Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਚਰਿਤ੍ਰੋਪਖ੍ਯਾਨ ਚਰਿਤ੍ਰ ਅਠਾਠਵਾਂ – Charitropakhyan charitra 88

ਚਰਿਤ੍ਰ ਅਠਾਠਵਾਂ – ਕਥਾ ਸ਼ਾਹੂਕਾਰ ਦਾ ਪੁਤੱਰ (ਗੁਰੂ ਗੋਬਿੰਦ ਸਿੰਘ ਜੀ॥ ਚਰਿਤ੍ਰੋਪਖ੍ਯਾਨ॥ 891 ॥ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ)

ਇਹ ਕਥਾ ਮਨੁੱਖੀ ਸੰਬੰਧਾਂ, ਚਤੁਰਤਾ, ਧੋਖੇ ਅਤੇ ਨਿਆਂ ਦੀ ਗਹਿਰੀ ਸਮਝ ਦਿੰਦੀ ਹੈ।

ਚਰਿਤ੍ਰੋ = ਚਾਲ-ਚਲਣ, ਕਿਰਦਾਰ, ਮਨੁੱਖੀ ਵਰਤਾਰਾ
ਪਖਯਾਨ = ਵਰਣਨ, ਕਥਾ, ਪ੍ਰਸੰਗ

ਇਹ ਮਨੁੱਖੀ ਚਾਲ-ਚਲਣ ਅਤੇ ਕਿਰਦਾਰਾਂ ਦੇ ਵਰਣਨ ਵਾਲੀਆਂ ਕਥਾਵਾਂ ਦਾ ਸੰਗ੍ਰਹ ਹੈ। ਜਿੱਥੇ ਆਦਿ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਕਾਰ ਤਜਣ ਦੀ ਗਲ ਕਰਦੀ ਹੈ ਤੇ ਆਖਦੀ ਹੈ ਕੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਦ੍ਵੇਸ਼, ਝੂਠ, ਨਿੰਦਿਆ, ਚੁਹਗਲੀ ਆਦੀ ਵਿਕਾਰ ਮਨੁੱਖ ਦੀ ਕਾਇਆ ਨੂੰ ਗਾਲਦੇ ਹਨ, ਦਸਮ ਬਾਣੀ ਚਰਿਤ੍ਰ ਪਖਿਆਨ ਦੁਆਰਾ ਉਦਾਹਰਣ ਦੇ ਕੇ ਸਮਝਾਉਂਦੀ ਹੈ ਕੇ ਮਨੁੱਖੀ ਕਿਰਦਾਰ ਰਿਸ਼ਤਿਆਂ ਤੋਂ ਉੱਪਰ ਕਾਮ ਦੁਆਰਾ ਕਿਵੇਂ ਗ੍ਰਸਤ ਹੁੰਦਾ ਹੈ। ਕਿਵੇਂ ਵੱਡੇ ਵੱਡੇ ਮੁੰਨ ਦੇਵਤੇ, ਸਾਧ, ਗਿਆਨੀ ਵੀ ਕਾਮ ਅੱਗੇ ਡੋਲ ਜਾਂਦੇ ਹਨ। ਜਦੋਂ ਮਨੁੱਖ ਕਾਮ ਦੇ ਅਧੀਨ ਹੁੰਦਾ ਹੈ ਆਪਣੇ ਦੋਸ, ਮਿੱਤਰ, ਰਿਸ਼ਤੇਦਾਰਾਂ ਨੂੰ ਵੀ ਠੱਗਦਾ ਹੈ। ਲੋੜ ਵੇਲੇ, ਮੁਸੀਬਤ ਵੇਲੇ ਗਧੇ ਨੂੰ ਪਿਉ ਹੀ ਨਹੀਂ ਬਣਾਉਂਦਾ ਕਈ ਵਾਰ ਐਸਾ ਕੰਮ ਵੀ ਕਰ ਜਾਂਦਾ ਹੈ ਜੋ ਸੋਚਣ ਵੇਖਣ ਵਾਲੇ ਨੁੰ ਹੈਰਾਨ ਕਰ ਦਿੰਦਾ ਹੈ। ਵੇਖੋ ਇਸ ਚਰਿੱਤਰ ਵਿੱਚ ਵੈਦ ਨੂੰ ਕੀ ਕਰਨਾ ਪਿਆ। ਮੁਸੀਬਤ ਇੰਨਸਾਨ ਨੂੰ ਕੀ ਕੁੱਝ ਕਰਵਾ ਸਕਦੀ ਹੈ।

ਸਾਹੁ ਏਕ ਗੁਜਰਾਤ ਕੇ ਤਾ ਕੇ ਗ੍ਰਿਹ ਇਕ ਪੂਤ॥ ਸੌਦਾ ਕੌ ਚੌਕਸ ਕਰੈ ਪਿਤੁ ਤੇ ਭਯੋ ਸਪੂਤ॥੧॥
ਅਰਥ – ਗੁਜਰਾਤ ਦਾ ਇਕ ਸ਼ਾਹੂਕਾਰ ਸੀ। ਉਹਦੇ ਘਰ ਇਕ ਪੁੱਤਰ ਸੀ। ਜੋ ਪਿਤਾ ਦਾ ਸਪੁੱਤਰ ਸੀ ਅਤੇ ਵਿਉਪਾਰ ਵਿਚ ਬੜਾ ਚਤਰ ਸੀ॥੧॥

ਨਾਊ ਕੇ ਇਕ ਪੁਤ੍ਰ ਸੋ ਤਾ ਕੇ ਰਹੈ ਪ੍ਯਾਰ॥ ਸੂਰਤਿ ਮੈ ਦੋਊ ਏਕਸੋ ਕੋਊ ਨ ਸਕੈ ਬਿਚਾਰ॥੨॥
ਪਦਾ ਅਰਥ -ਨਾਊ=ਨਾਈ। ਬਿਚਾਰ=ਪਛਾਣ।
ਅਰਥ – ਉਸ ਦਾ ਪਿਆਰ ਇਕ ਨਾਈ ਦੇ ਪੁੱਤਰ ਨਾਲ ਸੀ। ਸ਼ਕਲੋਂ ਦੋਵੇਂ ਇਕੋ ਜਿਹੇ ਸਨ। (ਉਨ੍ਹਾਂ ਨੂੰ) ਕੋਈ ਪਛਾਣ ਨਹੀਂ ਸਕਦਾ ਸੀ॥੨॥

