Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸਾਖੀ

ਗੁਰੁ ਇਤਿਹਾਸ ਬਾਰੇ ਪ੍ਰਚਾਰਕਾਂ ਨੇ ਕਈ ਸਾਖੀਆਂ ਘੜੀਆਂ ਹੋਈਆਂ ਹਨ। ਕੁਝ ਸਾਖੀਆਂ ਤਾਂ ਗੁਰਮਤਿ ਤੋਂ ਉਲਟ ਵੀ ਹਨ। ਜਿਹਨਾਂ ਗੁਰਮਤਿ ਪੜ੍ਹੀ, ਸਮਝੀ ਤੇ ਵਿਚਾਰੀ ਨਹੀਂ ਉਹਨਾਂ ਦਾ ਦੋਸ਼ ਨਹੀਂ ਪਰ ਪ੍ਰਚਾਰਕ ਇਹ ਕਿਉਂ ਕਰਦੇ ਹਨ ਕਹਿਣਾ ਮੁਸ਼ਕਲ ਹੈ। ਗੁਰੁ ਦਾ ਨਾਮ ਲਾ ਕੇ ਰੋਜ਼ ਨਵੀਂ ਸਾਖੀ ਘੜ ਦਿੰਦੇ ਹਨ ਤੇ ਕੋਈ ਸ੍ਰੋਤ ਜਾਂ ਪ੍ਰਮਾਣ ਨਹੀਂ ਮੰਗਦਾ। ਸਾਡੇ ਕੋਲ ਕਈ ਉਦਾਹਰਣ ਹਨ ਜਿੱਥੇ ਮਿਥਿਹਾਸ ਤੇ ਲਿਖਿਤ ਕਹਾਣੀਆਂ ਹੀ ਇਤਿਹਾਸ ਸਮਝਿਆ ਜਾਣ ਲੱਗ ਪਿਆ ਹੈ। ਇਸ ਕਾਰਣ ਸਿੱਖੀ ਦਾ ਅਸਲੀ ਇਤਿਹਾਸ ਪਿਛਲੇ ੫੫੦ ਸਾਲਾਂ ਦਾ ਕੋਈ ਵੀ ਸਹੀ ਨਹੀਂ ਜਾਣਦਾ ਜਦ ਕੇ ਕਈ ਦੇਸ਼ਾਂ ਇਲਾਕਿਆਂ ਦਾ ੫੦੦੦ ਸਾਲ ਦਾ ਇਤਿਹਾਸ ਵੀ ਲੋਕਾਂ ਨੂੰ ਪਤਾ ਹੈ। ਸਾਖੀ ਦਾ ਸਹੀ ਅਰਥ ਹੁੰਦਾ ਹੈ ਸਿੱਖਿਆ। ਕੁੱਝ ਸੱਜਣ ਇਸਦਾ ਅਰਥ ਗਵਾਹੀ ਵੀ ਮੰਨਦੇ ਹਨ। ਗਵਾਹੀ ਦੇਣ ਲਈ ਤਾ ਲਿਖਾਰੀ ਨੂੰ ਉੱਥੇ ਆਪ ਮੌਜੂਦ ਹੋਣਾ ਪਏਗਾ ਤੇ ਗੁਰਮਤਿ ਸਿਖਿਆ ਲਈ ਸ੍ਰੋਤ ਕੇਵਲ ਗੁਰਬਾਣੀ ਹੀ ਹੈ। ਸੋ ਆਓ ਵਿਚਾਰ ਕਰਦੇ ਹਾਂ ਕੇ ਸਾਖੀ ਗੁਰਮਤਿ ਕਿਸ ਨੂੰ ਮੰਨਦੀ ਹੈ।

ਨਾਨਕ ਪਾਤਿਸ਼ਾਹ ਆਖਦੇ ਹਨ ਕੇ ਜੋਤ ਦੀ ਸਾਖੀ ਭਾਵ ਸਿਖਿਆ ਰਾਹੀਂ ਗਿਆਨ ਦਾ ਚਾਨਣ ਪਰਗਟ ਹੁੰਦਾ ਹੈ “ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥ ਗੁਰ ਸਾਖੀ ਜੋਤਿ ਪਰਗਟੁ ਹੋਇ॥ ਜੋ ਤਿਸੁ ਭਾਵੈ ਸੁ ਆਰਤੀ ਹੋਇ॥੩॥(ਮ ੧, ਰਾਗੁ ਧਨਾਸਰੀ, ੧੩)” – ਭਾਵ ਸਾਰਿਆਂ ਵਿੱਚ ਏਕ ਜੋਤ ਹੈ ਇਸ ਜੋਤ ਨਾਲ ਹੀ ਸੋਝੀ ਦਾ ਚਾਨਣਾ ਪਰਗਟ ਹੁੰਦਾ ਹੈ। ਪਰਗਟ ਗਿਆਨ ਜਾਂ ਸੋਝੀ ਹੀ ਹੋ ਸਕਦੀ ਹੈ ਗਵਾਹੀ ਨਹੀਂ। ਗੁਰ (ਗੁਣਾਂ) ਦੀ ਸਿੱਖਿਆ ਪਰਗਟੁ ਹੁੰਦੀ ਹੈ ਕਿਉਂਕੇ ਹਰ ਜੀਵ ਇਹ ਗਿਆਨ ਧੁਰੋਂ ਹੀ ਲੈਕੇ ਪੈਦਾ ਹੁੰਦਾ ਹੈ ਇਸਦਾ ਪ੍ਰਮਾਣ ਹੈ “ਬੀਜ ਮੰਤ੍ਰੁ ਸਰਬ ਕੋ ਗਿਆਨੁ॥”, “ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ॥”, ”ਜੇਤੇ ਘਟ ਅੰਮ੍ਰਿਤੁ ਸਭ ਹੀ ਮਹਿ ਭਾਵੈ ਤਿਸਹਿ ਪੀਆਈ ॥੨॥“, “”ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ ॥”, ਬਸ ਇਸ ਗਿਆਨ ਦੇ ਅੰਮ੍ਰਿਤ ਨੂੰ ਭਾਵ ਗੁਰਮਤਿ ਰਾਹੀਂ ਪਹਿਚਾਨਣ ਦੀ ਲੋੜ ਹੈ ਪਰਗਟ ਕਰਨ ਦੀ ਲੋੜ ਹੈ। ਇਹੀ ਸਾਖੀ ਭਾਵ ਸਿੱਖਿਆ ਹੈ ਤਾ ਹੀਂ ਗੁਰਮਤਿ ਵਿੱਚ ਦਰਜ ਹੈ ਕੇ “ਸਚੀ ਸਾਖੀ ਉਪਦੇਸੁ ਸਚੁ ਸਚੇ ਸਚੀ ਸੋਇ॥”। ਜਿਹੜੇ ਮਨ ਕਾਰਣ ਮਾਇਆ ਦੇ ਮਗਰ ਭੱਜਦੇ ਹਨ ਭਾਵ ਮਨਮੁਖ ਹਨ ਮਨ ਨੂੰ ਮੁੱਖ ਰੱਖਣ ਵਾਲੇ ਉਹਨਾਂ ਨੂੰ ਇਸਦਾ ਗਿਆਨ ਨਹੀਂ ਹੁੰਦਾ।

