Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਚਰਿਤ੍ਰੋਪਖ੍ਯਾਨ ਖੋੜਸਮੋ/ ਸੋਲਾਂ (੧੬) – Charitropakhyan charitra ੧੬

ਚਰਿੱਤਰ ਖੋੜਸਮੋ (੧੬) – ਕਥਾ ਸਿਆਣੇ ਚੰਗੇ ਕਿਰਦਾਰ ਵਾਲੇ ਰਾਜੇ ਦੀ ਜੋ ਸਤਲੁਜ ਦੇ ਕੰਡੇ ਰਹਿੰਦਾ ਸੀ ਤੇ ਤ੍ਰੀਆ ਚਰਿੱਤਰ ਦੀ ਜਿਸਨੇ ਆਪਣੇ ਘਰੇ ਰਾਜੇ ਨੂੰ ਧੋਖੇ ਨਾਲ ਬੁਲਾਇਆ। ਇਹ ਕਿਰਦਾਰ ਹੈ ਕੇ ਰਾਜਾ ਕਿਵੇਂ ਚਾਲਾਕੀ ਨਾਲ ਬਚ ਕੇ ਨਿਕਲਦਾ ਹੈ। ਚਰਿਤ੍ਰੋਪਖ੍ਯਾਨ ॥ ਸ੍ਰੀ ਦਸਮ ਗ੍ਰੰਥ ਸਾਹਿਬ ਜੀ

ਦੋਹਰਾ॥ ਤੀਰ ਸਤੁਦ੍ਰਵ ਕੇ ਹੁਤੋ ਰਹਤ ਰਾਇ ਸੁਖ ਪਾਇ॥ ਦਰਬ ਹੇਤ ਤਿਹ ਠੌਰ ਹੀ ਰਾਮਜਨੀ ਇਕ ਆਇ॥੧॥ – ਸਤਲੁਜ ਦਰੀਆ ਦੇ ਲਾਗੇ ਇਕ ਰਾਜਾ ਸੁਖ ਨਾਲ ਰਹਿੰਦਾ ਸੀ।

ਅੜਿਲ॥ ਛਜਿਯਾ ਜਾ ਕੋ ਨਾਮ ਸਕਲ ਜਗ ਜਾਨਈ॥ ਲਧੀਆ ਵਾ ਕੀ ਨਾਮ ਹਿਤੂ ਪਹਿਚਾਨਈ॥ ਜੋ ਕੋਊ ਪੁਰਖ ਬਿਲੋਕਤ ਤਿਨ ਕੋ ਆਇ ਕੈ॥ ਹੋ ਮਨ ਬਚ ਕ੍ਰਮ ਕਰਿ ਰਹਿਤ ਹ੍ਰਿਦੈ ਸੁਖੁ ਪਾਇ ਕੈ॥੨॥ – ਉਸਦਾ ਨਾਮ ਸਾਰੇ ਜਗਤ ਵਿੱਚ ਛਾਇਆ ਸੀ ਉਸਦੀ ਨੇਕੀ ਤੇ ਉਸਦੇ ਗੁਣਾਂ ਕਾਰਣ। ਜੋ ਵੀ ਮਨੁੱਖ ਉਸਦੇ ਕੋਲ ਆ ਕੇ ਉਸਨੂੰ ਮਿਲਦਾ ਹੈ, ਉਹ ਮਨ, ਬਚਨ ਅਤੇ ਕਰਮ ਨਾਲ ਸਾਫ਼ ਰਹਿ ਕੇ ਦਿਲ ਵਿੱਚ ਸੁਖ ਪਾ ਲੈਂਦਾ ਸੀ। ਰਾਜਾ ਅਪਣੇ ਕਿਰਦਾਰ ਲਈ ਜਾਣਿਆ ਜਾਂਦਾ ਸੀ।

ਦੋਹਰਾ॥ ਨਿਰਖਿ ਰਾਇ ਸੌ ਬਸਿ ਭਈ ਤਿਸ ਬਸਿ ਹੋਤ ਨ ਸੋਇ॥ ਤਿਨ ਚਿਤ ਮੈ ਚਿੰਤਾ ਕਰੀ ਕਿਹ ਬਿਧਿ ਮਿਲਬੌ ਹੋਇ॥੩॥ ਯਹ ਮੋ ਪਰ ਰੀਝਤ ਨਹੀ ਕਹੁ ਕਸ ਕਰੋ ਉਪਾਇ॥ ਮੋਰੇ ਸਦਨ ਨ ਆਵਈ ਮੁਹਿ ਨਹਿ ਲੇਤ ਬੁਲਾਇ॥੪॥ – ਰਾਜੇ ਨੂੰ ਵੇਖ ਕੇ ਇੱਕ ਇਸਤ੍ਰੀ ਦਾ ਮਨ ਰਾਜੇ ਤੇ ਆ ਗਿਆ। ਉਹ ਉਸਦੇ ਮੋਹ ਵਿੱਚ ਫਸ ਗਈ, ਪਰ ਰਾਜਾ ਉਸਦੇ ਵੱਸ ਵਿੱਚ ਨਹੀਂ ਆਉਣ ਵਾਲਾ ਸੀ। ਉਸਨੇ ਆਪਣੇ ਮਨ ਵਿੱਚ ਸੋਚਿਆ ਕਿ ਹੁਣ ਮੈਂ ਕਿਸ ਤਰੀਕੇ ਨਾਲ ਰਾਜੇ ਨੂੰ ਆਪਣੇ ਵੱਸ ਵਿੱਚ ਕਰਾਂ। ਉਸਨੇ ਸੋਚਿਆ ਇਹ ਮੇਰੇ ਉੱਤੇ ਮੋਹਿਤ ਨਹੀਂ ਹੁੰਦਾ, ਮੈਂ ਕੀ ਉਪਾਇ ਕਰਾਂ।

ਤੁਰਤੁ ਤਵਨ ਕੋ ਕੀਜਿਯੈ ਕਿਹ ਬਿਧਿ ਮਿਲਨ ਉਪਾਇ॥ ਜੰਤ੍ਰ ਮੰਤ੍ਰ ਚੇਟਕ ਚਰਿਤ੍ਰ ਕੀਏ ਜੁ ਬਸਿ ਹ੍ਵੈ ਜਾਇ॥੫॥ ਜੰਤ੍ਰ ਮੰਤ੍ਰ ਰਹੀ ਹਾਰਿ ਕਰਿ ਰਾਇ ਮਿਲ੍ਯੋ ਨਹਿ ਆਇ॥ ਏਕ ਚਰਿਤ੍ਰ ਤਬ ਤਿਨ ਕਿਯੋ ਬਸਿ ਕਰਬੇ ਕੇ ਭਾਇ॥੬॥ – ਇਸਨੂੰ ਤੁਰੰਤ ਵੱਸ ਕਰਨ ਦਾ ਕੀ ਉਪਾਅ ਕੀਤਾ ਜਾਵੇ। ਉਸਨੂੰ ਵਸ਼ ਵਿਚ ਕਰਨ ਲਈ ਜੰਤ੍ਰ ਮੰਤ੍ਰ ਟੋਨੇ ਅਤੇ ਚਾਲਾਕੀਆਂ ਕੀਤੀਆਂ ਪਰ ਰਾਜੇ ਦੇ ਚੰਗੇ ਕਿਰਦਾਰ ਕਾਰਣ ਉਹ ਵੱਸ ਨਹੀਂ ਆਇਆ। ਫਿਰ ਉਸਨੂੰ ਵਸ਼ ਵਿਚ ਕਰਨ ਦੀ ਨੀਅਤ ਨਾਲ ਇਕ ਹੋਰ ਚਾਲ ਚਲੀ ਗਈ।

ਬਸਤ੍ਰ ਸਭੈ ਭਗਵੇ ਕਰੇ ਧਰਿ ਜੁਗਿਯਾ ਕੋ ਭੇਸ॥ ਸਭਾ ਮਧ੍ਯ ਤਿਹ ਰਾਇ ਕੌ ਕੀਨੋ ਆਨਿ ਅਦੇਸ॥੭॥ ਅੜਿਲ॥ ਤਿਹ ਜੁਗਿਯਹਿ ਲਖਿ ਰਾਇ ਰੀਝਿ ਚਿਤ ਮੈ ਰਹਿਯੋ॥ ਜਾ ਤੇ ਕਛੁ ਸੰਗ੍ਰਹੌ ਮੰਤ੍ਰ ਮਨ ਮੋ ਚਹਿਯੋ॥ ਤਿਹ ਗ੍ਰਿਹਿ ਦਿਯੋ ਪਠਾਇਕ ਦੂਤ ਬੁਲਾਇ ਕੈ॥ ਹੋ ਕਲਾ ਸਿਖਨ ਕੇ ਹੇਤ ਮੰਤ੍ਰ ਸਮਝਾਇ ਕੈ॥੮॥ – ਇਸਤ੍ਰੀ ਸਾਰੇ ਭਗਵੇ ਰੰਗ ਦੇ ਕੱਪੜੇ ਪਾ ਲਏ ਅਤੇ ਜੋਗੀ ਦਾ ਭੇਸ ਬਣਾ ਲਿਆ। ਸਭਾ ਦੇ ਵਿੱਚ ਜਾ ਕੇ ਰਾਜੇ ਨੂੰ ਆਦੇਸ਼ ਦਿੱਤਾ। ਉਸ ਜੋਗੀ ਨੂੰ ਦੇਖ ਕੇ ਰਾਜਾ ਮਨੋਂ ਮਨ ਪ੍ਰਸੰਨ ਹੋ ਗਿਆ। ਰਾਜੇ ਨੂੰ ਲੱਗਾ ਜੋਗੀ ਬਹੁਤ ਪਹੁੰਚਿਆ ਹੋਇਆ ਹੈ। ਰਾਜੇ ਦੇ ਮਨ ਵਿਚ ਇੱਛਾ ਹੋਈ ਕਿ ਇਸ ਤੋਂ ਕੁਝ ਗੁਰ ਮੰਤ੍ਰ ਸਿੱਖ ਲਿੱਤੇ ਜਾਣ। ਰਾਜੇ ਨੇ ਦੂਤ ਭੇਜ ਕੇ ਉਸ ਜੋਗੀ ਨੂੰ ਆਪਣੇ ਘਰ ਬੁਲਾਇਆ ਤੇ ਕਲਾ ਸਿੱਖਣ ਦੀ ਇੱਛਾ ਜਾਹਿਰ ਕੀਤੀ।

