ਕਰਮ ਅਤੇ ਹੁਕਮ, ਕਰਤਾ ਕੌਣ?
ਜਿਵੇਂ ਵਿਗਿਆਨ ਸੰਸਾਰੀ ਪਦਾਰਥਾਂ ਦਾ ਗਿਆਨ ਹੈ। ਭੌਤਿਕ ਵਿਗਿਆਨ ਉਹ ਵਿਗਿਆਨ ਹੈ ਜੋ ਕੁਦਰਤੀ ਕਾਇਨਾਤ ਦੇ ਨਿਯਮਾਂ ਅਤੇ ਪਦਾਰਥਾਂ ਦੀ ਚਲਣ-ਚਾਲ ਦੀ ਪੜਚੋਲ ਕਰਦਾ ਹੈ, ਗਣਿਤ ਇੱਕ ਵਿਗਿਆਨ ਹੈ ਜੋ ਅੰਕਾਂ, ਰੂਪਾਂ, ਸੰਖਿਆਵਾਂ ਅਤੇ ਤਰਕ ਦੇ ਨਿਯਮਾਂ ਰਾਹੀਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦ ਕਰਦਾ ਹੈ। ਉੱਦਾਂ ਹੀ ਗੁਰਮਤਿ ਗੁਣਾਂ ਦੀ ਮਤਿ ਹੈ। ਅਧਿਆਤਮ ਉਸ ਗਿਆਨ ਦੀ ਸ਼ਾਖਾ ਹੈ ਜੋ ਆਤਮਾ, ਚੇਤਨਾ ਅਤੇ ਜੀਵਨ ਦੇ ਅਰਥ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ। ਇਸ ਗਿਆਨ ਦੇ ਕਈ ਦਰਸ਼ਨ (philosophy) ਹਨ ਦੁਨੀਆਂ ਭਰ ਵਿੱਚ। ਸਨਾਤਨ ਮਤਿ ਵਿੱਚ ਵੀ ੬ ਦਰਸ਼ਨ ਹਨ ਜੋ ਅਸੀਂ ਪਹਿਲਾਂ ਵੀ ਵਿਚਾਰੇ ਹਨ। ਲਗ ਭਗ ਸਾਰੇ ਹੀ ਦਰਸ਼ਨਾਂ ਵਿੱਚ ਕਰਮ ਪਰਧਾਨ ਹਨ। ਕਰਮ ਦੇ ਦਰਸ਼ਨ ਵਿੱਚ ਇਹ ਮੰਨਿਆ ਜਾਂਦਾ ਹੈ ਕੇ ਪਰਮੇਸਰ ਨੂੰ ਸਮਝਣ ਲਈ ਅਤੇ ਮੁਕਤੀ ਦੇ ਮਾਰਗ ਤੇ ਮਨੁੱਖ ਨੂੰ ਕਈ ਕਰਮ ਕਰਨੇ ਹਨ ਜਿਵੇਂ ਤੀਰਥ, ਤੱਪ, ਦਾਨ, ਪੁੰਨ, ਭਗਤੀ ਆਦੀ। ਇਹ ਵੀ ਮੰਨਿਆ ਜਾਂਦਾ ਹੈ ਕੇ ਇਸ ਮਾਰਗ ਤੇ ਚੱਲਦਿਆਂ ਗ੍ਰਸਤ ਜੀਵਨ ਤਿਆਗਣਾ ਪੈਣਾ, ਭੋਜਨ ਖਾਸ ਕਿਸਮ ਦਾ ਹੀ ਹੋਣਾ ਚਾਹੀਦਾ ਜਾਂ ਕੁੱਝ ਵਸਤੂਆਂ ਧਰਮ ਮਾਰਗ ਤੇ ਹਾਨੀਕਾਰਕ ਹਨ ਅਤੇ ਛੱਡਣੀਆਂ ਹਨ। ਮਨੁੱਖ ਦੇ ਵੱਸ ਵਿੱਚ ਹੈ ਪਰਮੇਸਰ ਤਕ ਪਹੁੰਚਣ ਦਾ ਮਾਰਗ। ਸੁਕ੍ਰਿਤ ਕਰਮ ਹੀ ਪਰਮੇਸਰ ਤਕ ਪਹੁੰਚਣ ਦਾ ਮਾਰਗ ਹੈ। ਕੁਝ ਦਰਸ਼ਨ ਸ਼ਰੀਰ ਸੋਧਣ ਜਾਂ ਯੋਗ ਰਾਹੀਂ ਪਰਮੇਸਰ ਪ੍ਰਾਪਤੀ ਦਾ ਮਾਰਗ ਮੰਨਦੇ ਹਨ। ਕੁੱਝ ਦਰਸ਼ਨ ਹਨ ਜੋ ਪਰਮੇਸਰ ਨੂੰ ਕੋਈ ਦੂਰ ਬੈਠੀ ਦਿਬ ਸ਼ਕਤੀ ਮੰਨਦੀਆਂ ਹਨ ਤੇ ਮਰਨ ਉਪਰੰਤ ਹੀ ਮਿਲਣੀ ਹੈ ਇਹ ਮੰਨਦੇ ਹਨ। ਕਈ ਆਖਦੇ ਹਨ ਕੇ ਪਰਮੇਸਰ ਦੇ ਗੁਣ ਗਾਣ ਨਾਲ ਉਹ ਖੁਸ਼ ਹੁੰਦਾ ਹੈ। ਕੁੱਝ ਮੰਨਦੇ ਹਨ ਕੇ ਅਸੀਂ ਪਰਮੇਸਰ ਨੂੰ ਰਿਝਾ ਕੇ, ਬਾਰ ਬਾਰ ਪਕਾਰ ਕੇ ਕਾਬੂ ਕਰ ਸਕਦੇ ਹਾਂ। ਉਸਦੇ ਅੱਗੇ ਨੱਕ ਰਗੜ ਕੇ ਅਰਦਾਸਾਂ ਕਰ ਕਰ ਕਰ ਕੇ, ਉਸਨੂੰ ਅਸੀਂ ਭੇਂਟਾਂ ਕਰ ਕੇ ਉਸਨੂੰ ਰਾਜੀ ਕਰ ਸਕਦੇ ਹਾਂ। ਹੁਕਮ ਦਾ ਦਰਸ਼ਨ ਇਹਨਾਂ ਤੋਂ ਬਹੁਤ ਭਿੰਨ ਹੈ।
ਇਹ ਬਹੁਤ ਸਾਰੇ ਵੱਖ ਦਰਸ਼ਨ ਹਨ ਜੋ ਆਪਣਾ ਆਪਣਾ ਪ੍ਰਚਾਰ ਕਰਦੇ ਹਨ ਤੇ ਇਸ ਕਾਰਣ ਸਾਡੇ ਜੀਵਨ ਵਿੱਚ ਇਹਨਾਂ ਦਾ ਪ੍ਰਭਾਵ ਬਣਦਾ ਰਹਿੰਦਾ ਹੈ ਤੇ ਨਾਲ ਨਾਲ ਵਿਚਾਰਾਂ ਦੀ ਖਿਚੜੀ ਬੁੱਧ ਵਿੱਚ ਬਣਦੀ ਚਲੀ ਜਾਂਦੀ ਹੈ। ਗੁਰਮਤਿ ਨੇ ਇਹਨਾਂ ਸਾਰਿਆਂ ਤੇ ਆਪਣੀ ਵਿਚਾਰ ਦੱਸੀ ਹੈ। ਇਹਨਾਂ ਦੇ ਉਦਾਹਰਣ ਲਏ ਹਨ ਫੇਰ ਹਰੇਕ ਨੂੰ ਗੁਰਮਤਿ (ਗੁਣਾਂ ਦੀ ਮਤਿ) ਰਾਹੀਂ ਸਮਝਾਇਆ ਹੈ। ਜਿਹੜਾ ਜੋਗ ਮੰਨਦਾ ਉਸਨੂੰ ਦੱਸਿਆ ਗੁਰਮਤਿ ਅਨੁਸਾਰ ਜੋਗ ਕੀ ਹੈ। ਜਿਹੜਾ ਜੁੱਗ ਮੰਨਦਾ ਉਸਨੂੰ ਦੱਸਿਆ ਜੁਗ ਕੀ ਹੈ ਕਿੱਥੇ ਹਨ। ਜਿਹੜੇ ਗੁਣ ਗਾਇਨ ਕਰਦੇ ਸੀ ਉਹਨਾਂ ਨੂੰ ਦੱਸਿਆ ਕਿਵੇਂ ਸਾਰੀ ਸ੍ਰਿਸਟੀ ਪਰਮੇਸਰ ਦੇ ਗੁਣ ਗਾ ਰਹੀ ਹੈ। ਜਿਹੜਾ ਤੀਰਥ ਮੰਨਦਾ ਉਸਨੂੰ ਨਾਮ (ਹੁਕਮ ਦੀ ਸੋਝੀ) ਹੀ ਤੀਰਥ ਹੈ ਸਮਝਾਇਆ ਹੈ। ਜਿਹੜਾ ਤਪ ਕਰ ਰਹਿਆ ਉਸਨੂੰ ਤੱਪ ਦੇ ਉਦਾਹਰਣਾਂ ਨਾਲ ਗੱਲ ਸਮਝਾਈ ਹੈ। ਉਦਾਹਰਣ ਲਏ, ਵਰਣਨ ਕੀਤਾ ਅਤੇ ਫੇਰ ਗੁਰਮਤਿ ਦੀ ਦ੍ਰਿਸ਼ਟੀ ਵਿੱਚ ਇਹ ਸਬ ਸਮਝਾਏ ਹਨ। ਜਿਹੜੇ ਕਰਮ ਮੰਨਦੇ ਹਨ ਉਹਨਾਂ ਨੂੰ ਕਰਮ ਦੇ ਉਦਾਹਰਣ ਦਿੱਤੇ ਤੇ ਸਮਝਾਇਆ ਹੈ ਕੇ ਜੇ ਕਰਮ ਕਰਨ ਵਿੱਚ ਫਸੇ ਹਾਂ ਤਾਂ ਗਲ ਸਮਝਣ ਤਕ ਕਿਹੜੇ ਕਰਮ ਕਰਨੇ ਹਨ। ਕਰਮ ਦੀ ਪਰਿਭਾਸ਼ਾ ਕੰਮ ਤੋਂ ਹਟਾ ਕੇ ਕਰਮ (ਪਰਮੇਸਰ ਦੀ ਮਿਹਰ/ਨਦਰ/ਦਇਆ) ਵੱਜੋਂ ਵਰਤਿਆ ਹੈ। ਗੁਰਬਾਣੀ ਵਿੱਚ ਅਨੇਕ ਪੰਕਤੀਆਂ ਹਨ ਜਿਹਨਾਂ ਨੂੰ ਪੜ੍ਹ ਕੇ ਭੁਲੇਖਾ ਪੈ ਸਕਦਾ ਹੈ ਕੇ ਗੁਰਮਤਿ ਕਰਮ ਦਾ ਦਰਸ਼ਨ ਹੈ। ਕਰਮ ਕਰਨ ਨੂੰ ਆਖ ਰਹੀ ਹੈ। ਅਸੀਂ ਪਹਿਲਾਂ ਵੀ ਕਈ ਲੇਖ ਪਾਏ ਹਨ ਹੁਕਮ ਅਤੇ ਕਰਮ ਨੂੰ ਸਮਝਣ ਲਈ ਪਰ ਹੁਕਮ ਇੱਕ ਬਹੁਤ ਵੱਡਾ ਵਿਸ਼ਾ ਹੈ ਤੇ ਛੇਤੀ ਸਮਝ ਨਹੀਂ ਲਗਦਾ ਇਸ ਲਈ ਇਹ ਲੇਖ ਇੱਕ ਹੋਰ ਜਤਨ ਹੈ। ਅਸੀਂ ਆਸ ਕਰਦੇ ਹਾਂ ਕੇ ਤੁਸੀਂ ਇਹ ਨੀਚੇ ਦਿੱਤੇ ਲੇਖ ਵੀ ਪੜ੍ਹੇ ਹੋਣਗੇ
”ਸਾਨੂੰ ਕੌਣ ਚਲਾ ਰਹਿਆ ਹੈ? ਸਾਡੇ ਤੇ ਕਿਸਦਾ ਹੁਕਮ ਚਲਦਾ?”
“ਕਰਤਾ ਪੁਰਖ” ਆਖ ਕੇ ਹੀ ਗੁਰਬਾਣੀ ਨੇ ਅਕਾਲ ਮੂਰਤ ਦਾ ਮੂਲ ਗੁਣ ਦੱਸਿਆ ਹੈ। ਕਰਤਾ ਅਕਾਲ ਮੂਰਤ, ਪ੍ਰਭ, ਹਰਿ, ਰਾਮ, ਠਾਕੁਰ ਹੈ, ਮਨ ਨਹੀਂ ਮੇਰੀ ਸੋਚ ਜਾਂ ਅਗਿਆਨਤਾ ਨਹੀਂ। ਅਸੀਂ ਨਾ ਸਮਝਿਆ, ਨਾ ਵਿਚਾਰਿਆ ਤੇ ਨਾ ਹੀ ਮੰਨਿਆ। ਮਨੱਖ ਆਪਣੇ ਆਪ ਨੂੰ ਕਰਤਾ ਮੰਨੀ ਬੈਠਾ ਹੈ। ਜਦੋਂ ਤਕ ਹੱਥ ਪੈਰ ਚੱਲ ਰਹੇ ਹਨ, ਭੱਜ ਨੱਠ ਕਰ ਰਹਿਆ ਹੈ, ਸੋਚ ਸਕਦਾ ਇਸਨੂੰ ਇਹਿ ਲਗਦਾ ਕੇ ਮੈਂ ਕਰਤਾ ਹਾਂ, ਮੈਂ ਕਰ ਰਹਿਆ ਹਾਂ। ਇਹ ਕਰਤਾ ਭਾਵ, ਕਰਤਾ ਹੋਣ ਦੀ ਸੋਚ ਹੀ ਇਸਨੂੰ ਨਾਮ (ਹੁਕਮ ਦੀ ਸੋਝੀ) ਤੋਂ ਦੂਰ ਕਰਦੀ ਹੈ। ਆਪਣੀ ਮਰਜ਼ੀ ਨਾਲ ਸਾਹ ਨਹੀਂ ਲੈ ਸਕਦਾ। ਅਗਲਾ ਕਦਮ ਚੁੱਕ ਨਹੀਂ ਸਕਦਾ। ਜਿਤਨਾ ਸਬ ਕੁੱਝ ਸੋਚ ਰਹਿਆ ਉਸਦੀ ਕੋਈ ਗਰੰਟੀ ਨਹੀਂ ਕੇ ਹੋ ਹੀ ਜਾਣਾ ਤੇ ਉੱਦਾਂ ਹੀ ਹੋਣਾ ਜਿਵੇਂ ਸੋਚ ਰਹਿਆ। ਇਸਦੀ ਸੋਚ ਵਿੱਚ ਗਿਆਨ ਲੈਣਾ ਹੈ ਜਾਂ ਨਹੀਂ, ਇਹ ਫੁਰਨੇ ਵੀ ਹੁਕਮ ਵਿੱਚ ਹੀ ਪੈਦਾ ਹੋਣੇ, ਜੋ ਪੜ੍ਹ ਰਹਿਆ ਹੈ ਉਸਦੀ ਸਮਝ ਵੀ ਗੁਰਪ੍ਰਸਾਦ ਭਾਵ ਹੁਕਮ ਵਿੱਚ ਬੱਧੀ ਹੈ। ਕਰਮ (ਦਾਤੇ ਦੀ ਦਇਆ) ਨੂੰ ਆਪਣੀ ਅਗਿਆਨਤਾ ਕਾਰਣ ਆਪਣੇ ਕਰਮ ਮੰਨੀ ਬੈਠਾ ਹੈ
ਜਬ ਇਹ ਜਾਣੈ ਮੈਂ ਕਿਛੁ ਕਰਤਾ ਤਬ ਲਗ ਗਰਭ ਜੋਨ ਮਹਿ ਫਿਰਤਾ॥
-ਜਦੋਂ ਤਕ ਇਹ ਅਪਣਾ ਹੁਕਮ ਕਰਦਾ ਹੈ ਉਦੋ ਤਕ ਇਹ ਗਰਭ ਜੂਨੀ ਵਿੱਚ ਫਿਰਦਾ । “ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥” – ਜੋ ਆਪਣੇ ਭਾਣੇ (ਭਾਣੇ ਦਾ ਅਰਥ ਹੁੰਦਾ ਜੋ ਭਾਉਂਦਾ) ਵਿੱਚ ਆਪਣੀ ਇੱਛਾ ਵਿਛ ਚਲਦਾ ਹੈ ਉਹ ਪਰਮੇਸਰ ਤੋਂ ਵਿਛੜਿਆ ਹੀ ਰਹਿੰਦਾ। ਆਪਣੇ ਅੰਦਰ ਆਪਣੇ ਘਟ ਵਿੱਚ ਪਰਮੇਸਰ ਦੀ ਹੋਂਦ ਦੇ ਗਿਆਨ ਤੋਂ ਵਾਂਝਾ ਰਹਿਣਾ।
ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥ – ਕਤਿਕਿ – ਕਦੋਂ ਤੱਕ, ਭਾਵਃ ਕਦੋਂ ਤੱਕ ਕਰਮ ਕਮਾਣੇ ਨੇ ਤੈਂ, ਜਿਨ੍ਹਾਂ ਚਿਰ ਜੀਵ ਇਹ ਸਮਝੇਗਾ ਕਿ ਮੈਂ ਕੁਝ ਕਰ ਸਕਦਾ ਹਾਂ (ਏਹੀ ਕਰਮ ਹੈ) ਉਨ੍ਹਾ ਚਿਰ ਗਰਭ ਜੋਨ ਵਿਚੋਂ ਛੁਟਕਾਰਾ ਨਹੀ ਹੋਵੇਗਾ। “ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥” – ਕਪੜਾ ਭਾਵ ਬਦੇਹੀ, ਕਿਵੇਂ “ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ॥”
ਜਦੋਂ ਕਰਮ ਅਗਿਆਨਤਾ ਵੱਸ ਹਨ ਦੁਕ੍ਰਿਤ ਹਨ, ਜਦੋਂ ਗਿਆਨ ਵੱਸ ਹਨ ਤਾਂ ਸੁਕ੍ਰਿਤ। ਇਹ ਬੁੱਧ ਦਾ ਖੇਲ ਹੈ “ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ॥ ਦੁਕ੍ਰਿਤੁ ਸੁਕ੍ਰਿਤੁ ਥਾਰੋ ਕਰਮੁ ਰੀ॥” – ਨਾਰਾਇਣ ਭੁੱਲਣ ਵਾਲੀ ਗਵਾਰ ਬੁੱਧ ਨੂੰ ਆਖਿਆ। ਦੁਕ੍ਰਿਤ ਸੁਕ੍ਰਿਤ ਸੋਚਣ ਵਾਲੀ ਵੀ ਬੁੱਧ ਹੈ। ਨਹੀਂ ਤਾਂ ਭਗਤਾਂ ਨੇ ਦੁਕ੍ਰਿਤ ਸੁਕ੍ਰਿਤ ਦੀ ਸੋਚ ਰੱਦ ਕੀਤੀ ਹੋਈ ਹੈ “ਦੁਕ੍ਰਿਤ ਸੁਕ੍ਰਿਤ ਮੰਧੇ ਸੰਸਾਰੁ ਸਗਲਾਣਾ॥ ਦੁਹਹੂੰ ਤੇ ਰਹਤ ਭਗਤੁ ਹੈ ਕੋਈ ਵਿਰਲਾ ਜਾਣਾ॥੧॥”।
ਸੰਸਾਰ ਵਿੱਚ ਹੋਣ ਵਾਲੇ ਸਾਰੇ ਚੰਗੇ ਮਾੜੇ ਕੰਮ, ਪਰਮੇਸਰ ਦਾ ਕਰਮ (ਦਇਆ) ਉਸਦਾ ਹੁਕਮ ਜਾ ਉਸਦਾ ਭਾਣਾ ਹੈ। ਉਹੀ ਕ੍ਰੂਰ ਕਰਮੇ ਵੀ ਹੈ, ਉਹੀ ਦਇਆਲੂ ਵੀ ਹੈ। ਉਸਦੇ ਹੁਕਮ ਤੋਂ ਬਾਹਰ ਕੁੱਝ ਵੀ ਨਹੀਂ ਹੈ “ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥ ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ॥ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥੨॥” – ਜੇ ਇਹ ਸਮਝ ਆ ਜਾਵੇ ਕੇ ਹੁਕਮ ਤੋਂ ਬਾਹਰ ਕੋਈ ਨਹੀਂ ਹੈ ਤਾਂ ਹਉਮੈ ਖਤਮ ਹੋਣੀ। ਆਪਣੇ ਆਪ ਨੂੰ ਕਰਤਾ ਮੰਨਣਾ ਵੀ ਹਉਮੈ ਹੀ ਹੈ।
ਹੁਕਮ ਨੂੰ ਬੂਝ ਕੇ ਹੀ ਸੁਖ ਮਿਲਣਾ “ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥੧॥” ਅਤੇ “ਮਾਰੈ ਰਾਖੈ ਏਕੋ ਆਪਿ॥ ਮਾਨੁਖ ਕੈ ਕਿਛੁ ਨਾਹੀ ਹਾਥਿ॥ ਤਿਸ ਕਾ ਹੁਕਮੁ ਬੂਝਿ ਸੁਖੁ ਹੋਇ॥”
ਮਨੁੱਖ ਮਾੜੇ ਕੰਮ ਆਪਣੇ ਸਿਰ ਲੈ ਲੈਂਦਾ ਤੇ ਸਾਰੇ ਚੰਗੇ ਕੰਮ ਪਰਮੇਸਰ ਤੇ ਪਾ ਦਿੰਦਾ ਉਸਨੂੰ ਲਗਦਾ ਕੇ ਪਰਮੇਸਰ ਇੰਝ ਕਰਨ ਨਾਲ, ਚਾਪਲੂਸੀ ਕਰਨ ਨਾਲ ਖੁਸ਼ ਹੋ ਜਾਣਾ, ਪਾਤਿਸ਼ਾਹ ਆਖਦੇ “ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੁ ਕਰਿ ਰਹਿਆ॥੨॥”, ਅਤੇ “ਆਪੇ ਦੇਇ ਤ ਪਾਈਐ ਹੋਰੁ ਕਰਣਾ ਕਿਛੂ ਨ ਜਾਇ॥ ਦੇਵਣ ਵਾਲੇ ਕੈ ਹਥਿ ਦਾਤਿ ਹੈ ਗੁਰੂ ਦੁਆਰੈ ਪਾਇ॥ ਜੇਹਾ ਕੀਤੋਨੁ ਤੇਹਾ ਹੋਆ ਜੇਹੇ ਕਰਮ ਕਮਾਇ॥੩॥”