ਗੁਰਮਤਿ ਵਿੱਚ ਇਹ ਫੁਰਮਾਨ ਆਉਂਦਾ ਹੈ “ਹਰਿ ਕੇ ਸੰਤ ਸੁਣਹੁ ਜਨ ਭਾਈ ਹਰਿ ਸਤਿਗੁਰ ਕੀ ਇਕ ਸਾਖੀ॥ ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ ਤਿਨਿ ਜਨਿ ਲੈ ਹਿਰਦੈ ਰਾਖੀ॥ ਹਰਿ ਅੰਮ੍ਰਿਤ ਕਥਾ ਸਰੇਸਟ ਊਤਮ ਗੁਰ ਬਚਨੀ ਸਹਜੇ ਚਾਖੀ॥ ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ॥ ਅਦਿਸਟੁ ਅਗੋਚਰੁ ਅਲਖੁ ਨਿਰੰਜਨੁ ਸੋ ਦੇਖਿਆ ਗੁਰਮੁਖਿ ਆਖੀ॥੧੨॥” – ਘਟ ਵਿੱਚ ਅਗਿਆਨਤਾ ਦਾ ਹਨੇਰਾ ਹੈ ਤੇ ਨਾਮ (ਸੋਝੀ) ਚਾਨਣਾ ਕਰਦੀ ਹੈ “ਅੰਧਿਆਰੇ ਦੀਪਕੁ ਚਹੀਐ॥ ਬਸਤੁ ਅਗੋਚਰ ਲਹੀਐ॥ ਬਸਤੁ ਅਗੋਚਰ ਪਾਈ॥ ਘਟਿ ਦੀਪਕੁ ਰਹਿਆ ਸਮਾਈ॥੨॥”। ਇੱਕੋ ਹੀ ਸਾਖੀ ਭਾਵ ਸਿੱਖਿਆ ਹੈ ਹਰਿ ਸਤਿਗੁਰ ਦੀ। ਹਰਿ ਜੋਤ ਦਾ ਗਿਆਨ ਹੈ ਸੱਚੇ ਦੇ ਗੁਣ। ਹਰਿ ਬਾਰੇ ਜਾਨਣ ਕਈ ਵੇਖੋ “ਹਰਿ”, ਜਿਸਨੂੰ ਇਹ ਭਾਗ ਇਹ ਪਰਮੇਸਰ ਦਾ ਦਾਨ ਮਿਲੇ ਉਸਨੂੰ ਹੀ ਇਹ ਗਲ ਸਮਝ ਆਉਂਦੀ ਹੈ ਤੇ ਉਹੀ ਆਪਣੇ ਹਿਰਦੇ ਵਿੱਚ ਇਸ ਦੀਪਕ ਦੀ ਰੋਸ਼ਨੀ ਕਰਦਾ ਹੈ “ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ ॥”। ਇਹੀ ਹਰਿ ਦੀ ਕਥਾ ਇਹੀ ਅੰਮ੍ਰਿਤ ਗਿਆਨ ਹੈ ਜਿਸ ਨਾਲ ਹਿਰਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ ਤੇ ਘਟ ਵਿੱਚ ਚਾਨਣਾ ਹੁੰਦਾ ਹੈ। ਜੋਂ ਅਦ੍ਰਿਸਟ ਹੈ, ਅਗੋਚਰ ਹੈ ਨਿਰਾਕਾਰ ਹੈ ਅਲੱਖ ਹੈ ਜਿਸਦਾ ਵਖਿਆਣ ਨਹੀਂ ਕੀਤਾ ਜਾ ਸਕਦਾ ਉਹ ਗੁਣਾਂ ਨੂੰ ਮੁਖ ਰੱਖਣ ਵਾਲੇ ਨੂੰ ਗਿਆਨ ਰਾਹੀ ਸੋਝੀ ਦੀਆਂ ਅੱਖਾਂ ਨਾਲ ਦਿਸਦਾ ਹੈ। ਇਹੀ ਮਾਇਆ ਦੀਆਂ ਅੱਖਾਂ ਤੇ ਘਟ ਦੇ ਨੇਤ੍ਰਾਂ ਦਾ ਫਰਕ ਹੈ। ਹੋਰ ਸਮਝਣ ਲਈ ਵੇਖੋ “ਅੱਖਾਂ ਅਤੇ ਨੇਤਰਾਂ ਵਿੱਚ ਫਰਕ”। ਇਸ ਗਿਆਨ ਦੀ ਸਾਖੀ (ਸਿੱਖਿਆ) ਨੇ ਹੀ ਜਿਹੜੇ ਕੰਮ ਲਈ ਜਨਮ ਲਿਆ ਹੈ ਅਰਥ ਏਕੇ ਭਾਵ ਪਰਮੇਸਰ ਦੇ ਹੁਕਮ ਨਾਲ ਏਕ ਮਤਿ ਹੋਣ ਲਈ, ਉਹ ਕੰਮ ਪੂਰਾ ਹੋਣਾ ਹੈ “ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ॥ ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ॥ ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ॥ ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ॥ ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ॥”। ਇਹ ਸਾਖੀ ਭਾਵ ਸਿੱਖਿਆ ਮਿਲਣੀ ਹੈ ਗੁਰ ਕੀ ਸੇਵਾ ਨਾਲ “ਗੁਰ ਕੀ ਸੇਵਾ ਸਬਦੁ ਵੀਚਾਰੁ॥”, ਜਿਸ ਨਾਲ ਹੋਣਾ ਕੀ ਹੈ? “ਗੁਰ ਸੇਵਾ ਤੇ ਸਦਾ ਸੁਖੁ ਪਾਇਆ॥ ਹਉਮੈ ਮੇਰਾ ਠਾਕਿ ਰਹਾਇਆ॥ ਗੁਰ ਸਾਖੀ ਮਿਟਿਆ ਅੰਧਿਆਰਾ ਬਜਰ ਕਪਾਟ ਖੁਲਾਵਣਿਆ॥੬॥”। ਪਰ ਅੱਜ ਦਾ ਸਿੱਖ ਗੁਰ ਕੀ ਸੇਵਾ, ਸਹਜ ਦੀ ਵਿਚਾਰ, ਸਬਦ ਦੀ ਵਿਚਾਰ ਛੱਡ ਕੇ ਕਥਾ ਕਹਾਣੀਆਂ ਸੁਣਦਾ ਹੈ ਤੇ ਬਾਣੀ ਕੇਵਲ ਮੰਤ੍ਰਾਂ ਵਾਂਗ ਪੜ੍ਹਦਾ ਹੈ, ਗੁਰੁਆਂ ਨੇ ਕੀ ਕੀਤਾ, ਕੀ ਹੋਇਆ ਵਲ ਜਿਆਦਾ ਧਿਆਨ ਹੈ ਸਿੱਖਿਆ ਵਲ ਨਹੀਂ। ਗੁਰੁ ਸਾਹਿਬਾਨ ਦਾ ਸਪਸ਼ਟ ਫੁਰਮਾਨ ਹੈ ਕੇ “ਗੁਰਿ ਕਹਿਆ ਸਾ ਕਾਰ ਕਮਾਵਹੁ॥ ਗੁਰ ਕੀ ਕਰਣੀ ਕਾਹੇ ਧਾਵਹੁ॥ ਨਾਨਕ ਗੁਰਮਤਿ ਸਾਚਿ ਸਮਾਵਹੁ॥”। ਅਸਲ ਗੱਲ ਹੈ ਕੇ ਮਨ ਨੂੰ ਪਤਾ ਹੈ ਕੇ ਗਿਆਨ ਨੇ ਮਨ ਨੂੰ ਬੰਨ ਲੈਣਾ ਹੈ ਇਸ ਲਈ ਗਿਆਨ ਵਿਚਾਰ ਤੋਂ ਭੱਜਦਾ ਹੈ। ਕਥਾ ਕਹਾਣੀਆਂ ਨੂੰ ਚਟਕਾਰੇ ਲੈ ਕੇ ਸੁਣਦਾ ਹੈ, ਕਈ ਵਾਰ ਟੇਸੂ ਵੀ ਬਹਾਉਂਦਾ ਹੈ ਪਰ ਗਿਆਨ ਵਿਚਾਰ ਤੋਂ ਕਿਨਾਰਾ ਕਰਦਾ ਹੈ। ਜੋ ਹੋ ਗਿਆ ਉਹ ਭਾਣਾ ਸੀ, ਹੁਕਮ ਸੀ “ਜੋ ਹੋਆ ਹੋਵਤ ਸੋ ਜਾਨੈ॥ਪ੍ਰਭ ਅਪਨੇ ਕਾ ਹੁਕਮੁ ਪਛਾਨੈ॥” ਤੇ ਸਿੱਖ ਨੂੰ ਉਪਦੇਸ ਹੈ ਕੇ “ਗੁਰ ਕੀ ਮਤਿ ਤੂੰ ਲੇਹਿ ਇਆਨੇ॥ ਭਗਤਿ ਬਿਨਾ ਬਹੁ ਡੂਬੇ ਸਿਆਨੇ॥” ਤੇ ਮਨ ਦੇ ਮਰੇ ਬਿਨਾਂ, ਮਨਮਤਿ ਦੇ ਖਤਮ ਹੋਏ ਬਿਨਾਂ ਭਗਤੀ ਨਹੀਂ ਹੁੰਦੀ “ਮਨ ਮਾਰੇ ਬਿਨੁ ਭਗਤਿ ਨ ਹੋਈ॥”। ਸੋ ਸੱਚੀ ਸਾਖੀ ਸੱਚੀ ਸਿੱਖਿਆ ਵਲ ਧਿਆਨ ਦੇਣਾ ਹੈ ਨਾ ਕੇ ਗੁਰ ਇਤਿਹਾਸ, ਕਥਾ ਕਹਾਣੀਆਂ ਵਲ। ਗੁਰ ਇਤਿਹਾਸ, ਆਪਣਾ ਵਿਰਸਾ ਸਾਂਭਣਾ ਜ਼ਰੂਰੀ ਹੈ ਪਰ ਸੱਚਾ ਤਾਂ ਹੋਵੇ, ਅਤੇ ਗੁਰ ਦਾ ਉਪਦੇਸ਼ ਸਮਝਣਾ ਜਿਆਦਾ ਜ਼ਰੂਰੀ ਹੈ। ਗੁਰ ਇਤਿਹਾਸ ਵਿੱਚ ਕੁਰਬਾਨੀਆਂ ਤਾਂ ਹੀ ਹੋਈਆਂ ਕਿਉਂਕੇ ਗੁਰਮਤਿ ਦੇ ਉਪਦੇਸ਼ ਦੇ ਨਾਲ ਪੰਡਤ ਤੇ ਧਰਮ ਦੇ ਠੇਕੇਦਾਰਾਂ ਦੀ ਦੁਕਾਨ ਬੰਦ ਹੁੰਦੀ ਸੀ। ਧਰਮ ਦੇ ਨਾਮ ਤੇ ਜੋ ਮਾਇਆ ਕੱਠੀ ਕਰਦੇ ਸੀ, ਲੋਕਾਂ ਦਾ ਸ਼ੋਸ਼ਣ ਕਰਦੇ ਸੀ ਉਹਨਾਂ ਨੂੰ ਗੁਰਮਤਿ ਰਾਸ ਨਹੀਂ ਆਈ। ਅੱਜ ਜੇ ਗੁਰਮਤਿ ਦੀ ਸਿੱਖਿਆ ਸਿੱਖ ਨੇ ਛੱਡ ਦਿੱਤੀ ਤਾਂ ਉਹ ਕੁਰਬਾਨੀ ਉਹ ਸ਼ਹੀਦੀਆਂ ਵਿਅਰਥ ਹੋ ਜਾਣੀਆਂ। ਵਿਦਵਾਨ ਪੰਡਤ ਨੇ ਗੋਲਕ ਲਈ ਅੱਜ ਫੇਰ ਸਿੱਖ ਨੂੰ ਗਿਆਨ ਤੋਂ ਦੂਰ ਕਰਨ ਦੀ ਸਾਜਿਸ਼ ਕੀਤੀ ਹੋਈ ਹੈ।