ਚੌਪਈ॥ ਚਲਿ ਸੇਵਕ ਜੁਗਿਯਾ ਪਹਿ ਆਵਾ॥ ਰਾਇ ਕਹਿਯੋ ਸੋ ਤਾਹਿ ਜਤਾਵਾ॥ ਕਛੂ ਮੰਤ੍ਰ ਮੁਰ ਈਸਹਿ ਦੀਜੈ॥ ਕ੍ਰਿਪਾ ਜਾਨਿ ਕਾਰਜ ਪ੍ਰਭੁ ਕੀਜੈ॥੯॥ ਦੋਹਰਾ॥ ਪਹਰ ਏਕ ਲੌ ਛੋਰਿ ਦ੍ਰਿਗ ਕਹੀ ਜੋਗ ਯਹਿ ਬਾਤ॥ ਲੈ ਆਵਹੁ ਰਾਜਹਿ ਇਹਾ ਜੌ ਗੁਨ ਸਿਖ੍ਯੋ ਚਹਾਤ॥੧੦॥ ਅਰਧ ਰਾਤ ਬੀਤੈ ਜਬੈ ਆਵੈ ਹਮਰੇ ਪਾਸ॥ ਸ੍ਰੀ ਗੋਰਖ ਕੀ ਮਯਾ ਤੇ ਜੈ ਹੈ ਨਹੀ ਨਿਰਾਸ॥੧੧॥ – ਰਾਜੇ ਦੇ ਹੁਕਮ ਅਨੁਸਾਰ ਸੇਵਕ ਜੋਗੀ ਕੋਲ ਗਿਆ ਅਤੇ ਉਸਨੂੰ ਸਾਰਾ ਸੰਦੇਸ਼ ਸਮਝਾਇਆ। ਉਸਨੇ ਜੋਗੀ ਅੱਗੇ ਬੇਨਤੀ ਕੀਤੀ ਕਿ ਮੈਨੂੰ ਕੋਈ ਮੰਤ੍ਰ ਦਿਓ ਅਤੇ ਕਿਰਪਾ ਕਰਕੇ ਮੇਰਾ ਕੰਮ ਸਫਲ ਕਰੋ। ਜੋਗੀ ਨੇ ਸਮੇਂ ਲਈ ਆਪਣੀਆਂ ਅੱਖਾਂ ਬੰਦ ਕੀਤੀਆਂ ਤੇ ਕਹਿਆ ਰਾਜੇ ਨੂੰ ਇੱਥੇ ਲਿਆਓ ਜੇ ਉਹ ਗੁਣ ਸਿੱਖਣਾ ਚਾਹੁੰਦਾ ਹੈ। ਫਿਰ ਉਸਨੇ ਕਿਹਾ ਕਿ ਜਦੋਂ ਅੱਧੀ ਰਾਤ ਲੰਘ ਜਾਵੇ ਤਾਂ ਰਾਜਾ ਮੇਰੇ ਕੋਲ ਆਵੇ। ਤਾਂ ਸ੍ਰੀ ਗੋਰਖਨਾਥ ਦੀ ਕਿਰਪਾ ਨਾਲ ਉਹ ਨਿਰਾਸ ਨਹੀਂ ਹੋਵੇਗਾ, ਅਰਥਾਤ ਉਸਦੀ ਮਨੋਰਥ ਪੂਰੀ ਹੋ ਜਾਵੇਗੀ।

ਚੌਪਈ॥ ਸੇਵਕ ਤਾ ਸੋ ਜਾਇ ਸੁਨਾਯੋ॥ ਅਰਧ ਰਾਤ੍ਰ ਬੀਤੇ ਸੁ ਜਗਾਯੋ॥ ਤਾ ਜੁਗਿਯਾ ਕੇ ਗ੍ਰਿਹ ਲੈ ਆਯੋ॥ ਹੇਰਿ ਰਾਇ ਤ੍ਰਿਯ ਅਤਿ ਸੁਖ ਪਾਯੋ॥੧੨॥ ਦੋਹਰਾ॥ ਰਾਜਾ ਸੋ ਆਇਸੁ ਕਹੀ ਦੀਜੈ ਲੋਗ ਉਠਾਹਿ॥ ਧੂਪ ਦੀਪ ਅਛਤ ਪੁਹਪ ਆਛੋ ਸੁਰਾ ਮੰਗਾਇ॥੧੩॥ ਤਬ ਰਾਜੈ ਤੈਸੋ ਕੀਆ ਲੋਗਨ ਦਿਯਾ ਉਠਾਇ॥ ਧੂਪ ਦੀਪ ਅਛਤ ਪੁਹਪ ਆਛੋ ਸੁਰਾ ਮੰਗਾਇ॥੧੪॥ – ਸੇਵਕ ਨੇ ਜਾ ਕੇ ਜੋ ਕੁਝ ਸੁਣਿਆ ਸੀ ਉਹ ਸਭ ਰਾਜੇ ਨੂੰ ਦੱਸ ਦਿੱਤਾ ਅਤੇ ਅੱਧੀ ਰਾਤ ਲੰਘਣ ਉਪਰਾਂਤ ਰਾਜੇ ਨੂੰ ਜਗਾਇਆ। ਫਿਰ ਉਹ ਰਾਜੇ ਨੂੰ ਜੋਗੀ ਦੇ ਘਰ ਲੈ ਗਿਆ। ਜੋਗੀ ਨੂੰ ਵੇਖ ਕੇ ਇਸਤ੍ਰੀ ਨੂੰ ਬਹੁਤ ਖੁਸ਼ੀ ਹੋਈ ਅਤੇ ਉਸਨੇ ਮਨ ਹੀ ਮਨ ਸੁਖ ਮਹਿਸੂਸ ਕੀਤਾ। ਇਸ ਤੋਂ ਬਾਅਦ ਰਾਜੇ ਨੂੰ ਆਦੇਸ਼ ਦਿੱਤਾ ਗਿਆ ਕਿ ਸਭ ਲੋਕਾਂ ਨੂੰ ਉਠਾ ਕੇ ਬਾਹਰ ਭੇਜ ਦਿੱਤਾ ਜਾਵੇ ਅਤੇ ਧੂਪ ਦੀਵੇ, ਅੱਖਤ, ਫੁੱਲ ਅਤੇ ਚੰਗੀ ਸ਼ਰਾਬ ਮੰਗਵਾਈ ਜਾਵੇ। ਰਾਜੇ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ, ਲੋਕਾਂ ਨੂੰ ਉਠਾ ਕੇ ਬਾਹਰ ਭੇਜ ਦਿੱਤਾ ਅਤੇ ਜੋ ਕੁਝ ਮੰਗਿਆ ਗਿਆ ਸੀ ਉਹ ਸਭ ਮੰਗਵਾ ਲਿਆ।

ਤਬ ਰਾਜੇ ਅਪਨੇ ਸਭਨ ਲੋਗਨ ਦਿਯਾ ਉਠਾਇ॥ ਆਪੁ ਇਕੇਲੋ ਹੀ ਰਹਿਯੋ ਮੰਤ੍ਰ ਹੇਤ ਸੁਖ ਪਾਇ॥੧੫॥ ਚੌਪਈ॥ ਰਹਿਯੋ ਇਕੇਲੋ ਰਾਇ ਨਿਹਾਰਿਯੋ॥ ਤਬ ਜੋਗੀ ਇਹ ਭਾਤਿ ਉਚਾਰਿਯੋ॥ ਚਮਤਕਾਰ ਇਕ ਤੌਹਿ ਦਿਖੈਹੌ॥ ਤਿਹ ਪਾਛੈ ਤੁਹਿ ਮੰਤ੍ਰ ਸਿਖੈਹੌ॥੧੬॥ ਦੋਹਰਾ॥ ਹੋਤ ਪੁਰਖ ਤੇ ਮੈ ਤ੍ਰਿਯਾ ਤ੍ਰਿਯ ਤੇ ਨਰ ਹ੍ਵੈ ਜਾਉ॥ ਨਰ ਹ੍ਵੈ ਸਿਖਵੌ ਮੰਤ੍ਰ ਤੁਹਿ ਤ੍ਰਿਯ ਹ੍ਵੈ ਭੋਗ ਕਮਾਉ॥੧੭॥ – ਰਾਜੇ ਨੇ ਆਪਣੇ ਸਾਰੇ ਲੋਕਾਂ ਨੂੰ ਹਟਾ ਦਿੱਤਾ ਅਤੇ ਆਪ ਇਕੱਲਾ ਰਹਿ ਗਿਆ ਤਾਂ ਜੋ ਮੰਤ੍ਰ ਸਿੱਖ ਕੇ ਮਨ ਦੀ ਇੱਛਾ ਪੂਰੀ ਕਰ ਸਕੇ। ਜਦੋਂ ਰਾਜਾ ਇਕੱਲਾ ਬੈਠਾ ਸੀ ਤਾਂ ਜੋਗੀ ਨੇ ਉਸਨੂੰ ਕਿਹਾ ਕਿ ਪਹਿਲਾਂ ਮੈਂ ਤੈਨੂੰ ਇਕ ਅਚੰਭਾ ਵਿਖਾਵਾਂਗਾ ਅਤੇ ਉਸ ਤੋਂ ਬਾਅਦ ਮੰਤ੍ਰ ਸਿਖਾਵਾਂਗਾ। ਫਿਰ ਜੋਗੀ ਨੇ ਆਪਣੀ ਵਿਦਿਆ ਦੀ ਸ਼ਕਤੀ ਬਾਰੇ ਦੱਸਿਆ ਕਿ ਉਹ ਰੂਪ ਬਦਲਣ ਦੀ ਸਮਰਥਾ ਰੱਖਦਾ ਹੈ ਅਤੇ ਇਸ ਤਰੀਕੇ ਨਾਲ ਰਾਜੇ ਨੂੰ ਮੰਤ੍ਰ ਸਿਖਾਉਣ ਅਤੇ ਉਸਦੀ ਇੱਛਾ ਪੂਰੀ ਕਰਨ ਦੀ ਗੱਲ ਕੀਤੀ, ਜਿਸ ਨਾਲ ਇਹ ਦਰਸਾਇਆ ਜਾਂਦਾ ਹੈ ਕਿ ਜੋਗੀ ਦਾ ਰੂਪ ਧਾਰਣ ਕੀਤੀ ਇਸਤ੍ਰੀ ਆਪਣੀ ਚਾਲਾਕੀ ਅਤੇ ਮਾਇਆ ਨਾਲ ਰਾਜੇ ਨੂੰ ਆਪਣੇ ਵਸ਼ ਵਿੱਚ ਲੈਣਾ ਚਾਹੁੰਦਾ ਸੀ।