ਚੌਪਈ॥ ਸਾਹੁ ਪੁਤ੍ਰ ਸਸੁਰਾਰੇ ਚਲੋ॥ ਸੰਗ ਲਏ ਨਊਆ ਸੁਤ ਭਲੋ॥ ਗਹਿਰੇ ਬਨ ਭੀਤਰ ਦੋਊ ਗਏ॥ ਬਚਨ ਕਹਤ ਨਊਆ ਸੁਤ ਭਏ॥੩॥
ਅਰਥ–ਚੌਪਈ, ਸ਼ਾਹ ਦਾ ਪੁੱਤਰ ਸੌਹਰੇ ਘਰ ਨੂੰ ਚਲਿਆ ਅਤੇ (ਆਪਣੇ) ਨਾਲ ਨਾਈ ਦੇ ਪੁੱਤਰ ਨੂੰ ਲੈ ਲਿਆ। (ਜਦੋਂ) ਦੋਵੇਂ ਸੰਘਣੇ ਬਨ ਵਿਚ ਗਏ (ਤਾਂ ਉਸ ਨਾਲ) ਨਾਈ ਦੇ ਪੁੱਤਰ ਨੇ ਬੋਲ ਸਾਂਝੇ ਕੀਤੇ॥੩॥

ਨਊਆ ਕੇ ਸੁਤ ਬਚਨ ਉਚਾਰੇ॥ ਸੁਨੋ ਸਾਹੁ ਸੁਤ ਬੈਨ ਹਮਾਰੇ॥ ਤਬ ਹੌ ਯਾਰ ਤੁਮੈ ਪਹਿਚਾਨੌ॥ ਮੇਰੇ ਕਹਿਯੋ ਅਬੈ ਜੌ ਮਾਨੌ॥੪॥
ਅਰਥ
– ਨਾਈ ਦੇ ਪੁੱਤਰ ਨੇ ਕਿਹਾ–ਹੇ ਸ਼ਾਹ ਦੇ ਪੁੱਤਰ! ਮੇਰੀ ਇਕ ਗੱਲ ਸੁਣੋ। ਮੈਂ ਤਦ ਹੀ ਤੁਹਾਨੂੰ ਆਪਣਾ ਮਿਤਰ ਮੰਨਾਗਾ, ਜੇ ਹੁਣੇ ਮੇਰਾ ਕਿਹਾ ਮੰਨੋ॥੪॥

ਦੋਹਰਾ॥ ਅਸ੍ਵ ਬਸਤ੍ਰ ਸਭ ਅਪਨੇ ਤਨਕਿਕ ਮੋ ਕੇ ਦੇਹੁ॥ ਯਹ ਬੁਗਚਾ ਤੁਮ ਲੈ ਚਲੌ ਚਲਿ ਆਗੇ ਫਿਰਿ ਲੇਹੁ॥੫॥
ਪਦ ਅਰਥ – ਅਸ=ਘੋੜਾ।। ਤਨਕਿਕ=ਬੋੜ੍ਹਾ ਚਿਰ। ਬੁਗਚਾ=ਗਠੜੀ।
ਅਰਥ – ਦੋਹਰਾ ਆਪਣਾ ਘੋੜਾ ਅਤੇ ਸਾਰੇ ਬਸਤ੍ਰ ਥੋੜੀ ਦੇਰ ਲਈ ਮੈਨੂੰ ਦੇ ਦਿਓ ਅਤੇ ਇਹ ਗਠਰੀ ਤੁਸੀਂ ਲੈ ਲਓ ਅਤੇ ਲੈ ਕੇ ਮੇਰੇ ਅਗੇ ਚਲੋ॥੫॥

ਚੌਪਈ॥ ਸਾਹੁ ਪੁਤ੍ਰ ਸੋਈ ਤਬ ਕਰਿਯੋ॥ ਤਾ ਕੌ ਬੁਗਚਾ ਨਿਜੁ ਸਿਰਿ ਧਰਿਯੋ॥ ਨਿਜੁ ਘੋਰਾ ਪੈ ਤਾਹਿ ਚਰਾਯੋ॥ ਅਪੁਨੇ ਬਸਤ੍ਰਨ ਸੋ ਪਹਿਰਾਯੋ॥੬॥
ਅਰਥ
– ਚੌਪਈ, ਸ਼ਾਹ ਦੇ ਪੁੱਤਰ ਨੇ ਉਸੇ ਤਰ੍ਹਾਂ ਕੀਤਾ। ਉਸ ਦੀ ਗਠਰੀ ਆਪਣੇ ਸਿਰ ਉਤੇ ਧਰ ਲਈ। ਉਸ ਨੂੰ ਆਪਣੇ ਘੋੜੇ ਉਤੇ ਚੜ੍ਹਾ ਲਿਆ ਅਤੇ ਆਪਣੇ ਬਸਤ੍ਰ ਉਸ ਨੂੰ ਪਵਾ ਦਿੱਤੇ॥੬॥

ਨਊਆ ਸੁਤ ਤਿਹ ਭੇਖ ਬਨਾਯੋ॥ ਦੇ ਬੁਗਚਾ ਸੁਤ ਸਾਹੁ ਚਲਾਯੋ॥ ਤਾ ਕੇ ਅਤਿ ਹੀ ਚਿਤ ਹਰਖਾਨੋ॥ ਸਾਹੁ ਪੁਤ੍ਰ ਕਛੁ ਭੇਦ ਨ ਜਾਨੋ॥੭॥
ਅਰਥ
– ਨਾਈ ਦੇ ਪੁੱਤਰ ਨੇ ਉਸ ਦਾ ਭੇਸ ਬਣਾ ਲਿਆ ਅਤੇ ਗਠਰੀ ਦੇ ਕੇ ਸ਼ਾਹ ਦੇ ਪੁੱਤਰ ਨੂੰ ਚਲਾ ਦਿੱਤਾ। ਉਸ ਦਾ ਚਿਤ ਬਹੁਤ ਖੁਸ਼ ਸੀ, ਪਰ ਸ਼ਾਹ ਦਾ ਪੁੱਤਰ ਕੁਝ ਵੀ ਭੇਦ ਨ ਸਮਝ ਸਕਿਆ॥੭॥

ਦੋਹਰਾ॥ ਚਲਤ ਚਲਤ ਸਸੁਰਾਰਿ ਕੌ ਗਾਵ ਪਹੂੰਚ੍ਯੋ ਆਇ॥ ਉਤਰਿ ਨ ਤਿਹ ਸੁਤ ਸਾਹੁ ਕੇ ਹੈ ਪਰ ਲਿਯੋ ਚਰਾਇ॥੮॥
ਪੁਦ ਅਰਥ – ਹੈ=ਘੋੜੇ ।।
ਅਰਥ – ਦੋਹਰਾ, ਤੁਰਦੇ ਤੁਰਦੇ ਉਹ ਸੌਹਰੇ ਪਿੰਡ ਆ ਪਹੁੰਚੇ। ਪਰ ਉਸ ਨੇ ਉਤਰ ਕੇ ਘੋੜੇ ਉਤੇ ਸ਼ਾਹ ਦੇ ਪੁੱਤਰ ਨੂੰ ਨ ਚੜ੍ਹਾਇਆ॥੮॥