ਅੱਗੇ ਵਿਚਾਰ ਕਰਦੇ ਹਾਂ। ਗੁਰਮਤਿ ਦਾ ਫੁਰਮਾਨ ਹੈ ਕੇ “ਅੰਤਰਿ ਜੋਤਿ ਪਰਗਟੁ ਪਾਸਾਰਾ॥ ਗੁਰ ਸਾਖੀ ਮਿਟਿਆ ਅੰਧਿਆਰਾ॥ਕਮਲੁ ਬਿਗਾਸਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਵਣਿਆ॥੬॥” – ਜਿਤਨਾ ਵੀ ਪਸਾਰਾ ਹੈ ਇੱਹ ਘਟ ਅੰਦਰਲੀ ਜੋਤ ਦਾ ਆਪਣਾ ਕੀਤਾ ਹੋਇਆ ਹੈ। ਇਹ ਪ੍ਰਭ ਦੀ ਆਪਣੀ ਖੇਡ ਹੈ ਜੋ ਪਸਾਰਾ ਕਰ ਕੇ ਮਾਇਆ ਵਿੱਚ ਖੇਡਦਾ ਪਿਆ ਹੈ, ਪ੍ਰਮਾਣ ਭਗਤ ਕਬੀਰ ਜੀ ਆਖਦੇ ਹਨ ਕੇ “ਹਰਿ ਠਗ ਜਗ ਕਉ ਠਗਉਰੀ ਲਾਈ॥”। ਹੁਣ ਹਰਿ, ਪ੍ਰਭ, ਰਾਮ, ਘਟ ਅੰਦਰਲੀ ਜੋਤ ਆਪ ਅਕਾਲ ਰੂਪ ਹੈ ਤੇ ਜਦੋਂ ਇਹ ਸਾਖੀ (ਸਿੱਖਿਆ) ਸਮਝ ਆ ਜਾਂਦੀ ਹੈ ਤਾਂ ਘਟ ਅੰਦਰਲਾ ਅਗਿਆਨਤਾ ਦਾ ਹਨੇਰਾ ਮਿਟਦਾ ਹੈ ਜਿਵੇਂ ਗੁਰਬਾਣੀ ਦਾ ਫੁਰਮਾਨ ਹੈ ਕੇ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ॥”, ਇਹ ਗਲ ਸਮਝ ਆਉਣ ਤੇ ਘਟ ਅੰਦਰਲੀ ਜੋਤ, ਸਰਬ ਸ਼ਕਤੀਮਾਨ ਪਰਮੇਸਰ ਦੀ ਜੋਤ ਨਾਲ ਰਲ ਜਾਂਦੀ ਹੈ ਤੇ ਹੁਕਮ ਨਾਲ ਏਕਾ ਹੋ ਜਾਂਦਾ ਹੈ। ਗੁਰਮਤਿ ਦਾ ਫੁਰਮਾਨ ਹੈ “ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ॥ ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ॥ ਗੁਰਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ॥ ਜਿਨ ਕਉ ਮਨ ਕੀ ਪਰਤੀਤਿ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ॥੧॥” – ਜਿਹਨਾਂ ਮਹਾ ਪੁਰਖਾਂ ਨੂੰ ਪਰਮੇਸਰ ਨੇ ਗਿਆਨ ਦਿੱਤਾ ਉਹਨਾਂ ਸਾਡੇ ਲਈ ਦਰਜ ਕੀਤਾ। ਗੁਰਮੁਖ ਭਾਵ ਗੁਣਾ ਨੂੰ ਮੁਖ ਰੱਖਣ ਵਾਲਿਆਂ ਨੇ ਭਉ ਭਾਵਨੀ ਨਾਲ ਇਸਨੂੰ ਸਮਝ ਕੇ ਧਾਰਣ ਕੀਤਾ ਤੇ ਆਪ ਦੀ ਪਛਾਣ ਕੀਤੀ। ਦੂਜੇ ਪਾਸੇ ਜਿਹਨਾਂ ਨੂੰ ਆਪਣਾ ਗਿਆਨ ਨਹੀਂ, ਮਨ ਦੀ ਪਛਾਣ ਨਹੀਂ, ਗੁਰਮਤਿ ਦੀ ਪਛਾਣ ਨਹੀਂ, ਉਹ ਆਪਣੇ ਨਿਜੀ ਸਵਾਰਥ ਲਈ ਲੋਕਾਂ ਨੂੰ ਦੁਨਿਆਵੀ ਮਾਇਆ ਦੀਆਂ, ਸ਼ਹੀਦੀ ਦੀਆਂ , ਭਾਵੁਕ ਕਰਨ ਵਾਲੀਆਂ ਸਾਖੀਆਂ ਸੁਣਾ ਕੇ ਮਾਇਆ ਕੱਠੀ ਕਰਦੇ ਨੇ ਤੇ ਲੋਕਾਂ ਨੂੰ ਪਿੱਛੇ ਲਾਉਂਦੇ ਨੇ। “ਸਚਾ ਸਤਿਗੁਰੁ ਸੇਵਿ ਸਚੁ ਸਮੑਾਲਿਆ॥ ਅੰਤਿ ਖਲੋਆ ਆਇ ਜਿ ਸਤਿਗੁਰ ਅਗੈ ਘਾਲਿਆ॥ ਪੋਹਿ ਨ ਸਕੈ ਜਮਕਾਲੁ ਸਚਾ ਰਖਵਾਲਿਆ॥ ਗੁਰ ਸਾਖੀ ਜੋਤਿ ਜਗਾਇ ਦੀਵਾ ਬਾਲਿਆ॥ ਮਨਮੁਖ ਵਿਣੁ ਨਾਵੈ ਕੂੜਿਆਰ ਫਿਰਹਿ ਬੇਤਾਲਿਆ॥ ਪਸੂ ਮਾਣਸ ਚੰਮਿ ਪਲੇਟੇ ਅੰਦਰਹੁ ਕਾਲਿਆ॥ ਸਭੋ ਵਰਤੈ ਸਚੁ ਸਚੈ ਸਬਦਿ ਨਿਹਾਲਿਆ॥ ਨਾਨਕ ਨਾਮੁ ਨਿਧਾਨੁ ਹੈ ਪੂਰੈ ਗੁਰਿ ਦੇਖਾਲਿਆ॥