ਰਾਇ ਬਾਚ॥ ਪੁਰਖ ਮੰਤ੍ਰ ਦਾਇਕ ਪਿਤਾ ਮੰਤ੍ਰ ਦਾਇਕ ਤ੍ਰਿਯ ਮਾਤ॥ ਤਿਨ ਕੀ ਸੇਵਾ ਕੀਜਿਯੈ ਭੋਗਨ ਕੀ ਨ ਜਾਤ॥੧੮॥ ਅੜਿਲ॥ ਬਹੁ ਬਰਿਸਨ ਲਗਿ ਜਾਨਿ ਸੇਵ ਗੁਰ ਕੀਜਿਯੈ॥ ਜਤਨ ਕੋਟਿ ਕਰਿ ਬਹੁਰਿ ਸੁ ਮੰਤ੍ਰਹਿ ਲੀਜਿਯੈ॥ ਜਾਹਿ ਅਰਥ ਕੇ ਹੇਤ ਸੀਸ ਨਿਹੁਰਾਇਯੈ॥ ਹੋ ਕਹੋ ਚਤੁਰਿ ਤਾ ਸੌ ਕ੍ਯੋਨ ਕੇਲ ਮਚਾਇਯੈ॥੧੯॥ ਚੌਪਈ॥ ਤਬ ਜੋਗੀ ਇਹ ਭਾਤਿ ਸੁਨਾਯੋ॥ ਤਵ ਭੇਟਨ ਹਿਤ ਭੇਖ ਬਨਾਯੋ॥ ਅਬ ਮੇਰੇ ਸੰਗ ਭੋਗ ਕਮੈਯੈ॥ ਆਨ ਪਿਯਾ ਸੁਭ ਸੇਜ ਸੁਹੈਯੈ॥੨੦॥ – ਰਾਜਾ ਕਹਿੰਦਾ ਹੈ ਕਿ ਮੰਤ੍ਰ ਦੇਣ ਵਾਲਾ ਪੁਰਖ ਪਿਤਾ ਦੇ ਸਮਾਨ ਹੁੰਦਾ ਹੈ ਅਤੇ ਮੰਤ੍ਰ ਦੇਣ ਵਾਲੀ ਇਸਤਰੀ ਮਾਤਾ ਦੇ ਬਰਾਬਰ ਮੰਨੀ ਜਾਂਦੀ ਹੈ, ਇਸ ਲਈ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨਾਲ ਭੋਗ ਦੀ ਭਾਵਨਾ ਨਹੀਂ ਰੱਖੀ ਜਾਂਦੀ। ਅੱਗੇ ਇਹ ਵਿਚਾਰ ਦਿੱਤਾ ਗਿਆ ਹੈ ਕਿ ਮੰਤ੍ਰ ਪ੍ਰਾਪਤ ਕਰਨ ਲਈ ਸਾਲਾਂ ਤੱਕ ਗੁਰੂ ਦੀ ਸੇਵਾ ਕਰਨੀ ਪੈਂਦੀ ਹੈ ਅਤੇ ਬਹੁਤ ਯਤਨ ਕਰਨ ਤੋਂ ਬਾਅਦ ਹੀ ਇਹ ਵਿਦਿਆ ਮਿਲਦੀ ਹੈ। ਜਿਸ ਲਾਭ ਲਈ ਮਨੁੱਖ ਸਿਰ ਨਿਵਾਂਦਾ ਹੈ, ਉਸ ਨਾਲ ਚਤੁਰ ਮਨੁੱਖ ਨੂੰ ਅਣਉਚਿਤ ਕਰਤੂਤਾਂ ਨਹੀਂ ਕਰਨੀ ਚਾਹੀਦੀਆਂ। ਫਿਰ ਜੋਗੀ ਕਹਿੰਦਾ ਹੈ ਕਿ ਮੈਂ ਤੈਨੂੰ ਮਿਲਣ ਲਈ ਹੀ ਇਹ ਭੇਸ ਬਣਾਇਆ ਸੀ, ਅਰਥਾਤ ਉਸਦਾ ਜੋਗੀ ਬਣਨਾ ਇਕ ਯੋਜਨਾ ਅਤੇ ਚਾਲ ਦਾ ਹਿੱਸਾ ਸੀ। ਜੋਗੀ ਦੇ ਰੂਪ ਧਾਰ ਕੇ ਬੈਠੀ ਇਸਤ੍ਰੀ ਨੇ ਕਹਿਆ ਹੁਣ ਤੂੰ ਮੇਰੇ ਨਾਲ ਭੋਗ ਕਰ।

ਦੋਹਰਾ॥ ਤਨ ਤਰਫਤ ਤਵ ਮਿਲਨ ਕੌ ਬਿਰਹ ਬਿਕਲ ਭਯੋ ਅੰਗ॥ ਸੇਜ ਸੁਹੈਯੈ ਆਨ ਪਿਯ ਆਜੁ ਰਮੋ ਮੁਹਿ ਸੰਗ॥੨੧॥ ਭਜੇ ਬਧੈਹੌ ਚੋਰ ਕਹਿ ਤਜੇ ਦਿਵੈਹੌ ਗਾਰਿ॥ ਨਾਤਰ ਸੰਕ ਬਿਸਾਰਿ ਕਰਿ ਮੋ ਸੌ ਕਰਹੁ ਬਿਹਾਰ॥੨੨॥ ਕਾਮਾਤੁਰ ਹ੍ਵੈ ਜੋ ਤਰੁਨਿ ਆਵਤ ਪਿਯ ਕੇ ਪਾਸ॥ ਮਹਾ ਨਰਕ ਸੋ ਡਾਰਿਯਤ ਦੈ ਜੋ ਜਾਨ ਨਿਰਾਸ॥੨੩॥ ਤਨ ਅਨੰਗ ਜਾ ਕੇ ਜਗੈ ਤਾਹਿ ਨ ਦੈ ਰਤਿ ਦਾਨ॥ ਤਵਨ ਪੁਰਖ ਕੋ ਡਾਰਿਯਤ ਜਹਾ ਨਰਕ ਕੀ ਖਾਨਿ॥੨੪॥ – ਇਸਤ੍ਰੀ ਆਪਣੀ ਤੀਬਰ ਲਾਲਸਾ ਅਤੇ ਮਨ ਦੀ ਬੇਚੈਨੀ ਨੂੰ ਦਰਸਾਉਂਦੀ ਹੈ ਅਤੇ ਦੂਜੇ ਪਾਸੇ ਦਬਾਅ ਤੇ ਧਮਕੀ ਦੇ ਕੇ ਆਪਣੀ ਗੱਲ ਮਨਵਾਉਣ ਦੀ ਕੋਸ਼ਿਸ਼ ਕਰਦੀ ਹੈ। ਅੱਗੇ ਪਾਤਸ਼ਾਹ ਲਿਖਦੇ ਹਨ ਕਿ ਜਦੋਂ ਮਨੁੱਖ ਅੰਧੀ ਇੱਛਾ ਦੇ ਵਸ਼ ਵਿੱਚ ਆ ਜਾਂਦਾ ਹੈ ਤਾਂ ਉਹ ਸਹੀ ਗਲਤ ਦੀ ਪਛਾਣ ਭੁੱਲ ਜਾਂਦਾ ਹੈ ਅਤੇ ਹੋਰਨਾਂ ਨੂੰ ਭਟਕਾਉਣ ਵਾਲੇ ਰਸਤੇ ਵੱਲ ਧੱਕਦਾ ਹੈ। ਕਾਵਿ ਵਿਚ ਇਹ ਵੀ ਸਮਝਾਇਆ ਗਿਆ ਹੈ ਕਿ ਜੋ ਮਨੁੱਖ ਆਪਣੀ ਅੰਦਰਲੀ ਅਗਨੀ ਨੂੰ ਕਾਬੂ ਨਹੀਂ ਕਰਦਾ ਅਤੇ ਅਨੁਚਿਤ ਰਾਹ ਚੁਣਦਾ ਹੈ ਉਹ ਆਤਮਿਕ ਤੌਰ ਤੇ ਪਤਨ ਵੱਲ ਜਾਂਦਾ ਹੈ। ਇਹ ਸਾਰਾ ਵਰਣਨ ਇਕ ਚੇਤਾਵਨੀ ਦੇ ਰੂਪ ਵਿੱਚ ਹੈ ਕਿ ਬੇਲਗਾਮ ਕਾਮਨਾ ਅਤੇ ਜ਼ਬਰਦਸਤੀ ਮਨੁੱਖ ਨੂੰ ਨਾਸ ਵੱਲ ਲੈ ਜਾਂਦੀ ਹੈ।