ਸਾਹੁ ਪੁਤ੍ਰ ਤਿਹ ਕਹਿ ਰਹਿਯੋ ਲਯੋ ਨ ਤੁਰੈ ਚਰਾਇ॥ ਸਾਹੁ ਪੁਤ੍ਰ ਲਖਿ ਤਿਹ ਧਨੀ ਸਕਲ ਮਿਲਤ ਭੇ ਆਇ॥੯॥
ਅਰਥ
– ਸ਼ਾਹ ਦਾ ਪੁੱਤਰ ਉਸ ਨੂੰ ਕਹਿੰਦਾ ਰਿਹਾ (ਪਰ ਉਸ ਨੇ) ਘੋੜੇ ਉਤੇ ਨ ਚੜ੍ਹਾਇਆ। ਉਸ ਧਨੀ ਨੂੰ ਸ਼ਾਹ ਦਾ ਪੁੱਤਰ ਸਮਝ ਕੇ ਸਭ ਮਿਲਣ ਲਈ ਆਏ॥੯॥

ਚੌਪਈ॥ ਸਾਹੁ ਪੁਤ੍ਰ ਨਊਆ ਕਰਿ ਮਾਨ੍ਯੋ॥ ਨਊਆ ਸੁਤ ਸੁਤ ਸਾਹੁ ਪਛਾਨ੍ਯੋ॥ ਅਤਿ ਲਜਾਇ ਮਨ ਮੈ ਵਹੁ ਰਹਿਯੋ॥ ਤਿਨ ਪ੍ਰਤਿ ਕਛੂ ਬਚਨ ਨਹਿ ਕਹਿਯੋ॥੧੦॥
ਅਰਥ
– ਚੌਪਈ, ਸ਼ਾਹ ਦੇ ਪੁੱਤਰ ਨੂੰ ਨਾਈ ਦਾ ਅਤੇ ਨਾਈ ਦੇ ਪੁੱਤਰ ਨੂੰ ਸ਼ਾਹ ਦਾ ਪੁੱਤਰ ਕਰ ਕੇ (ਸਭ ਨੇ) ਪਛਾਣਿਆ। ਉਹ (ਸ਼ਾਹ ਦਾ ਪੁੱਤਰ) ਮਨ ਵਿਚ ਬਹੁਤ ਸ਼ਰਮਿੰਦਾ ਹੋਇਆ ਪਰ ਉਸ ਪ੍ਰਤਿ ਉਸ ਨੇ ਕੋਈ ਬਚਨ ਨ ਕਿਹਾ॥੧੦॥

ਦੋਹਰਾ॥ ਨਊਆ ਸੁਤ ਕੇ ਸਾਹੁ ਕੀ ਦੀਨੀ ਬਧੂ ਮਿਲਾਇ॥ ਸਾਹੁ ਪੁਤ੍ਰ ਸੋ ਯੌ ਕਹਿਯੋ ਦੁਆਰੇ ਬੈਠਹੁ ਜਾਇ॥੧੧॥
ਪਦ ਅਰਥ – ਬਧੂ=ਾਇਸਤ੍ਰੀ ।
ਅਰਥ – ਦੋਹਰਾ, ਨਾਈ ਦੇ ਪੁੱਤਰ ਨੂੰ ਸ਼ਾਹ ਦੇ ਪੁੱਤਰ ਦੀ ਪਤਨੀ ਮਿਲਾ ਦਿੱਤੀ ਅਤੇ ਸ਼ਾਹ ਦੇ ਪੁੱਤਰ ਨੂੰ ਇਸ ਤਰ੍ਹਾਂ ਕਿਹਾ ਕਿ ਉਹ ਦਰਵਾਜ਼ੇ ਉਤੇ ਜਾ ਕੇ ਬੈਠੇ॥੧੧॥

ਚੌਪਈ॥ ਤਬ ਨਊਆ ਯੌ ਬਚਨ ਉਚਾਰੇ॥ ਕਹੌ ਕਾਜ ਇਹ ਕਰੋ ਹਮਾਰੇ॥ ਬਹੁ ਬਕਰੀ ਤਿਹ ਦੇਹੁ ਚਰਾਵੈ॥ ਦਿਵਸ ਚਰਾਇ ਰਾਤਿ ਘਰ ਆਵੈ॥੧੨॥
ਅਰਥ
– ਚੌਪਈ, ਤਦ ਨਾਈ ਦੇ ਪੁੱਤਰ ਨੇ ਇਸ ਤਰ੍ਹਾਂ ਕਿਹਾ– (ਇਸ ਨੂੰ) ਕਹੋ ਕਿ ਮੇਰਾ ਇਹ ਕੰਮ ਕਰੇ। ਇਸ ਨੂੰ ਬਹੁਤ ਸਾਰੀਆਂ ਬਕਰੀਆਂ ਚਰਾਉਣ ਲਈ ਦਿਓ। ਦਿਨ ਨੂੰ ਚਰਾ ਕੇ ਰਾਤ ਨੂੰ ਆ ਜਾਵੇ॥੧੨॥

ਦੋਹਰਾ॥ ਸਾਹੁ ਪੁਤ੍ਰ ਛੇਰੀ ਲਏ ਬਨ ਮੈ ਭਯੋ ਖਰਾਬ॥ ਸੂਕਿ ਦੂਬਰੋ ਤਨ ਭਯੋ ਹੇਰੇ ਲਜਤ ਰਬਾਬ॥੧੩॥
ਪਦ ਅਰਥ – ਛੇਰੀ = ਬੱਕਰੀ। ਲਜਤ=ਲੱਜਿਆ/ ਸ਼ਰਮ ।
ਅਰਥ – ਘਰ ਦੋ ਹਰਾ ਸ਼ਾਹ ਦਾ ਪੁੱਤਰ ਬਕਰੀਆਂ ਲੈ ਕੇ ਬਨ ਵਿਚ ਖੁਆਰ ਹੁੰਦਾ ਰਿਹਾ ਅਤੇ ਸ਼ਰਮ ਦਾ ਮਾਰਿਆ ਸੁਕ ਕੇ ਰਬਾਬ ਵਰਗਾ ਦੁਬਲਾ ਹੋ ਗਿਆ॥੧੩॥