ਗੁਰਮਤਿ ਦਾ ਫੁਰਮਾਨ ਹੇ ਕੇ “ਗੁਰ ਬਿਨੁ ਗਿਆਨੁ ਧਰਮ ਬਿਨੁ ਧਿਆਨੁ॥ ਸਚ ਬਿਨੁ ਸਾਖੀ ਮੂਲੋ ਨ ਬਾਕੀ॥੨੩॥” – ਜਿਹੜੇ ਪ੍ਰਚਾਰਕ ਆਪਣੇ ਮਨ ਤੋਂ ਹੀ ਸਾਖੀਆਂ ਬਣਾ ਰਹੇ ਨੇ ਉਹਨਾਂ ਦੀ ਗਲ ਤਾਂ ਹੈ ਹੀ, ਪਰ ਸਿੱਖਾਂ ਨੂੰ ਸੱਚ ਕੀ ਹੈ ਗੁਰਮਤਿ ਅਨੁਸਾਰ ਇਸਦਾ ਹੀ ਪਤਾ ਨਹੀਂ। ਸੱਚ ਬਾਰੇ ਜਾਨਣ ਲਈ ਕੇ ਗੁਰਮਤਿ ਸੱਚ ਕਿਸ ਨੂੰ ਮੰਨਦੀ ਹੈ, ਵੇਖੋ “ਸੱਚਾ ਸੌਦਾ (ਸਚ ਵਾਪਾਰ)”। ਗੁਰ (ਗੁਣਾਂ) ਬਿਨ ਗਿਆਨ, ਧਰਮ ਕੀ ਹੈ ਜਾਨਣ ਲਈ ਵੇਖੋ “ਧਰਮ” (“ਸਰਬ ਧਰਮ ਮਹਿ ਸ੍ਰੇਸਟ ਧਰਮੁ॥ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥”)। ਸੱਚ ਕੇਵਲ ਅਕਾਲ ਤੇ ਹੁਕਮ ਹੈ। ਸਦੀਵ ਰਹਿਣ ਵਾਲਾ ਇਸ ਸੱਚ ਦੇ ਗਿਆਨ ਤੋਂ ਬਿਨਾਂ ਕੋਈ ਵੀ ਸਾਖੀ (ਸਿੱਖਿਆ) ਬਾਰੇ ਦਸ ਰਹੇ ਨੇ ਕੇ ਇਹ ਸਬ ਵਿਅਰਥ ਕਥਾ ਕਹਾਣੀਆਂ ਹਨ, ਮਨ ਪਰਚਾਵੇ ਲਈ ਠੀਕ ਹੇ ਪਰ ਗੁਰਮਤਿ ਮਾਰਗ ਤੋਂ ਅਤੇ ਨਾਮ ਤੋਂ ਦੂਰ ਕਰਦੀਆਂ ਹਨ।

ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ॥ ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ॥੩॥” – ਗੁਰ ਕੀ ਸੱਚੀ ਸਾਖੀ ਗੁਰਮਤਿ ਗਿਆਨ ਦੀ ਸਿੱਖਿਆ ਹੈ, ਹੁਕਮ ਦੀ ਸੋਝੀ ਹੈ ਜਿਸਨੂੰ ਗ੍ਰਹਣ ਕਰਦਿਆ ਹੀ, ਚਖਦਿਆਂ ਹੀ, ਪੀਂਦਿਆਂ ਹੀ ਮਨ ਦੀ ਪਿਆਸ ਬੁੱਝ ਜਾਦੀ ਹੈ ਤੇ ਜੋਤ ਪਰਵਾਨ ਹੁੰਦੀ ਹੈ। ਕਈ ਹੋਰ ਪ੍ਰਮਾਣ ਹਨ ਸਾਖੀ ਦੇ ਗੁਰਮਤਿ ਵਿੱਚ ਜਿਸ ਤੋਂ ਅਰਥ ਗੁਰ ਦੀ ਸਿੱਖਿਆ ਗੁਰਮਤਿ ਗਿਆਨ ਹੀ ਸਾਖੀ ਦਾ ਅਰਥ ਸਪਸ਼ਟ ਹੁੰਦਾ ਹੈ ਜਿਵੇਂ

ਗੁਰੁ ਥੀਆ ਸਾਖੀ ਤਾ ਡਿਠਮੁ ਆਖੀ ਪਿਰ ਜੇਹਾ ਅਵਰੁ ਨ ਦੀਸੈ॥

ਗੁਰ ਸਾਖੀ ਅੰਤਰਿ ਜਾਗੀ॥ ਤਾ ਚੰਚਲ ਮਤਿ ਤਿਆਗੀ॥ ਗੁਰ ਸਾਖੀ ਕਾ ਉਜੀਆਰਾ॥ ਤਾ ਮਿਟਿਆ ਸਗਲ ਅੰਧੵਾਰਾ॥੨॥” – ਗੁਣਾਂ ਸੀ ਸਾਖੀ ਅੰਦਰੋਂ ਜਾਗਦੀ ਹੈ। ਸਿੱਖਿਆ ਬੀਜ ਮੰਤਰ ਰੂਪ ਵਿੱਚ ਮੌਜੂਦ ਸੀ ਤਾਂ ਜਾਗੀ। ਇਸ ਸਾਖੀ ਭਾਵ ਸਿੱਖਿਆ ਦਾ ਉਜੀਆਰਾ ਹੋਇਆ ਤਾਂ ਮਨਮਤਿ ਦਾ ਅਗਿਆਨਤਾ ਦਾ ਅੰਧੵਾਰਾ ਭਾਵ ਹਨੇਰਾ ਦੂਰ ਹੋਇਆ।

ਉਸਤਤਿ ਕਰਹੁ ਸਦਾ ਪ੍ਰਭ ਅਪਨੇ ਜਿਨਿ ਪੂਰੀ ਕਲ ਰਾਖੀ॥ ਜੀਅ ਜੰਤ ਸਭਿ ਭਏ ਪਵਿਤ੍ਰਾ ਸਤਿਗੁਰ ਕੀ ਸਚੁ ਸਾਖੀ॥੩॥ ਬਿਘਨ ਬਿਨਾਸਨ ਸਭਿ ਦੁਖ ਨਾਸਨ ਸਤਿਗੁਰਿ ਨਾਮੁ ਦ੍ਰਿੜਾਇਆ॥ ਖੋਏ ਪਾਪ ਭਏ ਸਭਿ ਪਾਵਨ ਜਨ ਨਾਨਕ ਸੁਖਿ ਘਰਿ ਆਇਆ॥

ਪ੍ਰਭਿ ਅਪਨਾ ਬਿਰਦੁ ਸਮਾਰਿਆ॥ ਹਮਰਾ ਗੁਣੁ ਅਵਗੁਣੁ ਨ ਬੀਚਾਰਿਆ॥ ਗੁਰ ਕਾ ਸਬਦੁ ਭਇਓ ਸਾਖੀ॥ ਤਿਨਿ ਸਗਲੀ ਲਾਜ ਰਾਖੀ॥੩॥

ਬੋਲਾਇਆ ਬੋਲੀ ਤੇਰਾ॥ ਤੂ ਸਾਹਿਬੁ ਗੁਣੀ ਗਹੇਰਾ॥ ਜਪਿ ਨਾਨਕ ਨਾਮੁ ਸਚੁ ਸਾਖੀ॥ ਅਪੁਨੇ ਦਾਸ ਕੀ ਪੈਜ ਰਾਖੀ॥” – ਤੇਰਾ, ਪ੍ਰਭ ਦਾ ਬੁਲਾਇਆ ਬੋਲਦਾ ਹੈ ਜੀਵ। ਆਪਣੇ ਵੱਸ ਵਿੱਚ ਕੁਝ ਨਹੀਂ ਸਬ ਹੁਕਮ ਹੈ। ਜਪਿ ਅਰਥ ਪਹਿਚਾਨ ਕਰ, ਪਛਾਣ ਕਰ ਨਾਨਕ ਉਸ ਨਾਮ (ਸੋਝੀ) ਦੀ ਜੋ ਸੱਚੀ ਸਿੱਖਿਆ ਹੈ, ਜਿਸ ਸਿੱਖਿਆ ਨੇ ਆਪਣੇ ਦਾਸ ਦੀ ਪੈਜ ਰੱਖੀ ਹੈ। ਜਪਿ ਬਾਰੇ ਨਾਮ ਬਾਰੇ ਜਾਨਣ ਲਈ ਵੇਖੋ “ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ?