ਹੁਕਮ ਦੀ ਸਹੀ ਸੋਝੀ ਬਹੁਤ ਘੱਟ ਲੋਕਾਂ ਨੂੰ ਪੱਲੇ ਪੈਂਦੀ ਹੈ। ਸਾਡੇ ਜੀਵਨ ਵਿੱਚ ਸੰਸਾਰ ਵਿੱਚ ਵਿਚਰਦਿਆਂ ਬਹੁਤ ਸਾਰੇ ਦਰਸ਼ਨਾਂ ਦੀ ਮੱਤ ਦੀ ਖਿਚੜੀ ਸਾਡੀ ਬੁੱਧ ਵਿੱਚ ਬਣ ਜਾਂਦੀ ਹੈ। ਉੱਤੋਂ ਗੁਰਮਤਿ ਦਾ ਸਹੀ ਪ੍ਰਚਾਰ ਨਹੀਂ ਹੋ ਰਹਿਆ। ਅਸੀਂ ਆਪ ਵੀ ਗੁਣਾਂ ਦੀ ਮਤਿ ਤੋਂ ਵਿਚਤਰ ਕਰਕੇ ਸਮਝਣਾ ਚਾਹੁੰਦੇ ਨਹੀਂ ਹਾਂ। ਗੁਰੂ ਕੋਲ ਆਪਣੀ ਮਤਿ ਛੱਡ ਕੇ ਜਾਣਾ ਸੀ ਤਾਂਕੇ ਗੁਰੂ ਦੀ ਮਤਿ ਲੈ ਸਕੀਏ, ਪਰ ਇਹ ਕੌਣ ਕਰਨਾ ਚਾਹੁੰਦਾ? ਗੁਰੂ ਜੋ ਕਹਿ ਰਹਿਆ ਹੈ ਉਹ ਅਸੀਂ ਆਪਣੀ ਮਤਿ ਲਾ ਕੇ ਸਮਝਦੇ ਹਾਂ।
ਜਿੱਥੇ ਗੁਰਬਾਣੀ ਆਖਦੀ ਹੈ “ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥੨੧॥” ਨਾਲ ਇਹ ਵੀ ਆਖਿਆ ਹੈ “ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ॥ ਕਿਆ ਜਾਨਉ ਕਿਛੁ ਹਰਿ ਕੀਆ ਭਇਓ ਕਬੀਰੁ ਕਬੀਰੁ॥੬੨॥” ਫੇਰ ਕੀ ਇਹ ਆਪਾ ਵਿਰੋਧੀ ਹਨ ਜਾਂ ਜਾਨੂੰ “ਕਰੰਮਾ” ਦੀ ਸਮਝ ਨਹੀਂ ਹੈ? ਕਰੰਮਾ ਦਾ ਅਰਥ ਹੈ “ਦਿਲੋਂ ਹੋਏ ਇਰਾਦੇ”, ਉਦਾਹਰਣ “ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾ ਦੰਮ॥ ਸੋ ਪ੍ਰਭੁ ਚਿਤਿ ਨ ਆਵਈ ਨਾਨਕ ਨਹੀ ਕਰੰਮ॥੧॥”। ਅਗਿਆਨ ਕਾਰਣ ਸਾਡੀ ਸੋਚ, ਸਾਡੇ ਇਰਾਦੇ ਨੀਚ ਭਾਵ ਨਿਚਲੇ ਦਰਜੇ ਦੇ ਹਨ। ਅਸੀਂ ਗਿਆਨ ਲੈਣ ਦਾ ਇਰਾਦਾ ਨਹੀਂ ਕਰਦੇ। ਗਿਆਨ ਲੈਣ ਨਾਲ, ਹਰਿ ਦੀ ਸਰਣ ਪਏ ਰਾਖਿਆ ਜਾਣਾ। ਸੋ ਕਰੰਮ ਤੇ ਕਰਮ ਦਾ ਭੇਦ ਸਮਝਣ ਤੇ ਗਲ ਪੂਰੀ ਤਰਹ ਸਮਝ ਲਗਦੀ ਹੈ “ਧਾਵਤ ਪੰਚ ਰਹੇ ਘਰੁ ਜਾਣਿਆ ਕਾਮੁ ਕ੍ਰੋਧੁ ਬਿਖੁ ਮਾਰਿਆ॥ ਅੰਤਰਿ ਜੋਤਿ ਭਈ ਗੁਰ ਸਾਖੀ ਚੀਨੇ ਰਾਮ ਕਰੰਮਾ॥ ਨਾਨਕ ਹਉਮੈ ਮਾਰਿ ਪਤੀਣੇ ਤਾਰਾ ਚੜਿਆ ਲੰਮਾ॥੧॥“
ਸੋ ਇਹ ਤਾਂ ਵਿਰਲਿਆਂ ਨੂੰ ਹੀ ਸਮਝ ਲੱਗਣਾ ਕੇ “ਬਬੈ ਬਾਜੀ ਖੇਲਣ ਲਾਗਾ ਚਉਪੜਿ ਕੀਤੇ ਚਾਰਿ ਜੁਗਾ॥ ਜੀਅ ਜੰਤ ਸਭ ਸਾਰੀ ਕੀਤੇ ਪਾਸਾ ਢਾਲਣਿ ਆਪਿ ਲਗਾ॥੨੬॥”
ਜਿਤਨਾ ਕਰਮ ਅਭਿਆਸ ਗੁਰਬਾਣੀ ਨੇ ਦੱਸਿਆ ਹੈ, ਕੀ ਕਰਨਾ, ਗਿਆਨ ਲੈਣਾ, ਕਿਵੇਂ ਲੈਣਾ, ਵਿਚਾਰ ਕਰਨੀ, ਜੋ ਵੀ ਗੁਰਬਾਣੀ ਦੱਸ ਰਹੀ ਹੈ ਕਰਨ ਨੂੰ ਉਹ ਹੁਕਮ ਨੂੰ ਸਮਝਣ ਲਈ ਹੀ ਦੱਸਿਆ ਜਾ ਰਹਿਆ ਹੈ “ਫਲ ਕਾਰਨ ਫੂਲੀ ਬਨਰਾਇ॥ ਫਲੁ ਲਾਗਾ ਤਬ ਫੂਲੁ ਬਿਲਾਇ॥ ਗਿਆਨੈ ਕਾਰਨ ਕਰਮ ਅਭਿਆਸੁ॥ ਗਿਆਨੁ ਭਇਆ ਤਹ ਕਰਮਹ ਨਾਸੁ॥੩॥” ਜਦੋਂ ਹੁਕਮ ਦੀ ਸੋਝੀ ਹੋ ਗਈ ਫੇਰ ਕਰਤਾ ਭਾਵ ਆਪੇ ਕੱਟਿਆ ਜਾਣਾ। ਗਿਆਨ ਹੋਣ ਤੇ ਹੀ ਹੁਕਮ ਵਿੱਚ ਮਗਨ ਪੰਥ ਦੀ ਸੋਝੀ ਹੋਣੀ।
ਗੁਰਬਾਣੀ ਪੜਦਿਆਂ ਪੰਕਤੀ ਆਉਂਦੀ ਹੈ “ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥” ਇਸਨੂੰ ਪੜ੍ਹ ਕੇ ਲਗਦਾ ਕੇ ਕਰਮ ਸਾਡੇ ਕੰਮ ਬਨ। ਚੰਗੇ ਕੰਮ ਕਰਨ ਨੂੰ ਕਹਿਆ ਜਾ ਰਹਿਆ ਹੈ। ਪਰ ਜੇ ਗੁਰਮਤਿ ਵਿਚਾਰੀ ਹੋਵੇ ਤਾਂ ਪਤਾ ਲਗਦਾ ਹੈ ਕੇ ਬੀਜਣਾ ਕੀ ਹੈ ਤੇ ਖੇਤ ਕੀ ਹੈ। ਖੇਤ ਹੂ ਸਾਡੀ ਬੁੱਧ ਤੇ ਬੀਜਣਾ ਸੀ ਗਿਆਨ। ਗੁਰਬਾਣੀ ਨੇ ਸਮਝਾਇਆ ਹੈ ਇਹ ਖੇਤ ਤੇ ਇਹ ਗਿਆਨ ਵਾਲੀ ਖੇਤੀ “ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ॥ਹੋਇ ਕਿਰਸਾਣੁ ਈਮਾਨੁ ਜੰਮਾਇ ਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ॥੧॥” – ਧਰਤੀ ਹੈ ਬੁੱਧ ਜਿਸਨੂੰ ਮਾਤਾ ਧਰਤੀ ਵੀ ਕਹਿਆ “ਮਾਤਾ ਮਤਿ ਪਿਤਾ ਸੰਤੋਖੁ॥”, “ਮਤਿ ਮਾਤਾ ਸੰਤੋਖੁ ਪਿਤਾ ਸਰਿ ਸਹਜ ਸਮਾਯਉ॥”, ਗੁਰ ਕਿ ਸਿਖ ਸੁਣ ਕੇ ਇਸ ਮਤਿ ਧਰਤੀ ਤੇ ਗੁਣਾਂ ਦੇ ਰਾਨ ਜਵਾਹਰ ਮੜਨੇ ਸੀ “ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ॥”। ਇੱਥੇ ਸ਼ਬਦ ਦਾ ਬੀਜ ਬੋ ਕੇ ਗਿਆਨ ਦੇ ਆਬ (ਪਾਣੀ) ਨਿਤ ਦੇਣਾ ਸੀ, ਪਰ ਅਸੀਂ ਕਰਮ (ਹੁਕਮ/ਰਜਾ/ਦਇਆ) ਨੂੰ ਛੱਡ ਕੇ ਇਸ ਖੇਤ ਨੂੰ ਜੀਵਨ ਸਮਝ ਲਿਆ ਤੇ ਕਰਮ ਆਪਣੇ ਕੰਮਾ ਨੂੰ ਮੰਨ ਲਿਆ। ਆਪਣੀ ਮਤਿ ਛੱਡੀ ਨਹੀਂ ਬੁੱਧ ਦੇ ਭਾਂਡੇ ਨੂੰ ਧਿਤਾ ਨਹੀਂ ਤੇ ਆਸ ਕਰਦੇ ਹਾਂ ਕੇ ਦੂਧਾ ਸਾਡੀ ਬੁੱਧ ਵਿੱਚ ਨਾਮ (ਗਿਆਨ) ਦਾ ਦੁੱਧ ਪਾ ਦੇਵੇਗਾ।ਜਦੋਂ ਬੀਜਣ ਦੀ ਗੱਲ ਆਉਂਦੀ ਹੈ ਤਾਂ ਵੀ ਇਹੀ ਭਰਮ ਹੁੰਦਾ ਹੈ ਕੇ ਮੈਂ ਬੀਜਣਾ। ਮੈਂ ਬੀਜਣਾ ਹੋਵੇ ਤਾਂ ਗੁਰ ਪ੍ਰਸਾਦ ਕੱਟਿਆ ਜਾਂਦਾ। ਸੋ ਅਸਲ ਗੱਲ ਹੈ ਕੇ ਬੰਦਾ ਕਰਤਾ ਭਾਵ ਵੀ ਨਹੀਂ ਛੱਡਦਾ ਤੇ ਹੁਕਮ ਵੀ ਮੰਨਣਾ ਚਾਹੁੰਦਾ। ਜੇ ਕਰਤਾ ਹੈ ਫੇਰ ਮੰਗਣਾ ਕਿਉਂ, ਜੇ ਦੇਣ ਵਾਲ ਕੋਈ ਹੋਰ ਹੈ, ਕਰਵਾਉਣ ਵਾਲਾ ਕੋਈ ਹੋਰ ਹੈ ਜਿਸ ਹੱਥ ਡੋਰ ਹੈ ਕਠਪੁਤਲੀ ਦੀ ਤਾਂ ਫੇਰ ਮੰਗਣਾ ਕਿਉਂ, ਉਸਨੂੰ ਪਤਾ ਹੋਣਾ ਕਠਪੁਤਲੀ ਨੂੰ ਕਿਵੇਂ ਚਲਾਉਣਾ।
”ਬੈਸਨੋ ਸੋ ਜਿਸੁ ਊਪਰਿ ਸੁਪ੍ਰਸੰਨ॥ ਬਿਸਨ ਕੀ ਮਾਇਆ ਤੇ ਹੋਇ ਭਿੰਨ॥ ਕਰਮ ਕਰਤ ਹੋਵੈ ਨਿਹਕਰਮ॥ ਤਿਸੁ ਬੈਸਨੋ ਕਾ ਨਿਰਮਲ ਧਰਮ॥ ਕਾਹੂ ਫਲ ਕੀ ਇਛਾ ਨਹੀ ਬਾਛੈ॥ ਕੇਵਲ ਭਗਤਿ ਕੀਰਤਨ ਸੰਗਿ ਰਾਚੈ॥ ਮਨ ਤਨ ਅੰਤਰਿ ਸਿਮਰਨ ਗੋਪਾਲ॥ ਸਭ ਊਪਰਿ ਹੋਵਤ ਕਿਰਪਾਲ॥ ਆਪਿ ਦ੍ਰਿੜੈ ਅਵਰਹ ਨਾਮੁ ਜਪਾਵੈ॥ ਨਾਨਕ ਓਹੁ ਬੈਸਨੋ ਪਰਮ ਗਤਿ ਪਾਵੈ॥੨॥” – ਕਰਮ ਕਰਦਿਆਂ ਨਿਹਕਰਮ ਹੋਣਾ ਹੈ। ਕਰਤਾ ਭਾਵ ਛੱਡਣਾ ਹੈ।
ਇਹ ਗਲ ਵਿਚਾਰਦਿਆਂ ਕਿਸੇ ਨੇ ਪੁੱਛਿਆ ਫੇਰ ਕੀ ਅਸੀਂ ਰੇਪ, ਚੋਰੀ, ਠੱਗੀ, ਕਤਲ ਵੀ ਹੁਕਮ ਮੰਨ ਲਈਏ? ਇਸ ਨਾਲ ਤਾ ਸਜਾ ਤੋਂ ਅਗਲਾ ਬਚ ਜਾਵੇਗਾ ਕੋਰਟ ਵਿੱਚ ਹੁਕਮ ਦੀ ਦੁਹਾਈ ਪਾ ਕੇ। ਅਸਲ ਵਿੱਚ ਜੋ ਹੋ ਰਹਿਆ ਹੈ ਉਹ ਮਾੜੀ ਤੇ ਚੰਗੀ ਸੋਚ ਕਾਰਣ ਹੀ ਹੋ ਰਹਿਆ ਹੈ। ਮਨੁੱਖ ਦੀ ਸੋਚ ਕਾਰਣ ਹੀ ਪਰਮੇਸਰ ਦੇ ਹੁਕਮ ਵਿੱਚ ਹੀ ਹੋ ਰਹਿਆ ਹੈ ਜੋ ਹੋਣਾ। ਕਈ ਵਾਰ ਮਨੁੱਖ ਸੋਚਦਾ ਹੈ ਕਤਲ ਦਾ, ਮਾੜੇ ਕੰਮ ਦਾ ਪਰ ਪਹਿਲਾਂ ਫੜਿਆ ਜਾਂਦਾ ਇਹ ਵੀ ਹੁਕਮ ਹੈ, ਕਈ ਵਾਰ ਮਾੜੇ ਕੰਮ ਕਰਦਾ ਇਹ ਵੀ ਹੁਕਮ ਹੈ, ਕਈ ਵਾਰ ਕਰ ਕੇ ਨਹੀਂ ਫੜਿਆ ਜਾਂਦਾ ਇਹ ਵੀ ਹੁਕਮ ਹੈ। ਮਨੁੱਖ ਦੀ ਸੋਚ ਕੀ ਉਸਦਾ ਕਰਮ ਹੈ। ਸੋਚ ਕਾਰਣ ਹੀ ਹੁਕਮ ਵਿੱਚ ਸਜਾ ਮਿਲਦੀ। ਸੰਸਾਰ ਦੀ ਕਾਰ ਚਲਾਉਣ ਲਈ ਹੀ ਪਰਮੇਸਰ ਦੇ ਹੁਕਮ ਵਿੱਚ ਹੋ ਰਹਿਆ ਜੋ ਹੋਣਾ। ਜੇ ਹੋਣ ਦੇ ਰਹਿਆ ਤਾਂ ਉਹ ਵੀ ਪਰਮੇਸਰ ਹੋਣ ਦੇ ਰਹਿਆ, ਜੇ ਰੋਕ ਰਹਿਆ ਉਹ ਵੀ ਹੁਕਮ ਹੈ। ਇਸ ਸ੍ਰਿਸਟੀ ਨੂੰ ਚਲਾਉਣ ਲਈ ਹੀ ਪਰਮੇਸਰ ਨੇ ਚੰਗੇ ਮਾੜੇ ਦੀ ਖੇਡ ਰਚੀ ਹੈ “ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ॥ ਦੁਹੀ ਮਿਲਿ ਕੈ ਸ੍ਰਿਸਟਿ ਉਪਾਈ॥ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਜਿ ਸਮਾਵਣਿਆ॥੪॥ ਘਰ ਹੀ ਮਾਹਿ ਦੂਜੈ ਭਾਇ ਅਨੇਰਾ॥ ਚਾਨਣੁ ਹੋਵੈ ਛੋਡੈ ਹਉਮੈ ਮੇਰਾ॥ ਪਰਗਟੁ ਸਬਦੁ ਹੈ ਸੁਖਦਾਤਾ ਅਨਦਿਨੁ ਨਾਮੁ ਧਿਆਵਣਿਆ॥੫॥”। ਗੁਰਮੁੱਖ ਨੇ ਗੁਣ ਲੈ ਕੇ, ਗਿਆਨ ਲੈਕੇ ਇਸ ਚੰਗੇ ਮਾੜੇ ਦੀ ਖੇਡ ਵਿੱਚੋਂ ਬਾਹਰ ਨਿਕਲਣਾ ਹੈ। ਜਦੋਂ ਗੁਣਾਂ ਦਾ ਗਿਆਨ ਹੋਇਆ, ਪ੍ਰਚਾਰ ਹੋਇਆ, ਵਿਕਾਰਾਂ ਦੀ ਮਲ ਤੋਂ ਨਿਰਮਲ ਹੋਇਆ ਉਦੋਂ ਸੁਹਿਰਦ ਪੈਦਾ ਹੋਣਾ। ਸੋਚ ਪਾਕ ਰੱਖੀ ਸਾਰਿਆ ਵਿੱਚ ਏਕ ਜੋਤ ਦਿਸੀ ਉਦੋਂ ਸੁਕ੍ਰਿਤ ਦੁਕ੍ਰਿਤ ਦੀ ਖੇਡ ਖਤਮ ਹੋ ਜਾਣੀ ਤੇ ਭਾਣਾ ਸਰਵ ਵਿਆਪੀ ਹੋਣਾ।
ਇੱਕ ਪਾਸੇ ਤੂੰ ਕਰਤਾ ਕਰਨਾ ਮੈ ਨਾਹੀ ਵੀ ਪੜੀ ਜਾਨੇ ਦੂਜੇ ਪਾਸੇ ਕਰਤਾ, ਕਰਮ ਵਿੱਚ ਵੀ ਫਸੇ ਹੋਏ ਹਾਂ “ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ॥ ਜੈਸਾ ਭੇਖੁ ਕਰਾਵੈ ਬਾਜੀਗਰੁ ਓਹੁ ਤੈਸੋ ਹੀ ਸਾਜੁ ਆਨੈ॥੩॥ ਅਨਿਕ ਕੋਠਰੀ ਬਹੁਤੁ ਭਾਤਿ ਕਰੀਆ ਆਪਿ ਹੋਆ ਰਖਵਾਰਾ॥ ਜੈਸੇ ਮਹਲਿ ਰਾਖੈ ਤੈਸੈ ਰਹਨਾ ਕਿਆ ਇਹੁ ਕਰੈ ਬਿਚਾਰਾ॥੪॥ ਜਿਨਿ ਕਿਛੁ ਕੀਆ ਸੋਈ ਜਾਨੈ ਜਿਨਿ ਇਹ ਸਭ ਬਿਧਿ ਸਾਜੀ॥ ਕਹੁ ਨਾਨਕ ਅਪਰੰਪਰ ਸੁਆਮੀ ਕੀਮਤਿ ਅਪੁਨੇ ਕਾਜੀ॥੫॥”
ਸਾਨੂੰ ਕੋਈ ਵੀ ਮਨੁੱਖ ਸਾਡੇ ਵਰਗੀ ਗਲ ਕਰਦਾ ਦਿਸ ਜਾਂਦਾ ਹੈ ਅਸੀਂ ਝੱਟ ਕਹਿ ਦਿੰਦੇ ਹਾਂ ਕੇ ਠੀਕ ਹੈ। ਕਰਮ ਸਾਡੇ ਹੱਥ ਹਨ ਕਿਉਂਕੇ ਦੂਜੇ ਨੇ ਵੀ ਹੁਕਮ ਨਹੀਂ ਸਮਝਿਆ ਜਾਂ ਸਮਝਿਆ ਪਰ ਸਾਡੇ ਵਰਗੀ ਗਲ ਕਰ ਰਹਿਆ ਹੈ। ਗੁਰਬਾਣੀ ਤੋਂ ਖੋਜ ਕਰਨ ਤੋਂ ਭੱਜਦੇ ਹਾਂ॥ ਗੁਰਬਾਣੀ ਵਿੱਚ ਕਰਤਾ ਕੌਣ ਹੈ ਸਮਝਾਇਆ ਹੈ। ਬਿਅੰਤ ਪੰਕਤੀਆ ਹਨ ਜੋ ਹੁਕਮ, ਕਰਤਾ, ਕਰਣੀ ਬਾਰੇ ਸਮਝਾਉਂਦੀਆਂ ਹਨ। ਅਸੀਂ ਵਿਚਾਰਦੇ ਵੀ ਨਹੀਂ। ਉਦਾਹਰਣ
”ਆਪੇ ਕਰਿ ਵੇਖੈ ਮਾਰਗਿ ਲਾਏ ਭਾਈ ਤਿਸੁ ਬਿਨੁ ਅਵਰੁ ਨ ਕੋਈ॥ ਜੋ ਧੁਰਿ ਲਿਖਿਆ ਸੁ ਕੋਇ ਨ ਮੇਟੈ ਭਾਈ ਕਰਤਾ ਕਰੇ ਸੁ ਹੋਈ॥ ਨਾਨਕ ਨਾਮੁ ਵਸਿਆ ਮਨ ਅੰਤਰਿ ਭਾਈ ਅਵਰੁ ਨ ਦੂਜਾ ਕੋਈ॥”
”ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ॥ ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ॥ ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ॥”
”ਤੀਨਿ ਗੁਣਾ ਤੇਰੇ ਜੁਗ ਹੀ ਅੰਤਰਿ ਚਾਰੇ ਤੇਰੀਆ ਖਾਣੀ॥ ਕਰਮੁ ਹੋਵੈ ਤਾ ਪਰਮ ਪਦੁ ਪਾਈਐ ਕਥੇ ਅਕਥ ਕਹਾਣੀ॥੩॥ ਤੂੰ ਕਰਤਾ ਕੀਆ ਸਭੁ ਤੇਰਾ ਕਿਆ ਕੋ ਕਰੇ ਪਰਾਣੀ॥ ਜਾ ਕਉ ਨਦਰਿ ਕਰਹਿ ਤੂੰ ਅਪਣੀ ਸਾਈ ਸਚਿ ਸਮਾਣੀ॥੪॥”
”ਸਚੁ ਮਨ ਕਾਰਣਿ ਤਤੁ ਬਿਲੋਵੈ॥ ਸੁਭਰ ਸਰਵਰਿ ਮੈਲੁ ਨ ਧੋਵੈ॥ ਜੈ ਸਿਉ ਰਾਤਾ ਤੈਸੋ ਹੋਵੈ॥ ਆਪੇ ਕਰਤਾ ਕਰੇ ਸੁ ਹੋਵੈ॥੩॥”
”ਸਗਲੀ ਜੋਤਿ ਤੇਰਾ ਸਭੁ ਕੋਈ॥ ਆਪੇ ਜੋੜਿ ਵਿਛੋੜੇ ਸੋਈ॥ ਆਪੇ ਕਰਤਾ ਕਰੇ ਸੁ ਹੋਈ॥੪॥”
”ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ॥ ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ॥ ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥੩॥”
”ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰਭੰਡ ਕਰੇ॥ ਆਪਿ ਸਮੁੰਦੁ ਆਪਿ ਹੈ ਸਾਗਰੁ ਆਪੇ ਹੀ ਵਿਚਿ ਰਤਨ ਧਰੇ॥ ਆਪਿ ਲਹਾਏ ਕਰੇ ਜਿਸੁ ਕਿਰਪਾ ਜਿਸ ਨੋ ਗੁਰਮੁਖਿ ਕਰੇ ਹਰੇ॥ ਆਪੇ ਭਉਜਲੁ ਆਪਿ ਹੈ ਬੋਹਿਥਾ ਆਪੇ ਖੇਵਟੁ ਆਪਿ ਤਰੇ॥ ਆਪੇ ਕਰੇ ਕਰਾਏ ਕਰਤਾ ਅਵਰੁ ਨ ਦੂਜਾ ਤੁਝੈ ਸਰੇ॥”
”ਆਪੇ ਅਠਸਠਿ ਤੀਰਥ ਕਰਤਾ ਆਪਿ ਕਰੇ ਇਸਨਾਨੁ॥ ਆਪੇ ਸੰਜਮਿ ਵਰਤੈ ਸ੍ਵਾਮੀ ਆਪਿ ਜਪਾਇਹਿ ਨਾਮੁ॥ ਆਪਿ ਦਇਆਲੁ ਹੋਇ ਭਉ ਖੰਡਨੁ ਆਪਿ ਕਰੈ ਸਭੁ ਦਾਨੁ॥ ਜਿਸ ਨੋ ਗੁਰਮੁਖਿ ਆਪਿ ਬੁਝਾਏ ਸੋ ਸਦ ਹੀ ਦਰਗਹਿ ਪਾਏ ਮਾਨੁ॥ ਜਿਸ ਦੀ ਪੈਜ ਰਖੈ ਹਰਿ ਸੁਆਮੀ ਸੋ ਸਚਾ ਹਰਿ ਜਾਨੁ॥”
”ਆਪੇ ਕਰਿ ਵੇਖੈ ਮਾਰਗਿ ਲਾਏ ਭਾਈ ਤਿਸੁ ਬਿਨੁ ਅਵਰੁ ਨ ਕੋਈ॥ ਜੋ ਧੁਰਿ ਲਿਖਿਆ ਸੁ ਕੋਇ ਨ ਮੇਟੈ ਭਾਈ ਕਰਤਾ ਕਰੇ ਸੁ ਹੋਈ॥ ਨਾਨਕ ਨਾਮੁ ਵਸਿਆ ਮਨ ਅੰਤਰਿ ਭਾਈ ਅਵਰੁ ਨ ਦੂਜਾ ਕੋਈ॥”
”ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ॥ ਸਤਿਗੁਰੁ ਮਿਲੈ ਸੁਭਾਇ ਸਹਜਿ ਗੁਣ ਗਾਈਐ ਜੀਉ॥ ਗੁਣ ਗਾਇ ਵਿਗਸੈ ਸਦਾ ਅਨਦਿਨੁ ਜਾ ਆਪਿ ਸਾਚੇ ਭਾਵਏ॥ ਅਹੰਕਾਰੁ ਹਉਮੈ ਤਜੈ ਮਾਇਆ ਸਹਜਿ ਨਾਮਿ ਸਮਾਵਏ॥ ਆਪਿ ਕਰਤਾ ਕਰੇ ਸੋਈ ਆਪਿ ਦੇਇ ਤ ਪਾਈਐ॥ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ॥੧॥”
”ਆਪਿ ਕਰਤਾ ਕਰੇ ਸੋਈ ਪ੍ਰਭੁ ਆਪਿ ਅੰਤਿ ਨਿਰੰਤਰੇ॥”
”ਗੁਰ ਤੇ ਗਿਆਨੁ ਨਾਮ ਰਤਨੁ ਪਾਇਆ॥ ਮਨਸਾ ਮਾਰਿ ਮਨ ਮਾਹਿ ਸਮਾਇਆ॥ ਆਪੇ ਖੇਲ ਕਰੇ ਸਭਿ ਕਰਤਾ ਆਪੇ ਦੇਇ ਬੁਝਾਈ ਹੇ॥੫॥”
”ਆਪੇ ਕਰਤਾ ਕਰੇ ਕਰਾਏ॥ ਸਚੀ ਬਾਣੀ ਸਚੁ ਦ੍ਰਿੜਾਏ॥ ਨਾਨਕ ਨਾਮੁ ਮਿਲੈ ਵਡਿਆਈ ਜੁਗਿ ਜੁਗਿ ਏਕੋ ਜਾਤਾ ਹੇ॥”
”ਸੋ ਸੂਚਾ ਜਿ ਕਰੋਧੁ ਨਿਵਾਰੇ॥ ਸਬਦੇ ਬੂਝੈ ਆਪੁ ਸਵਾਰੇ॥ ਆਪੇ ਕਰੇ ਕਰਾਏ ਕਰਤਾ ਆਪੇ ਮੰਨਿ ਵਸਾਇਦਾ॥੫॥”
”ਕਰਮੁ ਹੋਵੈ ਗੁਰੁ ਭਗਤਿ ਦ੍ਰਿੜਾਏ॥ ਵਿਣੁ ਕਰਮਾ ਕਿਉ ਪਾਇਆ ਜਾਏ॥ ਆਪੇ ਕਰੇ ਕਰਾਏ ਕਰਤਾ ਜਿਉ ਭਾਵੈ ਤਿਵੈ ਚਲਾਇਦਾ॥੧੨॥” – ਇੱਥੇ ਕਰਮੁ ਦਾ ਭਾਵ ਮਿਹਰ/ਦਯਾ ਲੈਕੇ ਕੇ ਵੁਖੋ।
ਭਰਮ ਵਿੱਚ ਵੀ ਉਹੀ ਪਾਉਂਦਾ ਤੇ ਉਹੀ ਕੱਡਦਾ “ਸਿਮ੍ਰਿਤਿ ਸਾਸਤ ਅੰਤੁ ਨ ਜਾਣੈ॥ ਮੂਰਖੁ ਅੰਧਾ ਤਤੁ ਨ ਪਛਾਣੈ॥ ਆਪੇ ਕਰੇ ਕਰਾਏ ਕਰਤਾ ਆਪੇ ਭਰਮਿ ਭੁਲਾਇਦਾ॥੧੩॥”
”ਨਿਰੰਕਾਰਿ ਆਕਾਰੁ ਉਪਾਇਆ॥ ਮਾਇਆ ਮੋਹੁ ਹੁਕਮਿ ਬਣਾਇਆ॥ ਆਪੇ ਖੇਲ ਕਰੇ ਸਭਿ ਕਰਤਾ ਸੁਣਿ ਸਾਚਾ ਮੰਨਿ ਵਸਾਇਦਾ॥੧॥”
”ਆਦਿ ਅੰਤਿ ਮਧਿ ਪ੍ਰਭੁ ਸੋਈ॥ ਆਪੇ ਕਰਤਾ ਕਰੇ ਸੁ ਹੋਈ॥ ਭ੍ਰਮੁ ਭਉ ਮਿਟਿਆ ਸਾਧਸੰਗ ਤੇ ਦਾਲਿਦ ਨ ਕੋਈ ਘਾਲਕਾ॥੬॥” – ਆਦਿ ਅੰਤ ਮੱਧ ਹਰ ਸਮੇਂ ਕਰਤਾ ਉਹੀ ਹੈ ਉਸਦਾ ਹੀ ਹੁਕਮ ਵਰਤ ਰਹਿਆ ਤਾ ਫੇ ਸੰਸਾਰੀ ਸਤਿਜੁਗ, ਕਲਿਜੁਗ, ਤ੍ਰੇਤਾ, ਦੁਆਪਰ ਕਿਵੇਂ ਬਣ ਗਏ। ਇਹ ਵਿਚਾਰਨ ਦਾ ਵਿਸ਼ਾ ਹੈ।
”ਆਪੇ ਕਰਤਾ ਕਰੇ ਕਰਾਏ ਆਪੇ ਮਾਰਗਿ ਪਾਏ॥ ਆਪੇ ਗੁਰਮੁਖਿ ਦੇ ਵਡਿਆਈ ਨਾਨਕ ਨਾਮਿ ਸਮਾਏ॥“
”ਜੁੜਿ ਜੁੜਿ ਵਿਛੁੜੇ ਵਿਛੁੜਿ ਜੁੜੇ॥ ਜੀਵਿ ਜੀਵਿ ਮੁਏ ਮੁਏ ਜੀਵੇ॥ ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ ਚੇਲੇ ਹੂਏ॥ ਆਗੈ ਪਾਛੈ ਗਣਤ ਨ ਆਵੈ ਕਿਆ ਜਾਤੀ ਕਿਆ ਹੁਣਿ ਹੂਏ॥ ਸਭੁ ਕਰਣਾ ਕਿਰਤੁ ਕਰਿ ਲਿਖੀਐ ਕਰਿ ਕਰਿ ਕਰਤਾ ਕਰੇ ਕਰੇ॥ਮਨਮੁਖਿ ਮਰੀਐ ਗੁਰਮੁਖਿ ਤਰੀਐ ਨਾਨਕ ਨਦਰੀ ਨਦਰਿ ਕਰੇ॥੨॥”
”ਆਖਣਿ ਅਉਖਾ ਸੁਨਣਿ ਅਉਖਾ ਆਖਿ ਨ ਜਾਪੀ ਆਖਿ॥ ਇਕਿ ਆਖਿ ਆਖਹਿ ਸਬਦੁ ਭਾਖਹਿ ਅਰਧ ਉਰਧ ਦਿਨੁ ਰਾਤਿ॥ ਜੇ ਕਿਹੁ ਹੋਇ ਤ ਕਿਹੁ ਦਿਸੈ ਜਾਪੈ ਰੂਪੁ ਨ ਜਾਤਿ॥ ਸਭਿ ਕਾਰਣ ਕਰਤਾ ਕਰੇ ਘਟ ਅਉਘਟ ਘਟ ਥਾਪਿ॥ ਆਖਣਿ ਅਉਖਾ ਨਾਨਕਾ ਆਖਿ ਨ ਜਾਪੈ ਆਖਿ॥੨॥“
”ਅਹਿਨਿਸਿ ਲਾਹਾ ਹਰਿ ਨਾਮੁ ਪਰਾਪਤਿ ਗੁਰੁ ਦਾਤਾ ਦੇਵਣਹਾਰੁ॥ ਗੁਰਮੁਖਿ ਸਿਖ ਸੋਈ ਜਨੁ ਪਾਏ ਜਿਸ ਨੋ ਨਦਰਿ ਕਰੇ ਕਰਤਾਰੁ॥੩॥”
”ਤਾ ਕਉ ਸਮਝਾਵਣ ਜਾਈਐ ਜੇ ਕੋ ਭੂਲਾ ਹੋਈ॥ ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੈ ਕੋਈ॥੩॥“
”ਆਪੇ ਕਰੇ ਕਰਾਏ ਕਰਤਾ ਜਿਨਿ ਏਹ ਰਚਨਾ ਰਚੀਐ॥ ਹਰਿ ਅਭਿਮਾਨੁ ਨ ਜਾਈ ਜੀਅਹੁ ਅਭਿਮਾਨੇ ਪੈ ਪਚੀਐ॥੭॥ ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ॥ ਨਾਨਕ ਸਚਿ ਨਾਮਿ ਨਿਸਤਾਰਾ ਕੋ ਗੁਰ ਪਰਸਾਦਿ ਅਘੁਲੈ॥”
”ਸਬਦਿ ਮਰੈ ਸੋ ਮੁਆ ਜਾਪੈ॥ ਗੁਰਪਰਸਾਦੀ ਹਰਿ ਰਸਿ ਧ੍ਰਾਪੈ॥ ਹਰਿ ਦਰਗਹਿ ਗੁਰ ਸਬਦਿ ਸਿਞਾਪੈ॥ ਬਿਨੁ ਸਬਦੈ ਮੁਆ ਹੈ ਸਭੁ ਕੋਇ॥ ਮਨਮੁਖੁ ਮੁਆ ਅਪੁਨਾ ਜਨਮੁ ਖੋਇ॥ ਹਰਿ ਨਾਮੁ ਨ ਚੇਤਹਿ ਅੰਤਿ ਦੁਖੁ ਰੋਇ॥ ਨਾਨਕ ਕਰਤਾ ਕਰੇ ਸੁ ਹੋਇ॥੪੩॥ ਗੁਰਮੁਖਿ ਬੁਢੇ ਕਦੇ ਨਾਹੀ ਜਿਨੑਾ ਅੰਤਰਿ ਸੁਰਤਿ ਗਿਆਨੁ॥ ਸਦਾ ਸਦਾ ਹਰਿ ਗੁਣ ਰਵਹਿ ਅੰਤਰਿ ਸਹਜ ਧਿਆਨੁ॥ ਓਇ ਸਦਾ ਅਨੰਦਿ ਬਿਬੇਕ ਰਹਹਿ ਦੁਖਿ ਸੁਖਿ ਏਕ ਸਮਾਨਿ॥ ਤਿਨਾ ਨਦਰੀ ਇਕੋ ਆਇਆ ਸਭੁ ਆਤਮ ਰਾਮੁ ਪਛਾਨੁ॥੪੪॥”
ਗੁਰਬਾਣੀ ਨੂੰ ਸਮਝੋ ਵਿਚਾਰੋ ਤੇ ਕਰਤੇ ਦੀ ਪਛਾਣ ਕਰੋ। ਫੇਰ ਦਿਲੋਂ ਵਾਹੁ ਵਾਹੁ ਆਪੇ ਨਿਕਲਣੀ। ਮੁਹੋਂ ਕਹਿਣ ਮਾਤਰ ਦੀ ਲੋੜ ਨਹੀਂ ਪੈਣੀ। ਇੱਕ ਪਾਸੇ ਅਸੀਂ ਅਰਦਾਸਾਂ ਵਿੱਚ ਆਖਦੇ ਹਾਂ ਕੇ ਜੋ ਕਰਿ ਰਹੇ ਹੌਂ ਉਹ ਵੀ ਵਾਹੁ ਵਾਹੁ, ਜੋ ਕਰੋਂਗੇ ਉਹ ਵੀ ਵਾਹੁ ਵਾਹੁ, ਦੂਜੇ ਪਾਸੇ ਆਪਣੇ ਆਪ ਨੂੰ ਕਰਤਾ ਮੰਨੀ ਜਾਦੇ ਹਾਂ ਤੇ ਸੋਚਦੇ ਹਾਂ ਕੇ ਕਰਮ ਸਾਡੇ ਹੱਥ ਵਿੱਚ ਹਨ। ਇਹ ਮਨ ਦਾ ਸੁਭਾਵ ਹੈ, ਮਨ ਨੂੰ ਆਦਤ ਪੈ ਗਈ ਹੈ ਆਪਣੇ ਆਪ ਨੂੰ ਕਰਤਾ ਅਖਵਾਉਣ ਦੀ।