ਅੜਿਲ॥ ਰਾਮਜਨੀ ਗ੍ਰਿਹ ਜਨਮ ਬਿਧਾਤੈ ਮੁਹਿ ਦਿਯਾ॥ ਤਵ ਮਿਲਬੇ ਹਿਤ ਭੇਖ ਜੋਗ ਕੋ ਮੈ ਲਿਯਾ॥ ਤੁਰਤ ਸੇਜ ਹਮਰੀ ਅਬ ਆਨਿ ਸੁਹਾਇਯੈ॥ ਹੋ ਹ੍ਵੈ ਦਾਸੀ ਤਵ ਰਹੋਂ ਨ ਮੁਹਿ ਤਰਸਾਇਯੈ॥੨੫॥ ਦੋਹਰਾ॥ ਕਹਾ ਭਯੋ ਸੁਘਰੇ ਭਏ ਕਰਤ ਜੁਬਨ ਕੋ ਮਾਨ॥ ਬਿਰਹ ਬਾਨ ਮੋ ਕੋ ਲਗੇ ਬ੍ਰਿਥਾ ਨ ਦੀਜੈ ਜਾਨ॥੨੬॥ ਅੜਿਲ॥ ਬ੍ਰਿਥਾ ਨ ਦੀਜੈ ਜਾਨ ਮੈਨ ਬਸਿ ਮੈ ਭਈ॥ ਬਿਰਹਿ ਸਮੁੰਦ ਕੇ ਬੀਚ ਬੂਡਿ ਸਿਰ ਲੌ ਗਈ॥ ਭੋਗ ਕਰੇ ਬਿਨੁ ਮੋਹਿ ਜਾਨ ਨਹੀ ਦੀਜਿਯੈ॥ ਹੋ ਘਨਵਾਰੀ ਨਿਸ ਹੇਰਿ ਗੁਮਾਨ ਨ ਕੀਜਿਯੈ॥੨੭॥ – ਇਸਤਰੀ ਆਪਣੇ ਦੁੱਖ ਭਰੇ ਜੀਵਨ ਅਤੇ ਕਿਸਮਤ ਨੂੰ ਦੋਸ਼ ਦੇ ਕੇ ਕਹਿੰਦੀ ਹੈ ਕਿ ਉਸਨੇ ਮਿਲਾਪ ਲਈ ਜੋਗੀ ਦਾ ਭੇਸ ਧਾਰਨ ਕੀਤਾ। ਉਹ ਰਾਜੇ ਨੂੰ ਤੁਰੰਤ ਆਪਣੇ ਕੋਲ ਆਉਣ ਲਈ ਕਹਿੰਦੀ ਹੈ ਅਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਅਧੀਨ ਕਰਨ ਦੀ ਗੱਲ ਕਰਦੀ ਹੈ। ਇਸਤ੍ਰੀ ਉਸਨੂੰ ਆਪਣੀ ਜਵਾਨੀ ਉੱਤੇ ਮਾਣ ਨਾ ਕਰਨ ਦੀ ਸਲਾਹ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਵਿਛੋੜੇ ਦੀ ਪੀੜ ਨੇ ਉਸਨੂੰ ਅੰਦਰੋਂ ਤੋੜ ਦਿੱਤਾ ਹੈ। ਫਿਰ ਉਹ ਕਹਿੰਦੀ ਹੈ ਕਿ ਕਾਮਨਾ ਅਤੇ ਬੇਚੈਨੀ ਦੇ ਵਸ਼ ਵਿਚ ਆ ਕੇ ਉਸਦੀ ਹਾਲਤ ਡੁੱਬਦੇ ਮਨੁੱਖ ਵਰਗੀ ਹੋ ਗਈ ਹੈ। ਇਹ ਸਭ ਬਿਆਨ ਮਨੁੱਖੀ ਕਮਜ਼ੋਰੀਆਂ ਅਤੇ ਬੇਕਾਬੂ ਇੱਛਾਵਾਂ ਦੇ ਨੁਕਸਾਨ ਨੂੰ ਦਰਸਾਉਂਦੇ ਹਨ।

ਦਿਸਨ ਦਿਸਨ ਕੇ ਲੋਗ ਤਿਹਾਰੇ ਆਵਹੀ॥ ਮਨ ਬਾਛਤ ਜੋ ਬਾਤ ਉਹੈ ਬਰ ਪਾਵਹੀ॥ ਕਵਨ ਅਵਗ੍ਰਯਾ ਮੋਰਿ ਨ ਤੁਮ ਕਹ ਪਾਇਯੈ॥ ਹੋ ਦਾਸਨ ਦਾਸੀ ਹ੍ਵੈ ਹੌ ਸੇਜ ਸੁਹਾਇਯੈ॥੨੮॥ ਮੰਤ੍ਰ ਸਿਖਨ ਹਿਤ ਧਾਮ ਤਿਹਾਰੇ ਆਇਯੋ॥ ਤੁਮ ਆਗੈ ਐਸੇ ਇਹ ਚਰਿਤ ਬਨਾਇਯੋ॥ ਮੈ ਨ ਤੁਹਾਰੇ ਸੰਗ ਭੋਗ ਕ੍ਯੋਹੂੰ ਕਰੋ॥ ਹੋ ਧਰਮ ਛੂਟਨ ਕੇ ਹੇਤ ਅਧਿਕ ਮਨ ਮੈ ਡਰੋ॥੨੯॥ ਰਾਮਜਨੀ ਬਹੁ ਚਰਿਤ੍ਰ ਬਨਾਏ॥ ਹਾਇ ਭਾਇ ਬਹੁ ਭਾਤਿ ਦਿਖਾਏ॥ ਜੰਤ੍ਰ ਮੰਤ੍ਰ ਤੰਤ੍ਰੋ ਅਤਿ ਕਰੇ॥ ਕੈਸੇ ਹੂੰ ਰਾਇ ਨ ਕਰ ਮੈ ਧਰੇ॥੩੦॥ – ਇਸਤ੍ਰੀ ਰਾਜੇ ਨੂੰ ਕਹਿੰਦੀ ਹੈ ਕਿ ਹਰ ਪਾਸੇ ਤੋਂ ਲੋਕ ਤੇਰੇ ਕੋਲ ਆਉਂਦੇ ਹਨ ਅਤੇ ਜੋ ਮਨ ਚਾਹੁੰਦੀ ਗੱਲ ਮੰਗਦੇ ਹਨ ਉਹ ਪਾ ਲੈਂਦੇ ਹਨ, ਫਿਰ ਮੇਰੀ ਕਿਹੜੀ ਬੇਅਦਬੀ ਹੈ ਜੋ ਤੂੰ ਪੂਰੀ ਨਹੀਂ ਕਰ ਸਕਦਾ। ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਅਧੀਨ ਦੱਸ ਕੇ ਕਹਿੰਦੀ ਹੈ ਕਿ ਮੈਂ ਦਾਸੀ ਬਣ ਕੇ ਤੇਰੇ ਨਾਲ ਰਹਿਣ ਲਈ ਤਿਆਰ ਹਾਂ। ਇਸ ਦੇ ਉੱਤਰ ਵਿੱਚ ਰਾਜਾ ਸਪਸ਼ਟ ਕਰਦਾ ਹੈ ਕਿ ਉਹ ਮੰਤ੍ਰ ਸਿੱਖਣ ਦੇ ਉਦੇਸ਼ ਨਾਲ ਜੋਗੀ ਦੇ ਘਰ ਆਇਆ ਸੀ ਅਤੇ ਤੂੰ ਉਸਦੇ ਸਾਹਮਣੇ ਇਹੋ ਜਿਹੀ ਚਾਲ ਚਲੀ। ਉਹ ਕਹਿੰਦਾ ਹੈ ਕਿ ਮੈਂ ਕਿਸੇ ਵੀ ਹਾਲਤ ਵਿੱਚ ਤੇਰੇ ਨਾਲ ਅਨੁਚਿਤ ਕਰਮ ਨਹੀਂ ਕਰਾਂਗਾ ਕਿਉਂਕਿ ਇਸ ਨਾਲ ਧਰਮ ਤੋਂ ਡਿੱਗਣ ਦਾ ਡਰ ਹੈ। ਆਖ਼ਰ ਵਿੱਚ ਕਥਾ ਦੱਸਦੀ ਹੈ ਕਿ ਉਸ ਇਸਤਰੀ ਨੇ ਬਹੁਤ ਤਰ੍ਹਾਂ ਦੀਆਂ ਚਾਲਾਂ, ਨਾਟਕ ਅਤੇ ਜੰਤ੍ਰ ਮੰਤ੍ਰ ਆਜ਼ਮਾਏ ਪਰ ਕਿਸੇ ਵੀ ਤਰੀਕੇ ਨਾਲ ਰਾਜੇ ਨੂੰ ਆਪਣੇ ਵਸ਼ ਵਿੱਚ ਨਹੀਂ ਕਰ ਸਕੀ।