ਚੌਪਈ॥ ਅਤਿ ਦੁਰਬਲ ਜਬ ਤਾਹਿ ਨਿਹਾਰਿਯੋ॥ ਤਬ ਨਊਆ ਸੁਤ ਬਚਨ ਉਚਾਰਿਯੋ॥ ਏਕ ਖਾਟ ਯਾ ਕੇ ਅਬ ਦੀਜੈ॥ ਮੇਰੋ ਕਹਿਯੋ ਬਚਨ ਯਹ ਕੀਜੈ॥੧੪॥
ਪਦ ਅਰਥ – ਦੁਰਬਲ=ਲਿੱਸਾ। ਨਿਹਾਰਯੋ=ਦੇਖਿਆ। ਨਊਆ=ਨਾਈ ।
ਅਰਥ – ਚੌਪਈ, ਜਦੋਂ ਉਸ ਨੂੰ ਬਹੁਤ ਦੁਰਬਲ ਵੇਖਿਆ ਤਦ ਨਾਈ ਦੇ ਪੁੱਤਰ ਨੇ ਕਿਹਾ– ਹੁਣ ਇਸ ਨੂੰ ਇਕ ਮੰਜੀ ਦੇ ਦਿਓ ਅਤੇ ਮੇਰੇ ਕਹੇ ਅਨੁਸਾਰ ਇਸ ਤਰ੍ਹਾਂ ਕਰੋ॥੧੪॥

ਦੋਹਰਾ॥ ਖਾਟ ਸਾਹੁ ਕੇ ਪੁਤ੍ਰ ਲੈ ਅਧਿਕ ਦੁਖ੍ਯ ਭਯੋ ਚਿਤ॥ ਗਹਿਰੇ ਬਨ ਮੈ ਜਾਇ ਕੈ ਰੋਵਤ ਪੀਟਤ ਨਿਤ॥੧੫॥
ਅਰਥ
– ਦੋਹਰਾ, ਸ਼ਾਹ ਦਾ ਪੁੱਤਰ ਮੰਜੀ ਲੈ ਕੇ ਮਨ ਵਿਚ ਹੋਰ ਵੀ ਦੁਖੀ ਹੋਇਆ। ਸੰਘਣੇ ਬਨ ਵਿਚ ਜਾ ਕੇ ਨਿੱਤ ਰੋਣ ਪਿਟਣ ਲਗਿਆ॥੧੫॥

ਮਹਾ ਰੁਦ੍ਰ ਅਰੁ ਪਾਰਬਤੀ ਜਾਤ ਹੁਤੈ ਨਰ ਨਾਹਿ॥ ਤਾ ਕੇ ਦੁਖਿਤ ਬਿਲੋਕਿ ਕੈ ਦਯਾ ਭਈ ਮਨ ਮਾਹਿ॥੧੬॥
ਅਰਥ
– ਮਹਾ ਰੁਦੂ ਅਤੇ ਪਾਰਬਤੀ ਸ਼ਾਹ ਦੇ ਪੁੱਤਰ ਕੋਲੋਂ ਲੰਘ ਰਹੇ ਸਨ। ਉਸ ਨੂੰ ਦੁਖੀ ਵੇਖ ਕੇ (ਉਨ੍ਹਾਂ ਦੇ) ਮਨ ਵਿਚ ਦਇਆ ਆ ਗਈ॥੧੬॥

ਚੌਪਈ॥ ਦਯਾ ਮਾਨ ਯੌ ਬਚਨ ਉਚਾਰੇ॥ ਸੁਨਹੁ ਸਾਹੁ ਕੇ ਸੁਤ ਦੁਖ੍ਰਯਾਰੇ॥ ਜਾਇ ਚਮਰੁ ਤੂ ਤੂ ਮੁਖ ਕਹਿ ਹੈ॥ ਛੇਰੀ ਲਗੀ ਭੂੰਮ ਮੈ ਰਹਿ ਹੈ॥੧੭॥
ਪਦ ਅਰਥ – ਚਮਰੁ।। ਚੰਬੜ ਜਾਣਾ। ਭੂਮਿ=ਧਰਤੀ।
ਅਰਥ – ਚੌਪਈ, ਦਇਆਵਾਨ ਹੋ ਕੇ (ਉਨ੍ਹਾਂ ਨੇ) ਇਸ ਤਰ੍ਹਾਂ ਕਿਹਾ]ਹੇ ਸ਼ਾਹ ਦੇ ਦੁਖੀ ਪੁੱਤਰ! ਸੁਣੋ। ਜਿਸ ਨੂੰ ਤੂੰ ਮੂੰਹ ਤੋਂ ਕਹੇਂਗਾ ‘ਤੂੰ ਚਿਮਟ ਜਾ’, ਤਾਂ ਉਹ ਬਕਰੀ ਭੂਮੀ ਨਾਲ ਜੁੜ ਜਾਏਗੀ॥੧੭॥

ਦੋਹਰਾ॥ ਜਬੈ ਉਝਰੁ ਤੂ ਭਾਖਿ ਹੈ ਤੁਰਤ ਵਹੈ ਛੁਟਿ ਜਾਇ॥ ਜਬ ਲਗਿਯੋ ਕਹਿ ਹੈ ਨਹੀ ਮਰੈ ਧਰਨਿ ਲਪਟਾਇ॥੧੮॥
ਅਰਥ
– ਦੋਹਰਾ, ਜਦੋਂ ਤੂੰ ਵਖ ਹੋ ਜਾਣ ਲਈ ਕਹੇਂਗਾ, ਉਸੇ ਵੇਲੇ ਉਹ ਖਲਾਸ ਹੋ ਜਾਏਗੀ। ਜਦ ਤਕ ਇਸ ਤਰ੍ਹਾਂ ਨਹੀਂ ਕਹੇਂਗਾ, ਉਹ ਧਰਤੀ ਨਾਲ ਲਗ ਕੇ ਮਰ ਜਾਏਗੀ॥੧੮॥

ਚੌਪਈ॥ ਜਬੈ ਚਮਰੁ ਤੂ ਵਹਿ ਮੁਖ ਕਹੈ॥ ਚਿਮਟਿਯੋ ਅਧਰ ਧਰਨਿ ਸੋ ਰਹੈ॥ ਸਾਚੁ ਬਚਨ ਸਿਵ ਕੇ ਜਬ ਭਯੋ॥ ਤਬ ਤਿਹ ਚਿਤ ਯਹ ਠਾਟ ਠਟ੍ਰਯੋ॥੧੯॥
ਅਰਥ
– ਜਦ ਉਸ (ਸ਼ਿਵ) ਨੇ ਮੁਖ ਤੋਂ ਤੂੰ ਚਿਮਟ ਜਾ’ ਕਿਹਾ ਤਾਂ (ਉਸ ਦਾ) ਹੇਠਲਾ ਹੋਠ (‘ਅਧਰ’) ਧਰਤੀ ਨਾਲ ਚਿਮਟ ਗਿਆ। ਜਦ ਸ਼ਿਵ ਦੇ ਬਚਨ ਸੱਚੇ ਸਿੰਧ ਹੋਏ, ਤਾਂ ਉਸ ਨੇ ਚਿਤ ਵਿਚ ਇਹ ਬਣਤ ਬਣਾਈ॥੧੯॥

