿਰਨ ਨਾਲ ਹੀ ਹੁੰਦਾ ਹੈ। ਜੇ ਭੌਰਾ ਉਸ ਖਿੜੇ ਫੁੱਲ ਵਿੱਚੋਂ ਰਸ ਪ੍ਰਾਪਤ ਕਰ ਲਏ, ਤਾਂ ਉਹ ਰਸ ਉਸ ਦੇ ਆਪਣੇ ਅਨੁਭਵ ਦੀ ਵਸਤੂ ਬਣ ਜਾਂਦਾ ਹੈ। ਜੋ ਅਨੁਭਵ ਬੋਲਾਂ ਤੋਂ ਪਰੇ ਹੈ, ਉਸ ਨੂੰ ਕਹਿ ਕੇ ਕਿਸ ਤਰ੍ਹਾਂ ਸਮਝਾਇਆ ਜਾ ਸਕਦਾ ਹੈ। ਮਨ-ਕਮਲ ਨੂੰ ਖਿੜਾਉਣ ਵਾਲੀ ਕਿਰਨ ਸੱਚੇ ਗਿਆਨ ਅਤੇ ਗੁਰੂ ਦੀ ਸੂਝ ਹੈ। ਜਦੋਂ ਇਹ ਸੂਝ ਮਨ ਵਿੱਚ ਉਤਰਦੀ ਹੈ, ਤਦ ਮਨੁੱਖ ਨਾਮ ਦੇ ਰੂਪ ਵਿੱਚ ਪਰਮੇਸਰ ਦੀ ਸਰਬ-ਵਿਆਪਕ ਚੇਤਨਾ, ਦਇਆ, ਸੱਚ ਅਤੇ ਨਿਮਰਤਾ ਦੇ ਰਸ ਨੂੰ ਅਨੁਭਵ ਕਰਦਾ ਹੈ। ਇਹ ਅਨੁਭਵ ਬੁੱਧੀ ਨਾਲ ਸਮਝਿਆ ਜਾ ਸਕਦਾ ਹੈ, ਪਰ ਕੇਵਲ ਸ਼ਬਦਾਂ ਨਾਲ ਪੂਰਾ ਨਹੀਂ ਕਿਹਾ ਜਾ ਸਕਦਾ। ਸੂਰਜੀ ਕਿਰਨ ਨਾਲ ਕਮਲ ਦੇ ਖਿੜਨ ਵਾਂਗ, ਸੱਚੀ ਜਾਗਰੂਕਤਾ ਨਾਲ ਮਨ ਖਿੜਦਾ ਹੈ। ਅਤੇ ਉਸ ਖਿੜੇ ਮਨ ਵਿੱਚ ਮਿਲਣ ਵਾਲਾ ਨਾਮ-ਰਸ ਬਿਆਨ ਤੋਂ ਪਰੇ ਅਨੁਭਵ ਹੈ।

ਘੰਟਾ ਜਾ ਕਾ ਸੁਨੀਐ ਚਹੁ ਕੁੰਟ॥ ਆਸਨੁ ਜਾ ਕਾ ਸਦਾ ਬੈਕੁੰਠ॥ ਜਾ ਕਾ ਚਵਰੁ ਸਭ ਊਪਰਿ ਝੂਲੈ॥ ਤਾ ਕਾ ਧੂਪੁ ਸਦਾ ਪਰਫੁਲੈ॥੨॥ ਘਟਿ ਘਟਿ ਸੰਪਟੁ ਹੈ ਰੇ ਜਾ ਕਾ॥ ਅਭਗ ਸਭਾ ਸੰਗਿ ਹੈ ਸਾਧਾ॥ ਆਰਤੀ ਕੀਰਤਨੁ ਸਦਾ ਅਨੰਦ॥ ਮਹਿਮਾ ਸੁੰਦਰ ਸਦਾ ਬੇਅੰਤ॥੩॥