ਜਨ ਕਉ ਪ੍ਰਭ ਅਪਨੇ ਕਾ ਤਾਣੁ॥ ਜੋ ਤੂ ਕਰਹਿ ਕਰਾਵਹਿ ਸੁਆਮੀ ਸਾ ਮਸਲਤਿ ਪਰਵਾਣੁ॥ ਰਹਾਉ॥ ਪਤਿ ਪਰਮੇਸਰੁ ਗਤਿ ਨਾਰਾਇਣੁ ਧਨੁ ਗੁਪਾਲ ਗੁਣ ਸਾਖੀ॥ ਚਰਨ ਸਰਨ ਨਾਨਕ ਦਾਸ ਹਰਿ ਹਰਿ ਸੰਤੀ ਇਹ ਬਿਧਿ ਜਾਤੀ॥” – ਭਾਵ ਗੁਪਾਲ ਦੇ ਗੁਣਾ ਦੀ ਸਾਖੀ ਅਰਥ ਸਿੱਖਿਆ ਹੀ ਅਸਲ ਧਨ ਹੈ। “ਮਨ ਰੇ ਮਨ ਸਿਉ ਰਹਉ ਸਮਾਈ॥ ਗੁਰਮੁਖਿ ਰਾਮ ਨਾਮਿ ਮਨੁ ਭੀਜੈ ਹਰਿ ਸੇਤੀ ਲਿਵ ਲਾਈ॥੧॥ ਰਹਾਉ॥ ਮੇਰਾ ਪ੍ਰਭੁ ਅਤਿ ਅਗਮ ਅਗੋਚਰੁ ਗੁਰਮਤਿ ਦੇਇ ਬੁਝਾਈ॥ ਸਚੁ ਸੰਜਮੁ ਕਰਣੀ ਹਰਿ ਕੀਰਤਿ ਹਰਿ ਸੇਤੀ ਲਿਵ ਲਾਈ॥੨॥ ਆਪੇ ਸਬਦੁ ਸਚੁ ਸਾਖੀ ਆਪੇ ਜਿਨੑ ਜੋਤੀ ਜੋਤਿ ਮਿਲਾਈ॥ ਦੇਹੀ ਕਾਚੀ ਪਉਣੁ ਵਜਾਏ ਗੁਰਮੁਖਿ ਅੰਮ੍ਰਿਤੁ ਪਾਈ॥੩॥ ਆਪੇ ਸਾਜੇ ਸਭ ਕਾਰੈ ਲਾਏ ਸੋ ਸਚੁ ਰਹਿਆ ਸਮਾਈ॥ ਨਾਨਕ ਨਾਮ ਬਿਨਾ ਕੋਈ ਕਿਛੁ ਨਾਹੀ ਨਾਮੇ ਦੇਇ ਵਡਾਈ॥

ਕਹਣੁ ਕਹੈ ਸਭੁ ਕੋਇ ਕੇਵਡੁ ਆਖੀਐ॥ ਹਉ ਮੂਰਖੁ ਨੀਚੁ ਅਜਾਣੁ ਸਮਝਾ ਸਾਖੀਐ॥ ਸਚੁ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤੁ ਮਨੁ ਮਾਨਿਆ ਮੇਰਾ॥ ਕੂਚੁ ਕਰਹਿ ਆਵਹਿ ਬਿਖੁ ਲਾਦੇ ਸਬਦਿ ਸਚੈ ਗੁਰੁ ਮੇਰਾ॥ ਆਖਣਿ ਤੋਟਿ ਨ ਭਗਤਿ ਭੰਡਾਰੀ ਭਰਿਪੁਰਿ ਰਹਿਆ ਸੋਈ॥ ਨਾਨਕ ਸਾਚੁ ਕਹੈ ਬੇਨੰਤੀ ਮਨੁ ਮਾਂਜੈ ਸਚੁ ਸੋਈ॥

ਤਨੁ ਮਨੁ ਸਭੁ ਕਿਛੁ ਹਰਿ ਤਿਸੁ ਕੇਰਾ ਦੁਰਮਤਿ ਕਹਣੁ ਨ ਜਾਏ॥ ਹੁਕਮੁ ਹੋਵੈ ਤਾ ਨਿਰਮਲੁ ਹੋਵੈ ਹਉਮੈ ਵਿਚਹੁ ਜਾਏ॥ ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸਨਾ ਅਗਨਿ ਬੁਝਾਏ॥ਗੁਰ ਕੈ ਸਬਦਿ ਰਾਤਾ ਸਹਜੇ ਮਾਤਾ ਸਹਜੇ ਰਹਿਆ ਸਮਾਏ॥੬॥” – ਗੁਰ ਕੀ ਸਾਖੀ ਭਾਵ ਸਿਖਿਆ ਸਹਜ ਨਾਲ ਚਾਖੀ (“ਬ੍ਰਹਮ ਗਿਆਨੀ ਕਾ ਭੋਜਨੁ ਗਿਆਨ॥”) ਤਾਂ ਗਲ ਸਮਝ ਆਉਣੀ ਤਾ ਮਨ ਦੀ ਪਿਆਸ ਬੁਝਣੀ। ਜੇ ਪਰਮੇਸਰ ਦਾ ਹੁਕਮ ਹੋਇਆ ਤਾ ਮਨ ਨਿਰਮਲ (ਮਲ ਰਹਿਤ) ਹੋਣਾ ਤੇ ਹਉਮੇ ਜਾਣੀ। ਇਹ ਤਨ, ਮਨ, ਧਨ ਸਬ ਹਰਿ ਦਾ, ਘਟ ਅੰਦਰ ਵੱਸਦੀ ਅੰਮ੍ਰਿਤ (ਨਾ ਮਰਨ ਵਾਲੀ, ਸਦੀਵ ਰਹਿਣ ਵਾਲੀ, ਗਿਆਨ) ਦੀ ਜੋਤ ਦਾ ਹੈ।

ਜਨਮ ਮਰਨ ਕਾ ਭ੍ਰਮੁ ਗਇਆ ਗੋਬਿਦ ਲਿਵ ਲਾਗੀ॥ ਜੀਵਤ ਸੁੰਨਿ ਸਮਾਨਿਆ ਗੁਰ ਸਾਖੀ ਜਾਗੀ॥੧॥

ਸੁਰਤਿ ਸਬਦੁ ਸਾਖੀ ਮੇਰੀ ਸਿੰਙੀ ਬਾਜੈ ਲੋਕੁ ਸੁਣੇ॥ ਪਤੁ ਝੋਲੀ ਮੰਗਣ ਕੈ ਤਾਈ ਭੀਖਿਆ ਨਾਮੁ ਪੜੇ॥੧॥

ਸੰਤਹੁ ਤਹਾ ਨਿਰੰਜਨ ਰਾਮੁ ਹੈ॥ ਗੁਰ ਗਮਿ ਚੀਨੈ ਬਿਰਲਾ ਕੋਇ॥ ਤਹਾਂ ਨਿਰੰਜਨੁ ਰਮਈਆ ਹੋਇ॥੧॥ ਰਹਾਉ॥ ਦੇਵ ਸਥਾਨੈ ਕਿਆ ਨੀਸਾਣੀ॥ ਤਹ ਬਾਜੇ ਸਬਦ ਅਨਾਹਦ ਬਾਣੀ॥ ਤਹ ਚੰਦੁ ਨ ਸੂਰਜੁ ਪਉਣੁ ਨ ਪਾਣੀ॥ ਸਾਖੀ ਜਾਗੀ ਗੁਰਮੁਖਿ ਜਾਣੀ॥੨॥ ਉਪਜੈ ਗਿਆਨੁ ਦੁਰਮਤਿ ਛੀਜੈ॥ ਅੰਮ੍ਰਿਤ ਰਸਿ ਗਗਨੰਤਰਿ ਭੀਜੈ॥ ਏਸੁ ਕਲਾ ਜੋ ਜਾਣੈ ਭੇਉ॥ ਭੇਟੈ ਤਾਸੁ ਪਰਮ ਗੁਰਦੇਉ॥੩॥