ਅੜਿਲ॥ ਚੋਰ ਚੋਰ ਕਹਿ ਉਠੀ ਸੁ ਆਂਗਨ ਜਾਇ ਕੈ॥ ਤ੍ਰਾਸ ਦਿਖਾਯੋ ਤਾਹਿ ਮਿਲਨ ਹਿਤ ਰਾਇ ਕੈ॥ ਬਹੁਰਿ ਕਹੀ ਤ੍ਰਿਯ ਆਇ ਬਾਤ ਸੁਨ ਲੀਜਿਯੈ॥ ਹੋ ਅਬੈ ਬਧੈਹੌ ਤੋਹਿ ਕਿ ਮੋਹਿ ਭਜੀਜਿਯੈ॥੩੧॥ ਚੋਰ ਬਚਨ ਸੁਨਿ ਲੋਗ ਪਹੁੰਚੇ ਆਇ ਕੈ॥ ਤਿਨ ਪ੍ਰਤਿ ਕਹਿਯੋ ਕਿ ਸੋਤ ਉਠੀ ਬਰਰਾਇ ਕੈ॥ ਗਏ ਧਾਮ ਤੇ ਕਹਿਯੋ ਮਿਤ੍ਰ ਕੌ ਕਰ ਪਕਰਿ॥ ਹੋ ਅਬੈ ਬਧੈਹੌ ਤੋਹਿ ਕਿ ਮੋ ਸੌ ਭੋਗ ਕਰਿ॥੩੨॥ – ਫੇਰ ਉਹ ਇਸਤਰੀ ਅਚਾਨਕ ਆਂਗਨ ਵਿਚ ਜਾ ਕੇ ਚੋਰ ਚੋਰ ਦਾ ਸ਼ੋਰ ਮਚਾਉਂਦੀ ਹੈ ਤਾਂ ਜੋ ਲੋਕ ਇਕੱਠੇ ਹੋ ਜਾਣ ਅਤੇ ਰਾਜਾ ਡਰ ਦੇ ਮਾਰੇ ਉਸਦੇ ਨਾਲ ਗਲਤ ਕਰਮ ਰਕਦਾ ਹੋਇਆ ਦਿੱਸੇ। ਉਸਦਾ ਮਕਸਦ ਮਿਲਾਪ ਲਈ ਡਰ ਅਤੇ ਦਬਾਅ ਪੈਦਾ ਕਰਨਾ ਸੀ। ਫਿਰ ਉਹ ਰਾਜੇ ਨੂੰ ਧਮਕੀ ਦੇ ਕੇ ਕਹਿੰਦੀ ਹੈ ਕਿ ਜਾਂ ਤਾਂ ਮੇਰੀ ਗੱਲ ਮੰਨੋ ਨਹੀਂ ਤਾਂ ਮੈਂ ਤੈਨੂੰ ਲੋਕਾਂ ਵਿੱਚ ਬਦਨਾਮ ਕਰਾਂਗੀ। ਇਹ ਸੁਣ ਕੇ ਲੋਕ ਦੌੜ ਕੇ ਆਉਣਗੇ। ਉਸ ਉੱਤੇ ਝੂਠਾ ਦੋਸ਼ ਲਗਾ ਕੇ ਡਰਾਉਂਦੀ ਹੈ। ਇਸ ਸਾਰੇ ਪ੍ਰਸੰਗ ਰਾਹੀਂ ਇਹ ਦਿਖਾਇਆ ਗਿਆ ਹੈ ਕਿ ਕਿਵੇਂ ਝੂਠ, ਧੋਖੇ ਅਤੇ ਧਮਕੀਆਂ ਨਾਲ ਕਿਸੇ ਨਿਰਦੋਸ਼ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਇਹ ਕਥਾ ਮਨੁੱਖ ਨੂੰ ਐਸੀਆਂ ਚਾਲਾਂ ਤੋਂ ਸਾਵਧਾਨ ਰਹਿਣ ਦੀ ਸਿੱਖਿਆ ਦਿੰਦੀ ਹੈ।

ਦੋਹਰਾ॥ ਤਬੈ ਰਾਇ ਚਿਤ ਕੇ ਬਿਖੈ ਐਸੇ ਕਿਯਾ ਬਿਚਾਰ॥ ਚਰਿਤ ਖੇਲਿ ਕਛੁ ਨਿਕਸਿਯੈ ਇਹੇ ਮੰਤ੍ਰ ਕਾ ਸਾਰ॥੩੩॥ ਭਜੌ ਤੌ ਇਜਤ ਜਾਤ ਹੈ ਭੋਗ ਕਿਯੋ ਧ੍ਰਮ ਜਾਇ॥ ਕਠਿਨ ਬਨੀ ਦੁਹੂੰ ਬਾਤ ਤਿਹ ਕਰਤਾ ਕਰੈ ਸਹਾਇ॥੩੪॥ ਪੂਤ ਹੋਇ ਤੌ ਭਾਡ ਵਹ ਸੁਤਾ ਤੌ ਬੇਸ੍ਰਯਾ ਹੋਇ॥ ਭੋਗ ਕਰੇ ਭਾਜਤ ਧਰਮ ਭਜੇ ਬੰਧਾਵਤ ਸੋਇ॥੩੫॥ -ਰਾਜਾ ਆਪਣੇ ਮਨ ਵਿੱਚ ਗਹਿਰਾ ਵਿਚਾਰ ਕਰਦਾ ਹੈ ਕਿ ਇਸ ਸਾਰੀ ਚਾਲਾਕੀ ਅਤੇ ਨਾਟਕ ਤੋਂ ਕਿਸੇ ਤਰੀਕੇ ਨਾਲ ਆਪਣੇ ਆਪ ਨੂੰ ਬਚਾਇਆ ਜਾਵੇ, ਕਿਉਂਕਿ ਇਹੀ ਮੰਤ੍ਰ ਦੀ ਅਸਲੀ ਸਮਝ ਹੈ। ਉਹ ਸੋਚਦਾ ਹੈ ਕਿ ਜੇ ਭੱਜਦਾ ਹੈ ਤਾਂ ਇੱਜ਼ਤ ਖਤਮ ਹੋ ਜਾਂਦੀ ਹੈ ਅਤੇ ਜੇ ਗਲਤ ਕਰਮ ਕਰ ਲੈਂਦਾ ਹੈ ਤਾਂ ਧਰਮ ਨਸ਼ਟ ਹੋ ਜਾਂਦਾ ਹੈ, ਇਸ ਲਈ ਦੋਵੇਂ ਰਾਹ ਬਹੁਤ ਕਠਿਨ ਹਨ ਅਤੇ ਹੁਣ ਕੇਵਲ ਪਰਮੇਸਰ ਹੀ ਸਹਾਇਤਾ ਕਰ ਸਕਦਾ ਹੈ। ਅੱਗੇ ਉਹ ਸਮਾਜਕ ਡਰ ਅਤੇ ਬਦਨਾਮੀ ਦਾ ਖ਼ਿਆਲ ਕਰਦਾ ਹੈ ਕਿ ਜੇ ਇਹ ਗੱਲ ਖੁਲ ਗਈ ਤਾਂ ਪੁੱਤਰ ਹੋਵੇ ਤਾਂ ਉਸਨੂੰ ਭਾਂਡ ਕਿਹਾ ਜਾਵੇਗਾ ਅਤੇ ਧੀ ਹੋਵੇ ਤਾਂ ਉਸਦੀ ਇੱਜ਼ਤ ਉੱਤੇ ਦਾਗ ਲੱਗੇਗਾ। ਇਸ ਲਈ ਉਹ ਨਿਸ਼ਚੇ ਕਰਦਾ ਹੈ ਕਿ ਨਾ ਤਾਂ ਭੋਗ ਕਰਨਾ ਠੀਕ ਹੈ ਕਿਉਂਕਿ ਇਸ ਨਾਲ ਧਰਮ ਨਾਸ ਹੁੰਦਾ ਹੈ ਅਤੇ ਨਾ ਹੀ ਭੱਜਣਾ ਠੀਕ ਹੈ ਕਿਉਂਕਿ ਇਸ ਨਾਲ ਬੰਨ੍ਹੇ ਜਾਣ ਅਤੇ ਬਦਨਾਮੀ ਦਾ ਡਰ ਹੈ। ਇਹ ਸਾਰਾ ਵਰਣਨ ਰਾਜੇ ਦੀ ਅੰਦਰੂਨੀ ਦਿਲੀ ਦਿਲੇਮਾ ਅਤੇ ਧਰਮਿਕ ਸੋਚ ਨੂੰ ਦਰਸਾਉਂਦਾ ਹੈ।