  • ਜਿਸ ਪਰਮੇਸਰ ਦਾ ਘੰਟਾ ਚੌਹਾਂ ਪਾਸਿਆਂ ਸੁਣਿਆ ਜਾਂਦਾ ਹੈ, ਅਰਥਾਤ ਜਿਸ ਦੀ ਹਾਜ਼ਰੀ ਅਤੇ ਪ੍ਰਭਾਵ ਸਾਰੀ ਸ੍ਰਿਸ਼ਟੀ ਵਿੱਚ ਫੈਲਿਆ ਹੋਇਆ ਹੈ। ਉਸ ਦਾ ਆਸਣ ਸਦਾ ਬੈਕੁੰਠ ਹੈ। ਭਾਵ ਇਹ ਨਹੀਂ ਕਿ ਪਰਮੇਸਰ ਕਿਸੇ ਇੱਕ ਥਾਂ ਬੈਠਾ ਹੈ; ਬੈਕੁੰਠ ਇੱਥੇ ਦੁੱਖ, ਡਰ ਅਤੇ ਵਿਕਾਰ ਤੋਂ ਰਹਿਤ ਆਨੰਦਮਈ ਚੇਤਨਾ ਦੀ ਅਵਸਥਾ ਦਾ ਸੰਕੇਤ ਹੈ। ਜਿਸ ਉੱਤੇ ਸਭ ਤੋਂ ਉੱਪਰ ਚਵਰ ਝੂਲ ਰਿਹਾ ਹੈ। ਰਾਜ-ਦਰਬਾਰ ਵਿੱਚ ਚਵਰ ਸਤਿਕਾਰ ਅਤੇ ਸਰਬੋਚਤਾ ਦਾ ਨਿਸ਼ਾਨ ਸੀ। ਇੱਥੇ ਇਹ ਦਰਸਾਉਂਦਾ ਹੈ ਕਿ ਸਰਬ-ਵਿਆਪਕ ਪਰਮੇਸਰ ਸਭ ਤੋਂ ਉੱਚਾ ਹੈ ਅਤੇ ਸਾਰੀ ਸ੍ਰਿਸ਼ਟੀ ਉਸ ਦੀ ਵਿਸ਼ਾਲਤਾ ਦੇ ਅਧੀਨ ਹੈ। ਉਸ ਲਈ ਧੂਪ ਸਦਾ ਮਹਿਕ ਰਹੀ ਹੈ ਅਤੇ ਪ੍ਰਫੁੱਲਤ ਹੈ। ਇਹ ਦ੍ਰਿਸ਼ਟੀ ਦੱਸਦੀ ਹੈ ਕਿ ਕੁਦਰਤ ਦੀ ਸੁਗੰਧ, ਜੀਵਨ ਦੀ ਤਾਜ਼ਗੀ ਅਤੇ ਚੰਗੇ ਗੁਣਾਂ ਦੀ ਖੁਸ਼ਬੂ ਉਸ ਸਰਬ-ਵਿਆਪਕ ਹਸਤੀ ਦੀ ਆਰਤੀ ਹਨ। ਉਸ ਦਾ ਸੰਪਟ (ਜੋੜ) ਹਰ ਹਿਰਦੇ ਵਿੱਚ ਹੈ। ਭਾਵ ਇਹ ਹੈ ਕਿ ਪਰਮੇਸਰ ਕਿਸੇ ਇੱਕ ਮੰਦਰ, ਮਸਜਿਦ ਜਾਂ ਬਾਹਰਲੇ ਸਥਾਨ ਤੱਕ ਸੀਮਿਤ ਨਹੀਂ; ਉਸ ਦੀ ਜੋਤ ਅਤੇ ਚੇਤਨਾ ਹਰ ਜੀਵ ਦੇ ਘਟ, ਅਰਥਾਤ ਅੰਦਰ, ਵਿੱਚ ਮੌਜੂਦ ਹੈ। ਉਸ ਦੀ ਸਭਾ ਅਭੰਗ ਹੈ ਅਤੇ ਸਾਧ ਉਸ ਦੇ ਨਾਲ ਹਨ। ਇਹ ਸਭਾ ਕੋਈ ਭੌਤਿਕ ਦਰਬਾਰ ਨਹੀਂ, ਸਗੋਂ ਸੱਚ, ਦਇਆ, ਨਿਮਰਤਾ ਅਤੇ ਜਾਗਰੂਕਤਾ ਨਾਲ ਜੁੜੇ ਮਨੁੱਖਾਂ ਦੀ ਸੰਗਤ ਹੈ। ਅਜਿਹੀ ਸੰਗਤ ਦੀ ਬੁਨਿਆਦ ਅਟੱਲ ਹੈ। ਉਸ ਦੀ ਆਰਤੀ ਅਤੇ ਕੀਰਤਨ ਸਦਾ ਆਨੰਦਮਈ ਹਨ। ਭਾਵ ਇਹ ਹੈ ਕਿ ਜਦ ਮਨੁੱਖ ਪਰਮੇਸਰ ਨੂੰ ਹਰ ਥਾਂ ਜਾਣਦਾ ਹੈ, ਤਦ ਉਸ ਦਾ ਸਾਰਾ ਜੀਵਨ ਹੀ ਆਦਰ, ਸ਼ੁਕਰਾਨੇ ਅਤੇ ਗੁਣਾਂ ਦੇ ਗਾਇਨ ਦੀ ਆਰਤੀ ਬਣ ਜਾਂਦਾ ਹੈ ਸੰਪਟ ਹੋ ਜਾਂਦਾ ਹੈ। ਪਰਮੇਸਰ ਦੀ ਮਹਿਮਾ ਸੁੰਦਰ ਹੈ ਅਤੇ ਉਸ ਦਾ ਕੋਈ ਅੰਤ ਨਹੀਂ। “ਸੁੰਦਰ” ਇੱਥੇ ਕੇਵਲ ਰੂਪ ਦੀ ਸੁੰਦਰਤਾ ਨਹੀਂ; ਸ੍ਰਿਸ਼ਟੀ ਦੇ ਨਿਯਮ, ਜੀਵਨ ਦੀ ਵਿਭਿੰਨਤਾ, ਦਇਆ ਅਤੇ ਗੁਣਾਂ ਦੀ ਰੌਣਕ ਵੀ ਉਸ ਦੀ ਸੁੰਦਰਤਾ ਹੈ।

ਮਨੁ ਸੰਪਟੁ ਜਿਤੁ ਸਤ ਸਰਿ ਨਾਵਣੁ ਭਾਵਨ ਪਾਤੀ ਤ੍ਰਿਪਤਿ ਕਰੇ॥ ਪੂਜਾ ਪ੍ਰਾਣ ਸੇਵਕੁ ਜੇ ਸੇਵੇ ਇਨੑ ਬਿਧਿ ਸਾਹਿਬੁ ਰਵਤੁ ਰਹੈ॥੩॥

  • ਮਨ ਨੂੰ ਅਜਿਹਾ ਪਵਿੱਤਰ ਪਾਤਰ ਬਣਾਓ ਜਿਸ ਵਿੱਚ ਸੱਚ ਦੇ ਸਰੋਵਰ ਦਾ ਇਸ਼ਨਾਨ ਹੋਵੇ। ਪ੍ਰੇਮ-ਭਾਵ ਦੀ ਪੱਤੀ ਭੇਟ ਕਰਨ ਨਾਲ ਅੰਦਰਲੀ ਤ੍ਰਿਪਤੀ ਹੋ ਜਾਂਦੀ ਹੈ। ਜੇ ਸੇਵਕ ਆਪਣੀ ਜਿੰਦਗੀ, ਆਪਣੀ ਚੇਤਨਾ ਅਤੇ ਆਪਣੀ ਕਰਨੀ ਨੂੰ ਪੂਜਾ ਬਣਾ ਕੇ ਸੇਵਾ ਕਰੇ, ਤਾਂ ਸਾਹਿਬ ਦੀ ਯਾਦ ਅਤੇ ਹਾਜ਼ਰੀ ਉਸ ਦੇ ਅੰਦਰ ਨਿਰੰਤਰ ਵੱਸਦੀ ਰਹਿੰਦੀ ਹੈ। ਸੱਚੀ ਪੂਜਾ ਬਾਹਰੀ ਸਮੱਗਰੀ ਨਾਲ ਨਹੀਂ, ਮਨ ਦੀ ਸਫ਼ਾਈ ਅਤੇ ਪ੍ਰੇਮ-ਭਾਵ ਨਾਲ ਹੁੰਦੀ ਹੈ। ਮਨ ਨੂੰ ਸੱਚ ਦਾ ਸਰੋਵਰ ਬਣਾਉਣਾ, ਪ੍ਰੇਮ ਨੂੰ ਭੇਟ ਬਣਾਉਣਾ ਅਤੇ ਆਪਣੇ ਪ੍ਰਾਣਾਂ ਨਾਲ ਸੇਵਾ ਕਰਨੀ ਇਹੋ ਜਿਹਾ ਜੀਵਨ ਪਰਮੇਸਰ ਦੀ ਸਰਬ-ਵਿਆਪਕ ਹਾਜ਼ਰੀ ਦਾ ਅਨੁਭਵ ਕਰਾਉਂਦਾ ਹੈ। ਮਨ ਦੀ ਸੱਚਾਈ, ਪ੍ਰੇਮ ਦੀ ਭੇਟ ਅਤੇ ਗੁਣਮਈ ਸੇਵਾ ਹੀ ਅਸਲ ਪੂਜਾ ਹਨ; ਇਨ੍ਹਾਂ ਰਾਹੀਂ ਪਰਮੇਸਰ ਦੀ ਚੇਤਨਾ ਅੰਦਰ ਸਦਾ ਵੱਸਦੀ ਮਹਿਸੂਸ ਹੁੰਦੀ ਹੈ।

ਸੋ ਬਾਹਰੀ ਨਾਟਕ ਛੱਡੋ ਕੇ ਬਾਣੀ ਕਿਵੇਂ ਪੜ੍ਹ ਗਾ ਰਹੇ ਹਨ। ਮਨ ਨੂੰ ਗੁਣਾਂ ਨਾਲ ਸੰਪਟ (ਜੋੜ) ਕਰੋ ਇਹ ਭਾਵੇਂ ਸਾਰੇ ਸ਼ਬਦ ਜਿਹੜੇ ਏਕੇ ਦਾ ਗਿਆਨ ਦੇ ਰਹੇ ਹੋਣ ਉਹਨਾਂ ਨੂੰ ਇੱਕਤਰ ਕਰਕੇ ਸੰਪਟ ਕਰ ਕੇ ਮਨ ਵਿੱਚ ਵਸਾ ਲਵੋ। ਪੱਕਾ ਸੰਪਟ ਕਰ ਲਵੋ।

ਚੌਪਿਹਰਾ

ਕੁੱਝ ਵੀਰ ਭੈਣਾਂ ਚੌਪਿਹਰੇ ਦੇ ਨਾਮ ਹੇਠ ਬਾਣੀ ਪੜ੍ਹਦੇ ਹਨ। ਗੁਰਬਾਣੀ ਆਖਦੀ ਹੈ “ਆਠ ਪਹਿਰ ਅਰਾਧ “ਆਠ ਪਹਰ ਆਰਾਧੀਐ ਪੂਰਨ ਸਤਿਗੁਰ ਗਿਆਨੁ ॥”