ਦੋਹਰਾ॥ ਸਭੈ ਚਮਰੁ ਤੂ ਮੈ ਬਿਨਾ ਯਾ ਪੁਰ ਮੈ ਹ੍ਵੈ ਜਾਹਿ॥ ਜਹ ਤਹ ਨਰ ਨਾਰੀ ਹੁਤੀ ਲਗੀ ਰਹੀ ਛਿਤ ਮਾਹਿ॥੨੦॥
ਪਦ ਅਰਥ – ਛਿਤ=ਧਰਤੀ।
ਅਰਥ – (ਉਸ ਨੇ ਕਿਹਾ-) ਮੇਰੇ ਬਿਨਾ ਇਸ ਨਗਰ ਦੇ ਸਾਰੇ ਚਿਮਟ ਜਾਣ। ਜਿਥੇ ਕਿਥੇ ਜੋ ਨਰ ਨਾਰੀ ਸੀ, ਸਭ ਧਰਤੀ ਨਾਲ ਚਿਮਟ ਗਈ॥੨੦॥

ਸੋਤ ਜਗਤ ਬੈਠਤ ਉਠਤ ਚਿਮਟ ਗਏ ਛਿਨ ਮਾਹਿ॥ ਕੂਕ ਉਠੀ ਪੁਰ ਮੈ ਘਨੀ ਨੈਕ ਰਹੀ ਸੁਧਿ ਨਾਹਿ॥੨੧॥
ਅਰਥ
– ਸੌਂਦੇ, ਜਾਗਦੇ, ਉਠਦੇ, ਬੈਠਦੇ ਸਾਰੇ ਹੀ ਛਿਣ ਭਰ ਵਿਚ ਚਿਮਟ ਗਏ। ਸ਼ਹਿਰ ਵਿਚ ਬਹੁਤ ਚੀਖ ਚਹਾੜਾ ਪੈ ਗਿਆ ਅਤੇ ਕਿਸੇ ਵਿਚ ਸ਼ੁੱਧ ਬੁੱਧ ਨ ਰਹੀ॥੨੧॥

ਪਤਿ ਧੋਤੀ ਬਾਧਿਤ ਫਸਿਯੋ ਪਾਕ ਪਕਾਵਤ ਤ੍ਰੀਯ॥ ਨੌਆ ਤ੍ਰਿਯ ਸੋਵਤ ਫਸਿਯੋ ਕਛੁ ਨ ਰਹੀ ਸੁਧਿ ਜੀਯ॥੨੨॥
ਅਰਥ
– ਪਤੀ ਧੋਤੀ ਬੰਨ੍ਹਦਿਆਂ ਫਸ ਗਿਆ ਅਤੇ ਇਸਤਰੀ ਰਸੋਈ ਤਿਆਰ ਕਰਦੀ ਫਸ ਗਈ। ਨਵੀਂ ਵਿਆਹੀ ਇਸਤਰੀ (ਪਤੀ ਨਾਲ) ਸੁਤੀ ਹੋਈ ਫਸ ਗਈ ਅਤੇ (ਕਿਸੇ ਨੂੰ ਵੀ ਆਪਣੇ) ਜੀ ਦੀ ਹੋਸ਼ ਨ ਰਹੀ॥੨੨॥

ਚੌਪਈ॥ ਸਾਹੁ ਪੁਤ੍ਰ ਤਬਹ ਤਾ ਕੇ ਆਯੋ॥ ਕਹਾ ਭਯੋ ਕਹਿ ਤਿਸੈ ਸੁਨਾਯੋ॥ ਜੁ ਕਛੁ ਕਹੋ ਮੁਹਿ ਕਾਜ ਕਮਾਊ॥ ਬੈਦਹਿ ਢੂਢਿ ਤਿਹਾਰੇ ਲ੍ਯਾਊ॥੨੩॥
ਅਰਥ
– ਚੌਪਈ ਤਦ ਸ਼ਾਹ ਦਾ ਪੁੱਤਰ ਉਸ (ਨਾਈ ਦੇ ਪੁੱਤਰ) ਕੋਲ ਆਇਆ। ਜੋ (ਉਸ ਨਾਲ) ਹੋਇਆ, ਉਹ ਉਸ ਨੂੰ ਸੁਣਾਇਆ। (ਸ਼ਾਹ ਦੇ ਪੁੱਤਰ ਨੇ ਨਾਈ ਦੇ ਪੁੱਤਰ ਨੂੰ ਕਿਹਾ–ਤੁਸੀਂ) ਮੈਨੂੰ ਜੋ ਕੁਝ ਕਹੋ, ਉਹ ਕੰਮ ਕਰਾਂਗਾ। ਤੁਹਾਡੇ ਲਈ ਵੈਦ ਨੂੰ ਲਭ ਲਿਆਵਾਂਗਾ॥੨੩॥

ਲੈ ਘੋਰੀ ਸੁਤ ਸਾਹੁ ਸਿਧਾਯੋ॥ ਖੋਜਿ ਬੈਦ ਕੇ ਸੰਗ ਲੈ ਆਯੋ॥ ਤਹ ਜੰਗਲ ਕੀ ਹਾਜਤਿ ਭਈ॥ ਘੋਰੀ ਸਾਹੁ ਪੁਤ੍ਰ ਕੇ ਦਈ॥੨੪॥
ਅਰਥ
– ਸ਼ਾਹੁਕਾਰ ਦਾ ਪੁੱਤਰ ਘੋੜੀ ਲੈ ਕੇ ਤੁਰਿਆ ਤੇ ਵੈਦ ਨੂੰ ਲਭਕੇ ਘੋੜੀ ਤੇ ਚੜਾਕੇ ਲੈ ਆਇਆਂ। ਰਸਤੇ ਵਿਚ ਵੈਦ ਨੂੰ ਜੰਗਲ ਦੀ ਹਾਜਤ ਹੋਈ ਤਾਂ ਉਹਨੇ ਘੋੜੀ ਸ਼ਾਹੂਕਾਰ ਦੇ ਪੁੱਤਰ ਨੂੰ ਫੜਾ ਦਿੱਤੀ॥੨੪॥

ਦੋਹਰਾ॥ ਜਾਇ ਬੂਟੈ ਤਬ ਬੈਠਿਯੋ ਲਈ ਕੁਪੀਨ ਉਠਾਇ॥ ਡਲਾ ਭਏ ਪੌਛਨ ਲਗਿਯੋ ਕਹਿਯੋ ਚਮਰੁ ਤੂ ਤਾਹਿ॥੨੫॥
ਅਰਥ
– ਦੋਹਰਾ ਤਦ ਉਹ ਲੰਗੋਟੀ ਚੂਕ ਕੇ ਇਕ ਬੂਟੇ ਪਾਸ ਜਾ ਬੈਠਾ ਅਤੇ (ਜਦੋਂ) ਮਿੱਟੀ ਦਾ ਡਲਾ ਲੈ ਕੇ (ਗੁਦਾ ਨੂੰ) ਪੂੰਝਣ ਲਗਿਆ (ਤਾਂ ਸ਼ਾਹ ਦੇ ਪੁੱਤਰ ਨੇ) ਕਿਹਾ] ‘ਤੂੰ ਚਿਮਟ ਜਾ॥੨੫॥

ਹਾਥ ਲਗੋਟੀ ਰਹਿ ਗਈ ਡਲਾ ਫਸਿਯੋ ਬੁਰਿ ਮਾਹਿ॥ ਚਰਨ ਝਾਰ ਕੇ ਸੰਗ ਰਸੇ ਤਾਹਿ ਰਹੀ ਸੁਧਿ ਨਾਹਿ॥੨੬॥
ਪਦ ਅਰਥ – ਬੁਰਿ ਮਾਹਿ=ਗੁਦਾ ਵਿਚ। ਝਾਰ=ਝਾੜ ।
ਅਰਥ – ਲੰਗੋਟੀ (ਵੈਦ) ਦੇ ਹੱਥ ਵਿਚ ਰਹਿ ਗਈ ਅਤੇ ਮਿੱਟੀ ਦਾ ਡਲਾ ਗੁਦਾ ਵਿਚ ਫਸ ਗਿਆ। (ਉਸ ਦੇ) ਪੈਰ ਝਾੜੀ ਵਿਚ ਉਲਝ ਗਏ ਅਤੇ ਉਸ ਨੂੰ ਕੋਈ ਸੁੱਧ ਬੁੱਧ ਨ ਰਹੀ॥੨੬॥

ਲਏ ਅਸ੍ਵਨੀ ਸਾਹੁ ਕੇ ਪੂਤ ਪਹੂੰਚ੍ਯੋ ਆਇ॥ ਕਹਿਯੋ ਬੈਦ ਮੈ ਕ੍ਯਾ ਕਰੋਂ ਇਹ ਦੁਖ ਕੇ ਸੁ ਉਪਾਇ॥੨੭॥
ਪਦ ਅਰਥ – ਅਸੂਨੀ=ਘੋੜੀ।
ਅਰਥ – ਸ਼ਾਹ ਦਾ ਪੁੱਤਰ ਘੋੜੀ ਲੈ ਕੇ ਆ ਪਹੁੰਚਿਆ ਅਤੇ ਕਹਿਣ ਲਗਿਆ] ਹੇ ਵੈਦ! ਮੈਂ ਕੀ ਕਰਾਂ, ਇਸ ਦੁਖ ਦਾ ਕੀ ਉਪਾ ਹੈ॥੨੭॥

ਚੌਪਈ॥ ਸਾਹੁ ਪੁਤ੍ਰ ਤਬ ਬਚਨ ਉਚਾਰੋ॥ ਸੁਨੋ ਬੈਦ ਉਪਚਾਰ ਹਮਾਰੋ॥ ਹਮਰੋ ਇਹ ਆਗੇ ਦੁਖ ਭਯੋ॥ ਇਹ ਉਪਚਾਰ ਦੂਰਿ ਹ੍ਵੈ ਗਯੋ॥੨੮॥
ਪਦ ਅਰਥ – ਉਪਚਾਰ = ਇਲਾਜ।
ਅਰਥ – ਚੌਂਪਈ ,ਤਦ ਸ਼ਾਹ ਦੇ ਪੁੱਤਰ ਨੇ ਕਿਹਾ ਹੇ ਵੈਦ! ਮੇਰਾ ਇਲਾਜ ਸੁਣੋ। ਮੈਨੂੰ ਵੀ (ਇਕ ਵਾਰ) ਅਗੇ ਇਹ ਦੁਖ ਹੋਇਆ ਸੀ (ਜੋ) ਇਹ ਇਲਾਜ ਕਰਨ ਨਾਲ ਦੂਰ ਹੋ ਗਿਆ ਸੀ॥੨੮॥

ਦੋਹਰਾ॥ ਯਾ ਘੋਰੀ ਕੇ ਭਗ ਬਿਖੈ ਜੀਭ ਦਈ ਸੌ ਬਾਰ॥ ਤੁਰਤ ਰੋਗ ਹਮਰੋ ਕਟਿਯੋ ਸੁਨਹੁ ਬੈਦ ਉਪਚਾਰ॥੨੯॥
ਅਰਥ – ਦੋਹਰਾ, ਇਸ ਘੋੜੀ ਦੀ ਭਗ ਵਿਚ ਮੈਂ ਸੌ ਵਾਰ ਜੀਭ ਦਿੱਤੀ ਸੀ। ਹੇ ਵੈਦ! ਸੁਣੋ, ਇਸ ਇਲਾਜ ਨਾਲ ਮੇਰਾ ਰੋਗ ਤੁਰਤ ਕਟ ਗਿਆ ਸੀ॥੨੯॥

ਚੌਪਈ॥ ਤਬੈ ਬੈਦ ਸੋਊ ਕ੍ਰਿਆ ਕਮਾਈ॥ ਤਾ ਕੇ ਭਗ ਮੈ ਜੀਭ ਧਸਾਈ॥ ਕਹਿਯੋ ਚਮਰੁ ਤੂ ਸੋ ਲਗਿ ਗਈ॥ ਅਤਿ ਹਾਸੀ ਗਦਹਾ ਕੇ ਭਈ॥੩੦॥
ਅਰਥ
– ਤਦ ਵੈਦ ਨੇ ਉਹੀ ਕ੍ਰਿਆ ਕੀਤੀ ਅਤੇ ਘੋੜੀ ਦੀ ਭਗ ਵਿਚ ਜੀਭ ਧਸ ਦਿੱਤੀ। (ਸ਼ਾਹ ਦੇ ਪੁੱਤਰ ਨੇ) ਕਿਹਾ–‘ਤੂੰ ਚਿਮਟ ਜਾ ਅਤੇ ਉਹ ਜੁੜ ਗਈ। ਉਸ ਖੋਤੇ (ਵੈਦ) ਦੀ ਬਹੁਤ ਹਾਸੀ ਹੋਈ॥੩੦॥

ਲਏ ਲਏ ਤਾ ਕੇ ਪੁਰ ਆਯੋ॥ ਸਗਲ ਗਾਵ ਕੇ ਦਰਸ ਦਿਖਾਯੋ॥ ਬੈਦ ਕਛੂ ਉਪਚਾਰਹਿ ਕਰੌ॥ ਇਨ ਕੇ ਪ੍ਰਾਨ ਛੁਟਨ ਤੇ ਡਰੌ॥੩੧॥
ਅਰਥ
– ਉਸ ਨੂੰ ਨਾਲ ਲੈ ਕੇ ਪਿੰਡ ਵਿਚ ਆਇਆ ਅਤੇ ਸਾਰੇ ਪਿੰਡ ਨੂੰ ਨਜ਼ਾਰਾ ਵਿਖਾਇਆ। (ਪਿੰਡ ਦੇ ਇਕ ਵੈਦ ਨੂੰ ਕਿਹਾ-) ਹੇ ਵੈਦ! ਇਸ ਦਾ ਕੁਝ ਉਪਚਾਰ ਕਰੋ ਅਤੇ ਇਸ ਦੇ ਪ੍ਰਾਣ ਨਿਕਲਣ ਤੋਂ ਡਰੋ॥੩੧॥