ਚੌਪਈ॥ ਕਹਿਯੋ ਸੁਨਹੁ ਤੁਮ ਬਾਤ ਪਿਆਰੀ॥ ਦੇਖਤ ਥੋ ਮੈ ਪ੍ਰੀਤਿ ਤਿਹਾਰੀ॥ ਤੁਮ ਸੀ ਤ੍ਰਿਯਾ ਹਾਥ ਜੋ ਪਰੈ॥ ਬਡੋ ਮੂੜ ਜੋ ਤਾਹਿ ਪ੍ਰਹਰੈ॥੩੬॥ ਦੋਹਰਾ॥ ਰੂਪਵੰਤ ਤੋ ਸੀ ਤ੍ਰਿਯਾ ਪਰੈ ਜੁ ਕਰ ਮੈ ਆਇ॥ ਤਾਹਿ ਤ੍ਯਾਗ ਮਨ ਮੈ ਕਰੈ ਤਾ ਕੋ ਜਨਮ ਲਜਾਇ॥੩੭॥ ਪੋਸਤ ਭਾਗ ਅਫੀਮ ਬਹੁਤ ਲੀਜੈ ਤੁਰਤ ਮੰਗਾਇ॥ ਨਿਜੁ ਕਰ ਮੋਹਿ ਪਿਵਾਇਯੈ ਹ੍ਰਿਦੈ ਹਰਖ ਉਪਜਾਇ॥੩੮॥ ਤੁਮ ਮਦਰਾ ਪੀਵਹੁ ਘਨੋ ਹਮੈ ਪਿਵਾਵਹੁ ਭੰਗ॥ ਚਾਰਿ ਪਹਰ ਕੌ ਮਾਨਿਹੌ ਭੋਗਿ ਤਿਹਾਰੇ ਸੰਗ॥੩੯॥ ਚੌਪਈ॥ ਫੂਲਿ ਗਈ ਸੁਨ ਬਾਤ ਅਯਾਨੀ॥ ਭੇਦ ਅਭੇਦ ਕੀ ਬਾਤ ਨ ਜਾਨੀ॥ ਅਧਿਕ ਹ੍ਰਿਦੇ ਮੈ ਸੁਖ ਉਪਜਾਯੋ॥ ਅਮਲ ਕਹਿਯੋ ਸੋ ਤੁਰਤ ਮੰਗਾਯੋ॥੪੦॥ – ਫੇਰ ਰਾਜਾ ਮਿੱਠੀਆਂ ਗੱਲਾਂ ਕਰ ਕੇ ਉਸ ਇਸਤ੍ਰੀ ਦੀ ਪ੍ਰਸ਼ੰਸਾ ਕਰਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਤੇਰੀ ਪ੍ਰੀਤ ਨੂੰ ਸਮਝਦਾ ਹਾਂ ਅਤੇ ਐਸਾ ਮੌਕਾ ਮਿਲਣ ਤੇ ਜੋ ਮਨੁੱਖ ਇਸਨੂੰ ਠੁਕਰਾਏ ਉਹ ਮੂਰਖ ਹੁੰਦਾ ਹੈ। ਉਹ ਇਹ ਵੀ ਦੱਸਦਾ ਹੈ ਕਿ ਜੇ ਕੋਈ ਸੁੰਦਰ ਅਤੇ ਆਕਰਸ਼ਕ ਮੌਕਾ ਮਿਲੇ ਤੇ ਉਸਨੂੰ ਤਿਆਗ ਦਿੱਤਾ ਜਾਵੇ ਤਾਂ ਜੀਵਨ ਵਿਅਰਥ ਜਾਂਦਾ ਹੈ। ਫਿਰ ਚਾਲਾਕੀ ਨਾਲ ਨਸ਼ੇ ਦੀ ਗੱਲ ਕਰਕੇ ਮਨ ਨੂੰ ਖੁਸ਼ ਕਰਨ ਅਤੇ ਹੋਸ਼ ਘਟਾਉਣ ਦੀ ਯੋਜਨਾ ਬਣਾਈ ਜਾਂਦੀ ਹੈ ਤਾਂ ਜੋ ਰਾਤ ਭਰ ਮਨਮਰਜ਼ੀ ਨਾਲ ਸਮਾਂ ਬਿਤਾਇਆ ਜਾ ਸਕੇ। ਰਾਜਾ ਕਹਿੰਦਾ ਹੈ ਕੇ ਤੂੰ ਮਦਿਰਾ ਪੀ ਤੇ ਮੈਂ ਭਾਂਗ ਪੀ ਲੈਂਦਾ ਹਾਂ ਜਿਸ ਨਾਲ ਭੋਗ ਸਾਰੀ ਰਾਤ ਕੀਤਾ ਜਾ ਸਕੇ। ਇਹ ਗੱਲਾਂ ਸੁਣ ਕੇ ਉਹ ਇਸਤਰੀ ਖੁਸ਼ ਹੋ ਜਾਂਦੀ ਹੈ ਅਤੇ ਭਲੇ ਬੁਰੇ ਦੀ ਸਮਝ ਗੁਆ ਬੈਠਦੀ ਹੈ, ਉਸਦੇ ਮਨ ਵਿੱਚ ਵਧੇਰੇ ਸੁਖ ਦਾ ਭਾਵ ਪੈਦਾ ਹੁੰਦਾ ਹੈ ਅਤੇ ਉਹ ਤੁਰੰਤ ਉਹੀ ਚੀਜ਼ਾਂ ਮੰਗਵਾ ਲੈਂਦੀ ਹੈ ਜੋ ਕਹੀਆਂ ਗਈਆਂ ਸਨ। ਇਹ ਸਾਰਾ ਪ੍ਰਸੰਗ ਧੋਖੇ, ਲਾਲਚ ਅਤੇ ਅਕਲ ਦੀ ਕਮੀ ਨੂੰ ਦਰਸਾਉਂਦਾ ਹੈ।

ਦੋਹਰਾ॥ ਪੋਸਤ ਭਾਗ ਅਫੀਮ ਬਹੁ ਗਹਿਰੀ ਭਾਗ ਘੁਟਾਇ॥ ਤੁਰਤ ਤਰਨਿ ਲ੍ਯਾਵਤ ਭਈ ਮਦ ਸਤ ਬਾਰ ਚੁਆਇ॥੪੧॥ ਅੜਿਲ॥ ਰਾਇ ਤਬੈ ਚਿਤ ਭੀਤਰ ਕਿਯਾ ਬਿਚਾਰ ਹੈ॥ ਯਾਹਿ ਨ ਭਜਿਹੌ ਆਜੁ ਮੰਤ੍ਰ ਕਾ ਸਾਰ ਹੈ॥ ਅਧਿਕ ਮਤ ਕਰਿ ਯਾਹਿ ਖਾਟ ਪਰ ਡਾਰਿ ਕੈ॥ ਹੋ ਸਾਠਿ ਮੁਹਰ ਦੈ ਭਜਿਹੋਂ ਧਰਮ ਸੰਭਾਰਿ ਕੈ॥੪੨॥ – ਉਸ ਇਸਤਰੀ ਨੇ ਪੋਸਤ, ਭੰਗ ਅਤੇ ਅਫੀਮ ਆਦਿ ਨਸ਼ੀਲੀਆਂ ਚੀਜ਼ਾਂ ਚੰਗੀ ਤਰ੍ਹਾਂ ਘੁੱਟ ਕੇ ਤਿਆਰ ਕਰ ਲਈਆਂ ਅਤੇ ਤੁਰੰਤ ਮਦਿਰਾ ਵੀ ਬਹੁਤ ਵਾਰੀ ਛਾਣ ਕੇ ਲਿਆਈ ਤਾਂ ਜੋ ਸਾਹਮਣੇ ਵਾਲਾ ਪੂਰੀ ਤਰ੍ਹਾਂ ਮੱਤੇ ਵਿੱਚ ਆ ਜਾਵੇ। ਇਸ ਦਰਮਿਆਨ ਰਾਜਾ ਆਪਣੇ ਮਨ ਵਿਚ ਸੋਚਦਾ ਹੈ ਕਿ ਅੱਜ ਭੱਜਣਾ ਠੀਕ ਨਹੀਂ ਕਿਉਂਕਿ ਅਸਲ ਮੰਤ੍ਰ ਦਾ ਭੇਦ ਧੀਰਜ ਅਤੇ ਬੁੱਧੀ ਨਾਲ ਨਿਕਲਣਾ ਹੈ। ਉਹ ਫੈਸਲਾ ਕਰਦਾ ਹੈ ਕਿ ਇਸਨੂੰ ਬਹੁਤ ਨਸ਼ੇ ਵਿੱਚ ਕਰ ਕੇ ਖਾਟ “ਮੰਜੀ” ਉੱਤੇ ਸੁਆ ਦਿੱਤਾ ਜਾਵੇ ਅਤੇ ਫਿਰ ਕੁਝ ਧਨ ਦੇ ਕੇ ਚੁੱਪਚਾਪ ਇੱਥੋਂ ਨਿਕਲ ਜਾਵੇ, ਤਾਂ ਜੋ ਧਰਮ ਦੀ ਰੱਖਿਆ ਵੀ ਰਹੇ ਅਤੇ ਇੱਜ਼ਤ ਵੀ ਬਚੀ ਰਹੇ।