। ਜਿਹਨਾਂ ਨੂੰ ਨਸ਼ਿਆਂ ਤੋਂ ਹਟਾ ਕੇ, ਸਮਾਂ ਬਰਬਾਦ ਕਰਨ ਤੋਂ ਹਟਾ ਕੇ ਹੁਕਮ ਵਿੱਚ ਚੌਪਿਹਰੇ ਤੱਕ ਲਿਆਣ ਦੀ ਸੋਝੀ ਦਿੱਤੀ ਹੈ ਰਰਿ ਨੇ, ਅੱਗੇ ਆਠ ਪਹਿਰ ਅਰਾਧਣ ਦੀ ਸੋਝੀ ਵੀ ਹੋ ਜਾਣੀ। ਜਿਸਨੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਹੈ ਉਸਨੂੰ ਰੋਕਣ ਟੋਕਣ ਦੀ ਥਾਂ ਗੁਰਬਾਣੀ ਨੂੰ ਪੜ੍ਹ ਕੇ ਸਮਝ ਕੇ ਵਿਚਾਰ ਕੇ ਗੁਣ ਧਾਰਣ ਕਰਨ ਦੇ ਲਈ ਵੀ ਪ੍ਰੇਰਿਤ ਕਰੋ। ਗੁਰਬਾਣੀ ਦਾ ਹੀ ਫੁਰਮਾਨ ਹੈ “ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ ॥”।

ਨਿਤਨੇਮ

ਨਿਤ ਤੋਂ ਭਾਵ ਹੈ ਰੋਜ ਦਾ ਜਾਂ ਰੋਜਾਨਾ। ਨੇਮ ਦਾ ਅਰਥ ਹੁੰਦਾ ਹੈ ਨੀਅਮ। ਨਿਤਨੇਮ ਤੋਂ ਭਾਵ ਹੈ ਰੋਜ ਦਾ ਨੀਅਮ। ਸਿੱਖ ਨੇ ਖਾਸ ਕਰਕੇ ਖੰਡੇ ਦੀ ਪਾਹੁਲ ਜਿਸਨੇ ਲਈ ਹੈ, ਜੋ ਅਕਾਲ ਦਾ ਫੌਜੀ ਹੈ ਉਸ ਨੇ ਇਹ ਫੌਜੀ ਨੀਅਮ ਧਾਰਨ ਇਸ ਲਈ ਕਰਨਾ ਹੈ ਤਾਂ ਕੇ ਜਿਹੜੀਆਂ ਬਾਣੀਆਂ ਵਿੱਚ ਸਿੱਖੀ ਦਾ ਮੂਲ ਉਪਦੇਸ਼ ਦਾ ਸਾਰ ਹੈ ਉਹ ਦ੍ਰਿੜ ਕਰਨਾ ਹੈ ਚੇਤੇ ਰੱਖਣਾ ਹੈ। ਇਹ ਗੁਰਸਿੱਖ ਲਈ ਚੇਤੇ ਰੱਖਣ ਲਈ ਸਹਾਇਕ ਹੈ ਕੇ ਗੁਰਬਾਣੀ ਦਾ ਜੋ ਮੂਲ ਉਪਦੇਸ਼ ਹੈ ਉਹ ਸਮਝ ਕੇ ਅੱਗੇ ਸਮਝਾਇਆ ਜਾ ਸਕੇ। ਇਸ ਲਈ ਜ਼ਰੂਰੀ ਹੈ ਕੇ ਨਿਤਨੇਮ ਦੀਆਂ ਬਾਣੀਆਂ ਦੇ ਅਰਥ ਸਿੱਖ ਨੂੰ ਪਤਾ ਹੋਣ। ਜਪ ਬਾਣੀ ਵਿੱਚ ਅਕਾਲ, ਸਿੱਖੀ, ਅਧਿਆਤਮ, ਗੁਣ, ਬੁੱਧ ਦੇ ਖੰਡ, ਹੁਕਮ, ਕਰਮ (ਅਕਾਲ ਦੀ ਦਇਆ) ਵਰਗੇ ਕੁੱਝ ਮੂਲ ਸਿਧਾਂਤ ਦ੍ਰਿੜ ਹੁੰਦੇ ਹਨ। ਹੁਕਮੀ ਤੇ ਹੁਕਮ ਦੇ ਵਰਤਾਰੇ ਬਾਰੇ ਪਤਾ ਚਲਦਾ ਹੈ। ਭਗਤ ਤੇ ਭਗਤੀ ਦੀ ਮੱਤ ਬਾਰੇ ਪਤਾ ਲਗਦਾ ਹੈ। ਜਾਪ ਬਾਣੀ ਵਿੱਚ ਅਕਾਲ ਦੇ ਗੁਣ ਵਿਸਥਾਰ ਨਾਲ ਸਮਝਾਏ ਗਏ ਹਨ। ਉਹ ਕੀ ਕਰਦਾ, ਉਸਦਾ ਨਿਵਾਸ ਪੂਰੀ ਸ੍ਰਿਸਟੀ ਵਿੱਚ ਹੈ ਇਹ ਦ੍ਵਿੜ ਹੁੰਦਾ ਹੈ। ਤਵ ਪ੍ਰਸਾਦ ਸਵਈਏ ਬਾਣੀ ਗੁਰਪ੍ਰਸਾਦ ਬਾਰੇ ਸਮਝਾਉਣ ਦਾ ਕੰਮ ਕਰਦੀ ਹੈ। ਜਿਹੜੇ ਆਪਣੇ ਆਪ ਨੂੰ ਵੱਡਾ ਮੰਨ ਕੇ ਅਹੰਕਾਰ ਵਿੱਚ ਫਸੇ ਹੋਏ ਹਨ ਉਹਨਾਂ ਨੂੰ ਚੇਤੇ ਕਰਾਇਆ ਜਾ ਰਹਿਆ ਹੈ ਕੇ ਵਰਤਾਰਾ ਹੁਕਮ ਦਾ ਹੈ। ਚੌਪਈ ਬਾਣੀ ਵਿੱਚ ਅਕਾਲ ਦੀ ਸਮਝ ਗਹਿਰੀ ਹੁੰਦੀ ਹੈ। ਅਕਾਲ ਦਾ ਚਰਿੱਤਰ ਸਮਝ ਆਉਂਦਾ ਹੈ। ਅਨੰਦ ਬਾਣੀ ਵਿੱਚ ਸਹਿਜ ਅਨੰਦ ਦੀ ਅਵਸਥਾ ਕਿਵੇਂ ਬਣਦੀ ਹੈ ਸੱਚੇ ਦੇ ਗੁਣ ਪ੍ਰਾਪਤ ਹੋਣ ਤੇ ਉਹ ਸਮਝਾਇਆ ਜਾ ਰਹਿਆ ਹੈ। ਅਨੰਦ ਕਿਵੇਂ ਪ੍ਰਾਪਤ ਹੋਣਾ ਸਮਝ ਲਗਦਾ ਹੈ। ਇੱਕ ਹੁੰਦੀ ਹੈ ਆਸ ਤੇ ਇੱਕ ਹੈ ਰਹਿਰਾਸ ਭਾਵ ਰਜਾ। ਪੂਰੇ ਦਿਨ ਵਿੱਚ ਜੋ ਘਟਿਆ, ਜੋ ਹੋਇਆ ਅੱਗੇ ਜੋ ਹੋ ਰਹਿਆ ਹੈ ਉਹ ਵੀ ਹੁਕਮ ਹੈ, ਹੁਕਮ ਰਜਾ ਨੂੰ ਸਮਝ ਕੇ ਸਹਿਜ ਦੀ ਸੋਝੀ ਹੈ ਇਸ ਬਾਣੀ ਵਿੱਚ। ਸੋਹਿਲਾ ਬਾਣੀ ਵਿੱਚ ਸਬ ਹੁਕਮ ਵਿੱਚ ਚਲ ਰਹਿਆ ਹੈ। ਪੂਰੀ ਸ੍ਰਿਸਟੀ ਕਿਵੇਂ ਹੁਕਮ ਮੰਨ ਰਹੀ ਹੈ ਸਮਝਾ ਕੇ ਮਨੁੱਖ ਨੂੰ ਠਹਿਰਾਓ ਵਿੱਚ ਲੈਕੇ ਆਉਂਦੀ ਹੈ। ਮੈਂ ਜਦੋਂ ਇਹ ਬਾਣੀ ਸਮਝ ਕੇ ਪੜ੍ਹਦਾ ਹਾਂ ਤਾਂ ਯਕੀਨ ਜਾਣਿਓ ਪੂਰੇ ਦਿਨ ਦੀ ਥਕਾਨ ਮੁੱਕ ਜਾਂਦੀ ਹੈ। ਇੱਕ ਬਿਆਨ ਤੋਂ ਪਰੇ ਵਾਲੇ ਸੁੱਖ ਦਾ ਅਹਿਸਾਸ ਹੁੰਦਾ ਹੈ। ਮਨ ਵਿੱਚ ਕਿਸੇ ਵੀ ਤਰਾਂ ਦੀ ਹਲਚਲ, ਬੇਚੈਨੀ ਨਹੀਂ ਰਹਿੰਦੀ।

ਇਸ ਤੋਂ ਇਲਾਵਾ ਕਈ ਬਾਣੀਆਂ ਜਦੋਂ ਸਮਾਂ ਲੱਗੇ ਪੜ੍ਹ ਲੈਂਣਾ ਹਾਂ ਜਾਂ ਸੁਣ ਲੈਂਦਾ ਹਾਂ। ਚੇਤੇ ਰੱਖਦਾ ਹਾਂ ਜੋ ਗੁਰੂ ਸਾਹਿਬਾਨ ਨੇ ਸਾਨੂੰ ਗਿਆਨ ਦਾ ਖਜਾਨਾ ਬਖਸ਼ਿਆ ਹੈ। ਮੈਨੂੰ ਲਗਦਾ ਹੈ ਕਿ ਜਿਹੜਾ ਸਮਾਂ ਮੈਂ ਬਾਣੀ ਪੜ੍ਹਨ ਸੁਣਨ ਸਮਝਣ ਵਿਚਾਰਨ ਵਿੱਚ ਬਤੀਤ ਕਰਦਾ ਹਾਂ ਉਹ ਵਿਆਰਥ ਨਹੀਂ ਗਿਆ। ਬਾਣੀ ਪੜ੍ਹਨ ਲੱਗੇ ਸੰਸਾਰੀ ਚਿੰਤਾ ਮੁੱਕ ਜਾਂਦੀ ਹੈ।

ਇਸ ਲਈ ਬੇਨਤੀ ਹੈ ਕੇ ਜਿਹੜਾ ਵੀ ਪ੍ਰਾਣੀ ਬਾਣੀ ਪੜ੍ਹ ਰਹਿਆ ਹੈ, ਸੁਣ ਰਹਿਆ ਹੈ ਜਿਵੇਂ ਵੀ ਪੜ੍ਹ ਸੁਣ ਰਹਿਆ ਹੈ ਉਸ ਨੂੰ ਮੰਦਾ ਨਾ ਆਖੋ। ਜੇ ਪਾਠੀ, ਰਾਗੀ, ਗਿਆਨੀ, ਗ੍ਰੰਥੀ ਸਿੰਘ ਬਾਣੀ ਪੜ੍ਹ, ਗਾਉਣ ਦੇ ਪੈਸੇ ਵੀ ਲੈ ਰਹੇ ਹਨ, ਕੋਈ ਵੱਡੀ ਹਰਜ ਨਹੀਂ । ਸਿੱਖਾਂ ਨੂੰ ਬਾਣੀ ਪੜ੍ਹਨ ਲਈ ਪ੍ਰੇਰਿਤ ਕਰੋ। ਜੋ ਅੱਜ ਪੜ੍ਹ ਰਹਿਆ ਹੈ ਸੁਣ ਰਹਿਆ ਹੈ ਉਹ ਸਮਝਣ ਵਿਚਾਰਨ ਵੀ ਲੱਗ ਜਾਣਾ। ਜਿਵੇਂ ਤੁਹਾਡਾ ਜਵਾਕ ਜੇ ਕਲਾਸ ਵਿੱਚ ਦੂਜੇ ਨੰਬਰ ਤੇ ਆਇਆ ਹੈ ਜਾਂ ਦੱਸਵੇਂ ਨੰਬਰ ਤੇ ਆਇਆ ਹੈ ਉਸਨੂੰ ਦੁਤਕਾਰੋ ਨਾ, ਫੇਲ ਵੀ ਹੋ ਗਿਆ ਤਾਂ ਦੁਤਕਾਰੋ ਨਾ। ਉਸ ਨੂੰ ਪ੍ਰੇਰਿਤ ਕਰੋ ਹੋਰ ਮਿਹਨਤ ਕਰਨ ਲਈ। ਮਦਦ ਕਰੋ। ਦੁਤਕਾਰ ਨਾਲ ਇਨਸਾਨ ਦਾ ਭਰੋਸਾ ਤੇ ਵਿਸ਼ਵਾਸ ਟੁੱਟਦਾ ਹੈ। ਪ੍ਰੇਰਿਤ ਕਰਨ ਨਾਲ ਉਸ ਵਿੱਚ ਜਿਗਿਆਸਾ ਵੱਧ ਜਾਣੀ। ਜਿਹੜਾ ਵੀ ਪਾਠ ਕਰ ਰਹਿਆ ਹੈ ਉਸਨੂੰ ਸਮਝਣ ਲਈ ਪ੍ਰੇਰਿਤ ਕਰੋ। ਕਹੋ ਚੰਗਾ ਕਰ ਰਹਿਆ ਹੈ ਹੋਰ ਅੱਗੇ ਵਧੇ। ਜਿਹੜਾ ਗਲਤ ਕਰਦਾ ਵੀ ਦਿਸ ਰਹਿਆ ਹੈ ਤਾਂ ਚੇਤੇ ਰੱਖੋ ਕੇ ਸਬ ਹੁਕਮ ਵਿੱਚ ਹੀ ਹੈ। ਕੁੱਝ ਵੀ ਹੁਕਮ ਤੋਂ ਬਾਹਰ ਨਹੀਂ ਹੈ। ਚੇਤੇ ਰੱਖੋ ਕੇ “ਅਪਨੈ ਰੰਗਿ ਕਰਤਾ ਕੇਲ॥ ਆਪਿ ਬਿਛੋਰੈ ਆਪੇ ਮੇਲ॥ ਇਕਿ ਭਰਮੇ ਇਕਿ ਭਗਤੀ ਲਾਏ॥ ਅਪਣਾ ਕੀਆ ਆਪਿ ਜਣਾਏ॥” ਤੁਸੀਂ ਬਸ ਅਗਲੇ ਨੂੰ ਪੋਜਿਟਿਵ ਕਰਨਾ ਹੈ ਪ੍ਰੋਤਸਾਹਨ ਹੀ ਦੇਣਾ ਹੈ। ਆਸ ਰੱਖਦਾ ਹਾਂ ਕੇ ਅਸੀਂ ਸਾਰੇ ਧੁਰ ਕੀ ਬਾਣੀ ਨੂੰ ਰਲ ਮਿਲ ਕੇ ਸਮਝੀਏ ਤੇ ਏਕਾ ਰੱਖੀਏ, ਸੁਹਿਰਦ ਤੇ ਗੁਣਾਂ ਦੀ ਵਿਚਾਰ ਕਰੀ ਚੱਲੀਏ।

Resize text