ਪੁਰ ਜਨ ਬਾਚ॥ ਦੋਹਰਾ॥ ਅਧਿਕ ਦੁਖੀ ਪੁਰ ਜਨ ਭਏ ਕਛੂ ਨ ਚਲਿਯੋ ਉਪਾਇ॥ ਚਲਤ ਫਿਰਤ ਯਾ ਕੇ ਨਿਰਖਿ ਰਹੇ ਚਰਨ ਲਪਟਾਇ॥੩੨॥
ਪਦ ਅਰਥ – ਲਪਟਾਇ=ਚੰਬੜ ਗਏ।।

ਅਰਥ – [ਪਿੰਡ ਵਾਸੀਆਂ ਨੇ ਕਿਹਾ]– ਦੋਹਰਾ, ਪਿੰਡ ਦੇ ਲੋਕ ਬਹੁਤ ਦੁਖੀ ਹੋ ਗਏ ਅਤੇ ਉਨ੍ਹਾਂ ਦਾ ਕੋਈ ਉਪਾ ਨ ਚਲਿਆ। (ਸ਼ਾਹ ਨੂੰ) ਚਲਦਾ ਫਿਰਦਾ ਦੇਖ ਕੇ ਸਾਰੇ ਉਸ ਦੇ ਚਰਨੀ ਲਗ ਗਏ॥੩੨॥

ਚੌਪਈ॥ ਹਮਰੇ ਨਾਥ ਉਪਾਇਹਿ ਕੀਜੈ॥ ਅਪਨੇ ਜਾਨਿ ਰਾਖਿ ਕਰਿ ਲੀਜੈ॥ ਇਨੈ ਕਰੀ ਕਛੁ ਚੂਕ ਤਿਹਾਰੀ॥ ਮਹਾ ਰੋਗ ਤੇ ਲੇਹੁ ਉਬਾਰੀ॥੩੩॥
ਅਰਥ
– ਚੌਪਈ ,ਹੇ ਨਾਥ! ਸਾਡਾ (ਕੋਈ) ਉਪਾ ਕਰੋ ਅਤੇ ਆਪਣਾ ਜਾਣ ਕੇ (ਸਾਡੀ) ਰਖਿਆ ਕਰੋ। ਇਨ੍ਹਾਂ ਨੇ ਤੁਹਾਡੀ ਕੋਈ ਗ਼ਲਤੀ ਕੀਤੀ ਹੋਵੇਗੀ। (ਇਨ੍ਹਾਂ ਨੂੰ ਇਸ) ਮਹਾ ਰੋਗ ਤੋਂ ਬਚਾ ਲਵੋ॥੩੩॥

ਸਾਹ ਸੁਤ ਬਾਚ॥ ਚੌਪਈ॥ ਸਕਲ ਕਥਾ ਤਿਨ ਭਾਖਿ ਸੁਨਾਈ॥ ਪੁਰ ਲੋਗਨ ਸਭਹੂੰ ਸੁਨਿ ਪਾਈ॥ ਲੈ ਦੂਜੀ ਕੰਨ੍ਯਾ ਤਿਹ ਦੀਨੀ॥ ਭਾਤਿ ਭਾਤਿ ਉਸਤਤਿ ਮਿਲ ਕੀਨੀ॥੩੪॥
ਅਰਥ
– [ਸ਼ਾਹ ਦੇ ਪੁੱਤਰ ਨੇ ਕਿਹਾ]- ਚੌਪਈ, ਉਸ ਨੇ ਸਾਰੀ ਗੱਲ ਦਸ ਦਿੱਤੀ ਅਤੇ ਪਿੰਡ ਦੇ ਸਾਰੇ ਲੋਕਾਂ ਨੇ ਸੁਣ ਲਈ। ਉਸ ਨੂੰ ਦੂਜੀ ਕੰਨਿਆ ਦੇ ਦਿੱਤੀ ਅਤੇ ਮਿਲ ਕੇ ਭਾਂਤ ਭਾਂਤ ਦੀ ਉਸਤਤ ਕੀਤੀ॥੩੪॥

ਔਰ ਸਕਲ ਪੁਰ ਛੋਰਿ ਉਬਾਰਿਯੋ॥ ਨਊਆ ਸੁਤ ਚਿਮਟਿਯੋ ਹੀ ਮਾਰਿਯੋ॥ ਬ੍ਯਾਹ ਦੂਸਰੋ ਅਪਨੋ ਕੀਨੋ॥ ਨਿਜੁ ਪੁਰ ਕੇ ਬਹੁਰੋ ਮਗੁ ਲੀਨੋ॥੩੫॥

ਪਦ ਅਰਥ – ਛੋਰਿ=ਛੁਡਾ ਕੇ। ਉਬਾਰਿਯੋ = ਬਚਾ ਲਿਆ ।
ਅਰਥ – ਉਸ ਨੇ ਸਾਰੇ ਪਿੰਡ ਨੂੰ ਮੁਕਤ ਕਰ ਕੇ (ਉਨ੍ਹਾਂ ਨੂੰ) ਉਬਾਰਿਆ ਅਤੇ ਨਾਈ ਦੇ ਪੁੱਤਰ ਨੂੰ ਚਿਮਟਿਆ ਹੋਇਆ ਹੀ ਮਾਰ ਦਿੱਤਾ। ਆਪ ਦੂਜਾ ਵਿਆਹ ਕੀਤਾ ਅਤੇ ਫਿਰ ਆਪਣੇ ਨਗਰ ਦਾ ਰਾਹ ਪਕੜਿਆ॥੩੫॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਠਾਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ॥੬੮॥੧੨੨੨॥ਅਫਜੂੰ॥
ਅਰਥ
– ਮੰਤਰੀ ਰਾਜਾ ਵਾਰਤਾਲਾਪ ਅਠਾਨਵੀ’ ਕਥਾ ਸਮਾਪਤ॥੬੮॥੧੨੨੨॥ਅਫਜੂੰ॥