ਦੋਹਰਾ॥ ਰੀਤਿ ਨ ਜਾਨਤ ਪ੍ਰੀਤ ਕੀ ਪੈਸਨ ਕੀ ਪਰਤੀਤ॥ ਬਿਛੂ ਬਿਸੀਅਰੁ ਬੇਸਯਾ ਕਹੋ ਕਵਨ ਕੇ ਮੀਤ॥੪੩॥ ਤਾ ਕੋ ਮਦ ਪ੍ਰਯਾਯੋ ਘਨੋ ਅਤਿ ਚਿਤ ਮੋਦ ਬਢਾਇ॥ ਮਤ ਸਵਾਈ ਖਾਟ ਪਰ ਆਪਿ ਭਜਨ ਕੇ ਭਾਇ॥੪੪॥ ਮਦਰਾ ਪ੍ਰਯਾਯੋ ਤਰੁਨਿ ਕੋ ਨਿਜੁ ਕਰ ਪ੍ਯਾਲੇ ਡਾਰਿ॥ ਇਹ ਛਲ ਸੌ ਤਿਹ ਮਤ ਕਰਿ ਰਾਖੀ ਖਾਟ ਸੁਵਾਰਿ॥੪੫॥ – ਪਾਤਿਸ਼ਾਹ ਆਖਦੇ ਹਨ ਕੇ ਜੋ ਮਨੁੱਖ ਪ੍ਰੀਤ ਦੀ ਰੀਤ ਨਹੀਂ ਜਾਣਦਾ ਅਤੇ ਕੇਵਲ ਧਨ ਉੱਤੇ ਭਰੋਸਾ ਕਰਦਾ ਹੈ, ਉਹ ਬਿੱਛੂ, ਸੱਪ ਜਾਂ ਵੇਸਵਾ ਵਰਗਿਆਂ ਨੂੰ ਵੀ ਆਪਣਾ ਮਿੱਤਰ ਸਮਝ ਬੈਠਦਾ ਹੈ, ਜੋ ਅਸਲ ਵਿਚ ਖਤਰਨਾਕ ਹੁੰਦੇ ਹਨ। ਅੱਗੇ ਦੱਸਿਆ ਗਿਆ ਹੈ ਕਿ ਉਸ ਇਸਤਰੀ ਨੇ ਬਹੁਤ ਜ਼ਿਆਦਾ ਨਸ਼ਾ ਪੀ ਲਿਆ, ਜਿਸ ਨਾਲ ਉਸਦਾ ਮਨ ਖੁਸ਼ੀ ਨਾਲ ਭਰ ਗਿਆ ਅਤੇ ਉਹ ਪੂਰੀ ਤਰ੍ਹਾਂ ਨਸ਼ੇ ਵਿੱਚ ਆ ਕੇ ਖਾਟ/ਮੰਜੀ ਉੱਤੇ ਪੈ ਗਈ, ਜਦਕਿ ਦੂਜੇ ਪਾਸੇ ਰਾਜਾ ਭੱਜ ਜਾਣ ਦੀ ਯੋਜਨਾ ਬਣਾਉਂਦਾ ਹੈ। ਫਿਰ ਇਹ ਵੀ ਕਿਹਾ ਗਿਆ ਹੈ ਕਿ ਇਸਤਰੀ ਨੂੰ ਆਪਣੇ ਹੱਥੀਂ ਮਦਿਰਾ ਪਿਲਾ ਕੇ ਚਾਲਾਕੀ ਨਾਲ ਪੂਰੀ ਤਰ੍ਹਾਂ ਨਸ਼ੇ ਵਿੱਚ ਕਰ ਦਿੱਤਾ ਗਿਆ ਅਤੇ ਇਸ ਛਲ ਨਾਲ ਉਸਨੂੰ ਸੁਲਾ ਦਿੱਤਾ ਗਿਆ, ਤਾਂ ਜੋ ਰਾਜਾ ਬਿਨਾ ਧਰਮ ਅਤੇ ਇੱਜ਼ਤ ਗਵਾਏ ਆਪਣੇ ਆਪ ਨੂੰ ਬਚਾ ਸਕੇ।

ਅੜਿਲ॥ ਭਰਿ ਭਰਿ ਨਿਜੁ ਕਰ ਪ੍ਯਾਲੇ ਮਦ ਤਿਹ ਪ੍ਰਯਾਇਯੋ॥ ਰਾਮਜਨੀ ਸੌ ਅਧਿਕ ਸੁ ਨੇਹ ਜਤਾਇਯੋ॥ ਮਤ ਹੋਇ ਸ੍ਵੈ ਗਈ ਰਾਇ ਤਬ ਯੌ ਕਿਯੋ॥ ਹੋ ਸਾਠਿ ਮੁਹਰ ਦੈ ਤਾਹਿ ਭਜਨ ਕੋ ਮਗੁ ਲਿਯੋ॥੪੬॥ ਜੋ ਤੁਮ ਸੌ ਹਿਤ ਕਰੇ ਨ ਤੁਮ ਤਿਹ ਸੌ ਕਰੋ॥ ਜੋ ਤੁਮਰੇ ਰਸ ਢਰੇ ਨ ਤਿਹ ਰਸ ਤੁਮ ਢਰੋ॥ ਜਾ ਕੇ ਚਿਤ ਕੀ ਬਾਤ ਆਪੁ ਨਹਿ ਪਾਇਯੈ॥ ਹੋ ਤਾ ਕਹ ਚਿਤ ਕੋ ਭੇਦ ਨ ਕਬਹੁ ਜਤਾਇਯੈ॥੪੭॥ – ਰਾਜਾ ਉਸ ਇਸਤਰੀ ਨੂੰ ਆਪਣੇ ਹੱਥੀਂ ਪਿਆਲੇ ਭਰ ਭਰ ਕੇ ਮਦਿਰਾ ਪਿਲਾਂਦਾ ਹੈ ਅਤੇ ਪਿਆਰ ਦਿਖਾ ਕੇ ਉਸਦਾ ਭਰੋਸਾ ਹੋਰ ਵਧਾ ਦਿੰਦਾ ਹੈ। ਜਦੋਂ ਉਹ ਪੂਰੀ ਤਰ੍ਹਾਂ ਨਸ਼ੇ ਵਿੱਚ ਹੋ ਕੇ ਸੌ ਜਾਂਦੀ ਹੈ ਤਾਂ ਰਾਜਾ ਆਪਣੀ ਯੋਜਨਾ ਅਨੁਸਾਰ ਉਸਨੂੰ ਕੁਝ ਮੁਹਰਾਂ ਦੇ ਕੇ ਉੱਥੋਂ ਚੁੱਪਚਾਪ ਨਿਕਲ ਜਾਂਦਾ ਹੈ। ਅੱਗੇ ਨੈਤਿਕ ਸਿੱਖਿਆ ਦਿੱਤੀ ਗਈ ਹੈ ਕਿ ਜੋ ਵਿਅਕਤੀ ਸੱਚੇ ਮਨ ਨਾਲ ਤੁਹਾਡਾ ਭਲਾ ਨਹੀਂ ਕਰਦਾ, ਉਸ ਨਾਲ ਤੁਹਾਨੂੰ ਵੀ ਅੰਦਰੋਂ ਨਹੀਂ ਜੁੜਨਾ ਚਾਹੀਦਾ। ਜਿਸਦੇ ਮਨ ਦੇ ਭਾਵ ਤੁਹਾਨੂੰ ਸਮਝ ਨਹੀਂ ਆਉਂਦੇ, ਉਸਦੇ ਸਾਹਮਣੇ ਆਪਣਾ ਮਨ ਦਾ ਭੇਦ ਕਦੇ ਵੀ ਪ੍ਰਗਟ ਨਹੀਂ ਕਰਨਾ ਚਾਹੀਦਾ। ਇਹ ਸਾਰਾ ਪ੍ਰਸੰਗ ਸਾਵਧਾਨੀ, ਬੁੱਧੀਮਾਨੀ ਅਤੇ ਆਤਮ-ਸੰਯਮ ਦੀ ਸਿੱਖਿਆ ਦਿੰਦਾ ਹੈ।

ਦੋਹਰਾ॥ ਰਾਇ ਭਜ੍ਯੋ ਤ੍ਰਿਯ ਮਤ ਕਰਿ ਸਾਠਿ ਮੁਹਰ ਦੈ ਤਾਹਿ॥ ਆਨਿ ਬਿਰਾਜ੍ਰਯੋ ਧਾਮ ਮੈ ਕਿਨਹੂੰ ਨ ਹੇਰਿਯੋ ਵਾਹਿ॥੪੮॥ ਅੜਿਲ॥ ਤਬੈ ਰਾਇ ਗ੍ਰਿਹ ਆਇ ਸੁ ਪ੍ਰਣ ਐਸੇ ਕਿਯੋ॥ ਭਲੇ ਜਤਨ ਸੌ ਰਾਖਿ ਧਰਮ ਅਬ ਮੈ ਲਿਯੋ॥ ਦੇਸ ਦੇਸ ਨਿਜੁ ਪ੍ਰਭ ਕੀ ਪ੍ਰਭਾ ਬਿਖੇਰਿਹੌ॥ ਹੋ ਆਨ ਤ੍ਰਿਯਾ ਕਹ ਬਹੁਰਿ ਨ ਕਬਹੂੰ ਹੇਰਿਹੌ॥੪੯॥ ਦੋਹਰਾ॥ ਵਹੈ ਪ੍ਰਤਗ੍ਰਯਾ ਤਦਿਨ ਤੇ ਬ੍ਯਾਪਤ ਮੋ ਹਿਯ ਮਾਹਿ॥ ਤਾ ਦਿਨ ਤੇ ਪਰ ਨਾਰਿ ਕੌ ਹੇਰਤ ਕਬਹੂੰ ਨਾਹਿ॥੫੦॥ – ਰਾਜਾ ਉਸ ਇਸਤਰੀ ਨੂੰ ਪੂਰੀ ਤਰ੍ਹਾਂ ਨਸ਼ਾ ਕਰਾ ਕੇ ਕੁਝ ਮੁਹਰਾਂ ਦੇ ਕੇ ਚੁੱਪਚਾਪ ਉੱਥੋਂ ਨਿਕਲ ਜਾਂਦਾ ਹੈ ਅਤੇ ਬਿਨਾ ਕਿਸੇ ਦੇ ਵੇਖੇ ਆਪਣੇ ਘਰ ਸੁਰੱਖਿਅਤ ਪਹੁੰਚ ਜਾਂਦਾ ਹੈ। ਘਰ ਆ ਕੇ ਉਹ ਆਪਣੇ ਮਨ ਵਿੱਚ ਦ੍ਰਿੜ ਨਿਸ਼ਚਾ ਕਰਦਾ ਹੈ ਕਿ ਉਸਨੇ ਬਹੁਤ ਸੋਚ ਸਮਝ ਕੇ ਧਰਮ ਦੀ ਰੱਖਿਆ ਕੀਤੀ ਹੈ ਅਤੇ ਹੁਣ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਪਰਾਈ ਇਸਤਰੀ ਵੱਲ ਨਹੀਂ ਤੱਕੇਗਾ। ਉਹ ਇਹ ਵੀ ਸੋਚਦਾ ਹੈ ਕਿ ਹੁਣ ਉਹ ਆਪਣੇ ਪ੍ਰਭੂ ਦੀ ਮਹਿਮਾ ਨੂੰ ਹਰ ਥਾਂ ਫੈਲਾਵੇਗਾ ਅਤੇ ਸੰਯਮਤ ਜੀਵਨ ਜਿਉਂਏਗਾ। ਆਖ਼ਰ ਵਿੱਚ ਕਿਹਾ ਗਿਆ ਹੈ ਕਿ ਉਸ ਦਿਨ ਤੋਂ ਇਹ ਪ੍ਰਤਿਗਿਆ ਉਸਦੇ ਹਿਰਦੇ ਵਿੱਚ ਵੱਸ ਗਈ ਅਤੇ ਉਸ ਦਿਨ ਤੋਂ ਬਾਅਦ ਉਸਨੇ ਕਦੇ ਵੀ ਪਰਾਈ ਨਾਰੀ ਵੱਲ ਨਜ਼ਰ ਨਹੀਂ ਮਾਰੀ।