ਗੁਰ (ਗੁਣਾਂ) ਦੀ ਸਿੱਖਿਆ ਚਿੱਤ ਵਿੱਚ ਰੱਖਣੀ ਹੈ “ਜਾਗਤੁ ਰਹੈ ਨ ਅਲੀਆ ਭਾਖੈ॥ ਪਾਚਉ ਇੰਦ੍ਰੀ ਬਸਿ ਕਰਿ ਰਾਖੈ॥ ਗੁਰ ਕੀ ਸਾਖੀ ਰਾਖੈ ਚੀਤਿ॥ ਮਨੁ ਤਨੁ ਅਰਪੈ ਕ੍ਰਿਸਨ ਪਰੀਤਿ॥੬॥” – ਗੁਰਮੁਖਿ, ਗੁਣਾਂ ਨੂੰ ਮੁਖ ਰੱਖਿਆਂ ਅਗਿਆਨਤਾ ਦੀ ਨੀਂਦ ਜੀਵ ਕਦੇ ਨਹੀਂ ਸੋਂਦਾ ਤੇ ਆਪਣੀ ਗਿਆਨ ਇੰਦ੍ਰੀਆ ਨੂੰ ਸੋਝੀ ਨਾਲ, ਨਾਮ ਨਾਲ ਵੱਸ ਕਰਕੇ ਰੱਖਦਾ ਹੈ। ਨਹੀਂ ਤਾਂ ਮਨ ਅਗਿਆਨਤਾ ਦੀ ਨੀਂਦ ਸੁੱਤਾ ਹੋਇਆ ਹੈ ਭਾਵੇਂ ਸਰੀਰਕ ਰੂਪ ਵਿੱਚ ਜਾਗਦਾ ਦਿਸਦਾ ਹੋਵੇ “ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ॥”। ਜੀਵ ਤਾਂ ਅਗਿਆਨਤਾ ਦੀ ਨੀਂਦ ਸੁਤਾ ਪਿਆ “ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ॥ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ॥ ਕਹੈ ਨਾਨਕੁ ਸੋ ਤਤੁ ਪਾਏ ਜਿਸ ਨੋ ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ॥”, ਇਸ ਬਾਰੇ ਜਾਨਣ ਲਈ ਪੜ੍ਹੋ “ਭਲਕਾ, ਅੰਮ੍ਰਿਤ ਵੇਲਾ, ਰਹਿਰਾਸ ਅਤੇ ਗੁਰਬਾਣੀ ਪੜ੍ਹਨ ਦਾ ਸਹੀ ਸਮਾ”।

ਰਾਮ ਦੇ ਨਾਮ (ਸੋਝੀ) ਦੇ ਗਿਆਨ ਦੇ ਇਲਾਵਾ ਕੋਈ ਹੋਰ ਸਾਖੀ ਬਿਰਥੀ ਹੈ। ਭਾਵੇਂ ਗੁਰ ਇਤਿਹਾਸ ਹੋਵੇ, ਰਾਜਿਆਂ ਮਹਾਰਾਜਿਆਂ ਦੇ ਰਾਜ ਪਾਟ ਦੀ ਗਲ ਹੋਵੇ, ਖਾਲਸੇ ਰਾਜ ਦੀ ਗਲ ਹੋਵੇ (ਗੁਰਮਤਿ ਵਿੱਚ ਦੱਸੇ ਰਾਜ ਬਾਰੇ ਜਾਨਣ ਲਈ ਵੇਖੋ “ਅਭਿਨਾਸੀ ਰਾਜ ਤੇ ਦੁਨਿਆਵੀ ਰਾਜ”), ਭਾਵੇਂ ਕੋਈ ਦੁਨਿਆਵੀ ਸਿੱਖਿਆ ਹੋਵੇ ਸਬ ਵਿਅਰਥ ਹੈ। ਕੇਵਲ ਰਾਮ ਨਾਮ ਦੇ ਗਿਆਨ ਦੀ ਸੋਝੀ ਹੀ ਦਾਸ ਨੇ ਲੈਣੀ ਹੈ “ਬੇਦ ਪੁਰਾਨ ਸਿਮ੍ਰਿਤਿ ਸਾਧੂ ਜਨ ਇਹ ਬਾਣੀ ਰਸਨਾ ਭਾਖੀ॥ ਜਪਿ ਰਾਮ ਨਾਮੁ ਨਾਨਕ ਨਿਸਤਰੀਐ ਹੋਰੁ ਦੁਤੀਆ ਬਿਰਥੀ ਸਾਖੀ॥੨॥” ਤੇ ਜਿਹੜੀ ਗੁਰਮਤਿ ਤੋਂ ਉਲਟ ਚਲਦੇ ਹਨ, ਅਵਿਗਿਆ ਕਰਦੇ ਹਨ ਉਹਨਾਂ ਲਈ ਉਪਦੇਸ ਹੈ ਕੇ “ਘਟਿ ਘਟਿ ਕਥਾ ਰਾਜਨ ਕੀ ਚਾਲੈ ਘਰਿ ਘਰਿ ਤੁਝਹਿ ਉਮਾਹਾ॥ ਜੀਅ ਜੰਤ ਸਭਿ ਪਾਛੈ ਕਰਿਆ ਪ੍ਰਥਮੇ ਰਿਜਕੁ ਸਮਾਹਾ॥੪॥ ਜੋ ਕਿਛੁ ਕਰਣਾ ਸੁ ਆਪੇ ਕਰਣਾ ਮਸਲਤਿ ਕਾਹੂ ਦੀਨੑੀ॥ ਅਨਿਕ ਜਤਨ ਕਰਿ ਕਰਹ ਦਿਖਾਏ ਸਾਚੀ ਸਾਖੀ ਚੀਨੑੀ॥੫॥ ਹਰਿ ਭਗਤਾ ਕਰਿ ਰਾਖੇ ਅਪਨੇ ਦੀਨੀ ਨਾਮੁ ਵਡਾਈ॥ ਜਿਨਿ ਜਿਨਿ ਕਰੀ ਅਵਗਿਆ ਜਨ ਕੀ ਤੇ ਤੈਂ ਦੀਏ ਰੁੜੑਾਈ॥੬॥