ਕਥਾ ਦਾ ਨੈਤਿਕ ਸਾਰ (ਮੋਰਲ):
“ਅੰਧ ਵਿਸ਼ਵਾਸ ਅਤੇ ਅਤਿ ਭਰੋਸਾ ਅਕਸਰ ਵਿਘਨ ਦਾ ਕਾਰਨ ਬਣਦਾ ਹੈ। ਚਤੁਰਤਾ ਨਾਲ ਭਰੋਸੇ ਦੀ ਦੁਰਵਰਤੋਂ ਕਰਨ ਵਾਲਾ ਅੰਤ ਵਿੱਚ ਆਪਣੇ ਹੀ ਚਾਲਾਂ ਵਿੱਚ ਫਸ ਜਾਂਦਾ ਹੈ। ਪਰਮਾਤਮਾ ਦੀ ਕਿਰਪਾ ਅਤੇ ਸੱਚ ਦੀ ਸਹਾਇਤਾ ਨਾਲ ਨਿਆਂ ਹੋ ਜਾਂਦਾ ਹੈ।”

ਮੁੱਖ ਸਿੱਖਿਆਵਾਂ:
ਅੰਧ ਭਰੋਸਾ: ਸ਼ਾਹੂਕਾਰ ਦਾ ਪੁੱਤਰ ਆਪਣੇ ਮਿੱਤਰ ‘ਤੇ ਅਤਿ ਭਰੋਸਾ ਕਰਦਾ ਹੈ, ਜੋ ਉਸਦੇ ਵਿਰੁੱਧ ਚਾਲ ਚਲਦਾ ਹੈ।
ਚਤੁਰਤਾ ਦੀ ਦੁਰਵਰਤੋਂ: ਨਾਈ ਦਾ ਪੁੱਤਰ ਚਤੁਰਤਾ ਨਾਲ ਭੇਸ ਬਦਲ ਕੇ ਉਸਦੀ ਪਤਨੀ ਅਤੇ ਪਦਵੀ ਹਾਸਲ ਕਰ ਲੈਂਦਾ ਹੈ।
ਦਇਆ ਅਤੇ ਨਿਆਂ: ਸ਼ਿਵ ਜੀ ਅਤੇ ਪਾਰਬਤੀ ਦੀ ਦਇਆ ਨਾਲ ਸੱਚਾਈ ਦੀ ਜਿੱਤ ਹੁੰਦੀ ਹੈ।
ਸਮਾਜਿਕ ਨਿਆਂ: ਅੰਤ ਵਿੱਚ ਪਿੰਡ ਦੇ ਲੋਕ ਸੱਚ ਨੂੰ ਮੰਨਦੇ ਹਨ, ਅਤੇ ਧੋਖੇਬਾਜ ਨੂੰ ਸਜ਼ਾ ਮਿਲਦੀ ਹੈ।

ਜਿਹਨਾਂ ਨੂੰ ਚਰਿਤ੍ਰਾਂ ਦੀ ਭਾਸ਼ਾ ਅਪਮਾਨ ਜਨਕ ਲਗਦੀ ਹੈ, ਅਸਲੀਲ ਲਗਦੀ ਹੈ ਉਹ ਲੋਗ ਹਨ ਜਿਹੜੇ ਆਪਣੇ ਆਪ ਨੂੰ ਵਿਦਵਾਨ ਤਾਂ ਮੰਨਦੇ ਹਨ ਪਰ ਅੰਦਰੋਂ ਵਿਕਾਰਾਂ ਨਾਲ ਭਰੇ ਹਨ। ਜਿਹੜੇ ਅੰਗਾਂ ਦੇ ਨਾਮ ਲੈਣ ਤਕ ਸੰਕੋਚ ਕਰਦੇ ਹਨ। ਹੱਥ ਨੂੰ ਹੱਥ ਕਹਿਣਗੇ ਮਗਰ ਪੁਰਖ ਦੇ ਗੁਪਤ ਅੰਗਾਂ ਨੂੰ ਤੋਤੋ, ਨੁੰਨੂ ਤੇ ਹੋਰ ਪਤਾ ਨਹੀਂ ਕੀ ਕੀ ਨਾਮ ਦੇ ਛੱਡਦੇ ਹਨ ਜਿਵੇਂ ਸੁਣਨ ਵਾਲੇ ਨੂੰ ਪਤਾ ਨਹੀਂ ਕੀ ਕਹਿਆ ਜਾ ਰਹਿਆ ਹੈ। ਸ਼ਬਦਾਂ ਵਿੱਚ ਅਸ਼ਲੀਲਤਾ ਦਿਸ ਜਾਂਦੀ ਹੈ। ਸ਼ਬਦ ਸੁਣ ਕੇ ਹੀ ਕਾਮ ਜਾਂ ਸ਼ਰਮ ਭਾਰੂ ਹੋ ਜਾਂਦੀ ਹੈ। ਨਿਗਾ ਸਾਫ਼ ਨਹੀਂ, ਮਨ ਸਾਫ਼ ਨਹੀਂ ਤੇ ਦੋਸ਼ ਸ਼ਬਦਾਂ ਨੂੰ ਦਿੰਦੇ ਹਨ। ਕਈ ਤਾਂ ਅੰਦਰੋਂ ਦਸਮ ਪਾਤਿਸ਼ਾਹ ਨਾਲ ਘਿਰਣਾ ਵੀ ਕਰਦੇ ਹਨ। ਆਪਣਾ ਮਨ ਸਾਫ਼ ਨਹੀਂ ਤੇ ਸ਼ਬਦਾਂ ਨੂੰ ਮਾੜਾ ਆਖਦੇ ਨੇ। ਜਦੋਂ ਮਨ ਸਾਫ਼ ਹੋਵੇ ਸ਼ਬਦ ਕਿਹੋ ਜਿਹੇ ਵੀ ਹੋਣ, ਭਾਵੇਂ ਮੁਹਰੇ ਨਗਨ ਅਵਸਥਾ ਵਿੱਚ ਔਰਤ ਕਿਉਂ ਨਾ ਖੜੀ ਹੋਵੇ ਗੁਰਮੁਖਾਂ ਵਿੱਚ ਕਾਮ ਨਹੀਂ ਜਾਗਦਾ। ਜਿਹੜੇ ਸੂਰਮੇ ਹੋਏ ਹਨ ਪੰਥ ਵਿੱਚ ਉਹਨਾਂ ਮੁਹਰੇ ਨਗਨ ਇਸਤ੍ਰੀ ਵੀ ਆ ਜਾਂਦੀ ਸੀ ਉਹ ਦਸਮ ਪਿਤਾ ਦੀ ਸਿਖਿਆ, ਗੁਰਬਾਣੀ ਦੀ ਸਿੱਖਿਆ ਕਾਰਣ ਗੋਲੇ ਨਹੀਂ। ਅੱਜ ਦਾ ਸਿੱਖ ਪੜ੍ਹ ਲਿਖ ਕੇ ਵੀ ਗਵਾਰ ਹੀ ਰਹਿ ਗਿਆ।

Resize text