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਖੋੜਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ॥੧੬॥੩੧੫॥ -ਇਸ ਨਾਲ ਰਾਜੇ ਤੇ ਭੂਪ ਵਿੱਚਲਾ ਸੰਵਾਦ ਇਹ ਚਰਿਤਰ ਇੱਥੇ ਸਮਾਪਤ ਹੁੰਦਾ ਹੈ।

ਇਸ ਚਰਿਤ੍ਰ ਦਾ ਨੈਤਿਕ ਸਾਰ

ਇਹ ਉਹੀ ਚਰਿਤ੍ਰ ਹੈ ਕਮਜਿਸ ਬਾਰੇ ਬਹੁਤ ਸਾਰੇ ਅਖੌਤੀ ਵਿਦਵਾਨ ਦਸਮ ਬਾਣੀ ਦਾ ਵਿਰੋਧ ਕਰਦੇ ਹਨ ਤੇ ਆਖਦੇ ਹਨ ਕੇ ਦਸਮ ਬਾਣੀ ਵਿੱਚ ਇਹ ਕਿਉਂ ਲਿਖਿਆ ਹੈ ਕੇ “ਤੁਮ ਮਦਰਾ ਪੀਵਹੁ ਘਨੋ ਹਮੈ ਪਿਵਾਵਹੁ ਭੰਗ॥”। ਬਿਨਾ ਪੂਰਾ ਚਰਿੱਤਰ ਪੜ੍ਹੇ ਸਮਝੇ ਸਵਾਲ ਪੁੱਛਣਾ ਗਲਤ ਹੈ। ਪੂਰਾ ਪ੍ਰਸੰਗ ਪੜ੍ਹਨ ਤੇ ਪਤਾ ਲਗਦਾ ਹੈ ਕੇ ਰਾਜਾ ਨਾ ਤਾ ਭੱਜ ਸਕਦਾ ਸੀ ਨਾ ਪਰਾਈ ਇਸਤ੍ਰੀ ਨਾਲ ਭੋਗ ਦੀ ਇੱਛਾ ਸੀ। ਜੇ ਭੱਜਦਾ ਹੈ ਤਾਂ ਇਸਤ੍ਰੀ ਸ਼ੋਰ ਮਚਾ ਕੇ ਲੋਕਾਂ ਨੂੰ ਕੱਠਾ ਕਰਨ ਦੀ ਧਮਕੀ ਦੇ ਰਹੀ ਸੀੱ ਲੋਕਾਂ ਨੇ ਇਹ ਸਮਝਣਾ ਸੀ ਕੇ ਜਿਸਨੂੰ ਉਹ ਇਮਾਨਦਾਰ ਰਾਜਾ ਸਮਝਦੇ ਹਨ ਕਿਰਦਾਰ ਦਾ ਪੱਕਾ ਉਹ ਇਸਤਰੀ ਦੀ ਇੱਜ਼ਤ ਲੁੱਟ ਰਹਿਆ ਹੈ। ਇਸ ਦੁਬਿਧਾ ਤੋਂ ਨਿਕਲਣ ਲਈ ਰਾਜੇ ਨੇ ਛਲ ਕਰਨ ਵਾਲੇ ਨੂੰ ਛਲਿਆ। ਆਪਣਾ ਕਿਰਦਾਰ ਪੱਕਾ ਰੱਖਿਆ। ਬਿਨਾਂ ਕਾਮ ਦੇ ਵੱਸ ਆਏ ਚਲਾਕੀ ਨਾਲ ਉੱਥੋਂ ਨਿਕਲ ਗਿਆ। ਇਸ ਚਰਿੱਤਰ ਵਿੱਚ ਗਹਿਰਾ ਆਦੇਸ਼ ਛੁਪਿਆ ਹੈ ਕੇ ਕਿਸੇ ਵੀ ਹਾਲ ਵਿੱਚ ਕਾਮ ਵਿੱਚ ਗਲਤਾਨ ਨਹੀਂ ਹੋਣਾ। ਹੋਸ਼ਿਆਰੀ ਤੇ ਚਲਾਕੀ ਵਰਤਣ ਵਿੱਚ ਕੋਈ ਹਰਜ ਨਹੀਂ ਜੇ ਆਪਣੀ ਇੱਜ਼ਤ ਬਚਦੀ ਹੈ ਤੇ ਕਿਸੇ ਹੋਰ ਦਾ ਨੁਕਸਾਨ ਵੀ ਨਹੀਂ ਹੁਂਦਾ।

ਚਰਿੱਤਰ ਬਣਦਾ ਹੈ ਗੁਣਾਂ ਦੇ ਨਾਲ। ਗੁਣ ਹਾਸਲ ਹੁੰਦੇ ਹਨ ਮਨੁੱਖ ਦੇ ਹਾਲਾਤ, ਉਸਦੀ ਸੰਗਤ, ਉਸਦੇ ਨਿੱਜੀ ਤਜਰਬਿਆਂ ਨਾਲ, ਉਸਦੇ ਗਿਆਨ ਨਾਲ।

ਗੁਣਾਂ ਦੀ ਮਤਿ ਹੈ ਗੁਰਮਤਿ। ਗੁਣਾਂ ਦੇ ਗਿਆਨ ਨਾਲ ਚਰਿੱਤਰ ਸਵਾਰਿਆ ਜਾਂਦਾ ਹੈ। ਜਿਵੇਂ ਗੁਰਬਾਣੀ ਆਖਦੀ ਹੈ ਕੇ “ਬਿਨੁ ਦੇਖੇ ਉਪਜੈ ਨਹੀ ਆਸਾ ॥” ਜਦੋਂ ਅਗਿਆਨਤਾ ਹੋ ਜਾਵੇ ਆਸ ਜਾਗ ਜਾਵੇ ਉਸਨੂੰ ਕਾਬੂ ਕਰਨ ਦਾ ਮਾਰਗ ਹੈ ਗਿਆਨ। ਚਰਿੱਤਰ ਦੁਆਰਾ ਪਾਤਿਸ਼ਾਹ ਨੇ ਸਪਸ਼ਟ ਕੀਤਾ ਹੈ, ਸਮਝਾਇਆ ਹੈ ਕੇ ਵੇਖੋ ਭਾਈ ਇਹ ਸਬ ਤੁਹਾਡੇ ਨਾਲ ਵੀ ਹੋ ਸਕਦਾ ਹੈ। ਧਿਆਨ ਰਹੇ। ਬਚ ਕੇ ਰਹੋ।

ਆਪਣਾ ਚਰਿੱਤਰ ਦੇਖਣ ਲਈ ਕੋਈ ਸ਼ੀਸ਼ਾ ਨਹੀਂ ਹੁੰਦਾ। ਤੁਸੀਂ ਕੀ ਕਰਦੇ ਹੋਂ ਕਿਵੇਂ ਸੋਚਦੇ ਹੋਂ ਜਦੋਂ ਕੋਈ ਦੇਖ ਨਹੀਂ ਰਹਿਆ ਹੁੰਦਾ ਉਸ ਨਾਲ ਤੁਹਾਡਾ ਚਰਿੱਤਰ ਪਤਾ ਲਗਦਾ ਹੈ। ਤੁਹਾਡੇ ਅੰਦਰ ਕੀ ਹੈ, ਤੁਸੀਂ ਗੱਲ ਕਿਤਨੀ ਸਪਸ਼ਟ ਕਰਦੇਵਹੋਂ, ਝੂਠ ਤਾਂ ਨਹੀਂ ਬੋਲਦੇ, ਪ੍ਰਧਾਨਗੀ ਦੀ, ਮਸ਼ਹੂਰ ਹੋਣ ਦੀ ਕਿਤਨੀ ਲਾਲਸਾ ਹੈ ਇਸ ਨਾਲ ਵੀ ਤੁਹਾਡਾ ਚਰਿੱਤਰ ਪਤਾ ਲਗਦਾ ਹੈ। ਇਮਾਨਦਾਰੀ, ਨਿਰਪੱਖਦਾ, ਕਿਰਦਾਰ ਤੇ ਚਰਿੱਤਰ ਦੀ ਨੀਂਹ ਹੁੰਦੀ ਹੈ। ਆਚਰਣ ਕੇਵਲ ਬਾਹਰੀ ਦਿਖਾਵਾ ਹੁੰਦਾ ਹੈ ਸੋਝੀ ਤੁਹਾਡੀ ਕਾਇਆ ਦਾ ਪ੍ਰਤਿਬਿੰਬ।

Resize text