ਬਹੁਤ ਸਾਰੀਆਂ ਸਾਖੀਆਂ ਜਾਣ ਬੂਝ ਕੇ ਵੀ ਲੋਕਾ ਦਾ ਧਿਆਨ ਗੁਰਮਤਿ ਤੋਂ ਹਟਾਉਣ ਲਈ ਲਿਖੀਆਂ ਗਈਆਂ ਹਨ, ਕੁਝ ੧੦੦-੨੦੦ ਸਾਲ ਪਹਿਲਾਂ ਲਿਖੀਆਂ ਗਈਆਂ ਕਈ ਤਾਂ ਦੂਜੇ ਧਰਮਾਂ ਤੇ ਇਲਾਕਿਆਂ ਦੀਆਂ ਦੰਤਦਥਾਵਾਂ ਨਾਲ ਹੂਬਹੂ ਮੇਲ ਖਾਂਦੀਆਂ ਹਨ ਜਿਵੇਂ ਲਿਖਣ ਵਾਲੇ ਨੂੰ ਲਗਦਾ ਸੀ ਕੇ ਲੋਕਾਂ ਦੀ ਆਪਸ ਵਿੱਚ ਗਲ ਬਾਤ ਕਦੇ ਨਹੀਂ ਹੋਣੀ। ਕਈ ਤਾਂ ਗੁਰੂਆ ਨੂੰ ਸੂਰਮਿਆਂ ਨੂੰ ਕਰਾਮਾਤੀ ਸਿੱਧ ਕਰਨ ਲਈ ਘੜੀਆਂ ਗਈਆਂ ਹਨ ਪਰ ਗੁਰਮਤਿ ਕਰਾਮਾਤ ਕਿਸ ਨੂੰ ਮੰਨਦੀ ਹੈ ਇਹ ਸਮਝਣਾ ਵਿਚਾਰਨਾ ਜਰੂਰੀ ਹੈ, ਵੇਖੋ “ਕਰਾਮਾਤ, ਚਮਤਕਾਰ ਅਤੇ ਸਿੱਧੀ“। ਇਹ ਕਹਿਣਾ ਔਖਾ ਹੈ ਕੇ ਸੱਚੀ ਘਟਨਾ ਹੈ ਵੀ ਜਾਂ ਆਪਣੇ ਸੂਰਮਿਆਂ ਦੀ ਬਸ ਵਡਿਆਈ ਕਰਨ ਲਈ ਲਿਖੀਆਂ ਗਈਆਂ ਨੇ। ਲਿਖਿਆ ਵੀ ਇੱਦਾਂ ਕੇ ਜੇ ਕਦੇ ਕੋਈ ਗੁਰਬਾਣੀ ਪੜੇ ਵੀ ਤਾਂ ਗੁਰਬਾਣੀ ਵਿੱਚ ਆਉਣ ਵਾਲੇ ਲ਼ਫ਼ਜ਼ ਵੇਖ ਕੇ ਧਿਆਨ ਗਿਆਨ ਦੀ ਥਾਂ ਕਥਾ ਕਹਾਣੀਆਂ ਵਲ ਜਾਵੇ। ਸਾਖੀਆਂ ਨੇ ਤਾਂ ਭਗਤ ਧੰਨਾ ਜੀ ਨੂੰ ਪੱਥਰ ਪੂਜਕ ਤੇ ਭੋਲਾ ਜਿਹਾ ਜਾਂ ਬੁੱਧੂ ਸਿੱਧ ਕੀਤਾ ਹੈ, ਉਹਨਾਂ ਤੇ ਬਣੀ ਫਿਲਮ ਵੀ ਇਹੀ ਕੋਸ਼ਿਸ਼ ਕਰਦੀ ਹੈ। ਅਤੇ ਭਗਤ ਨਾਮਦੇਵ ਜੀ ਨੂੰ ਮੂਰਤੀ ਪੂਜਕ ਬਣਾ ਛੱਡਿਆ ਵੇਖੋ “ਕੀ ਭਗਤ ਨਾਮਦੇਵ ਜੀ ਮੂਰਤੀ ਪੂਜਕ ਸੀ?”। ਭਗਤ ਨਾਮਦੇਵ ਜੀ ਮਹਾਰਾਜ ਅਤੇ ਭਗਤ ਧੰਨਾ ਜੀ ਮਹਾਰਾਜ ਬ੍ਰਹਮ ਦਾ ਗਿਆਨ ਰੱਖਦੇ ਸੀ ਕਦੇ ਉਹਨਾਂ ਦੀ ਬਾਣੀ ਪੜ੍ਹ ਕੇ ਵਿਚਾਰੋ ਤਾਂ ਪਤਾ ਲੱਗੇ ਕੇ ਪੋਥੀ ਸਾਹਿਬ ਵਿੱਚ ਦਰਜ ਉਹਨਾਂ ਦਾ ਗਿਆਨ ਬ੍ਰਹਮ ਗਿਆਨ ਹੈ ਜਾਂ ਨਹੀਂ। ਜਿਸ ਮਨੁੱਖ ਨੇ ਵੀ ਗੁਰਮਤਿ ਪ੍ਰਾਪਤ ਕਰ ਲਈ, ਬਾਣੀ ਨੂੰ ਪੜ੍ਹ ਕੇ ਸਮਝ ਕੇ ਵਿਚਾਰ ਲਿਆ ਉਸਨੇ ਝੂਠੀ ਸਾਖੀ ਨੂੰ ਇਕ ਪਲ ਵਿੱਚ ਹੀ ਫੜ ਲੈਣਾ ਤੇ ਉਸਨੂੰ ਕੋਈ ਵੀ ਮੂਰਖ ਨਹੀਂ ਬਣਾ ਸਕੂ। ਸੋ ਭਾਈ ਇਹ ਹੁਣ ਸਾਡੇ ਤੇ ਹੈ ਕੇ ਅਸੀਂ ਸੋਸ਼ਲ ਮੀਡੀਆ ਤੇ ਆਉਣ ਵਾਲੀਆਂ ਰੀਲਾਂ ਵਾਂਗ ਕਥਾ ਕਹਾਣੀਆਂ, ਫਿਲਮਾਂ ਰਾਹੀਂ ਇਤਿਹਾਸ ਜਾਨਣਾ ਹੈ, ਮਨ ਘੜਤ ਸਾਖੀਆਂ ਜਾਂ ਕਹਾਣੀਆਂ ਤੋ ਸਿੱਖਿਆ ਲੈਣੀ ਹੈ, ਮਨ ਪਰਚਾਵਾ ਕਰਨਾ ਹੈ, ਲੋਕ ਪਚਾਰਾ ਕਰਕੇ ਧਰਮੀ ਦਿਸਣਾ ਹੈ ਜਾਂ ਗੁਰਮਤਿ ਵਿਚਾਰ ਕਰਕੇ ਗੁਰੂ ਦਾ ਬਖਸ਼ਿਆ ਗਿਆਨ ਲੈਣਾ ਹੈ। ਗੁਰਬਾਣੀ ਦੀ ਵਿਚਾਰ ਕਰੋ ਜੋ ਸਾਖੀ (ਸਿੱਖਿਆ) ਗੁਰਬਾਣੀ ਨੇ ਸਾਨੂੰ ਦਿੱਤੀ ਹੈ ਉਹੀ ਗਿਆਨ ਲੈਕੇ ਦਰਗਾਹ ਵਿੱਚ ਪਰਵਾਨਗੀ ਮਿਲਣੀ ਹੈ।

ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲਘਾਏ ਪਾਰਿ॥

ਗੁਰ ਸੇਵੀ ਗੁਰ ਲਾਗਉ ਪਾਇ॥ ਭਗਤਿ ਕਰੀ ਰਾਚਉ ਹਰਿ ਨਾਇ॥ ਸਿਖਿਆ ਦੀਖਿਆ ਭੋਜਨ ਭਾਉ॥ਹੁਕਮਿ ਸੰਜੋਗੀ ਨਿਜ ਘਰਿ ਜਾਉ॥੬॥

Resize text