Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਮਨ, ਪੰਚ ਅਤੇ ਮਨਮੁਖ

ਜੀਵ ਦਾ ਆਕਾਰ ਇਕ ਮਾਇਆ ਦਾ ਬਣਿਆ ਸਰੀਰ ਹੈ ਤੇ ਦੂਜਾ ਹੈ ਉਸਦੇ ਬੁੱਧ ਦਾ ਆਕਾਰ। ਮਾਇਆ ਦਾ ਬਣਿਆ ਸਰੀਰ ਰੋਟੀ ਪਾਣੀ ਅੰਨ ਆਦੀ ਖਾਣ ਦੀਆਂ ਵਸਤੂਆਂ ਨਾਲ ਵਧਦਾ ਹੈ। ਪਰ ਦੂਜਾ ਬੁੱਧ ਦਾ ਆਕਾਰ ਗਿਆਨ ਨਾਲ ਸੋਝੀ ਨਾਲ ਵਧਦਾ ਹੈ। ਗੁਰਮਤਿ ਆਖਦੀ “ਦੇਹੀ ਗੁਪਤ ਬਿਦੇਹੀ ਦੀਸੈ॥”। ਬਿਦੇਹੀ ਹੈ ਮਨੁੱਖ ਦਾ ਬਾਹਰਲਾ ਹਾਡ ਮਾਸ ਦਾ ਬਣਿਆ ਸਰੀਰ ਤੇ ਦੇਹੀ ਹੈ ਜਿਸਨੂੰ ਗੁਰਮਤਿ ਵਿੱਚ ਘਟ, ਘਰ, ਭਾਂਡਾ, ਭੰਡ ਵੀ ਆਖਿਆ ਗਿਆ ਹੈ। ਸਮਝਣ ਲਈ ਪੜ੍ਹੋ “ਖੰਡ, ਭੰਡ ਅਤੇ ਭਾਂਡਾ”। ਗੁਰਮਤਿ ਆਖਦੀ “ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ॥”, ਅਤੇ “ਇਹੁ ਮਨੁ ਪੰਚ ਤਤ ਕੋ ਜੀਉ” ਪੰਚ ਦਾ ਅਰਥ ਹੁੰਦਾ ਹੈ ਉੱਤਮ ਸਬ ਤੋਂ ਵੱਡੇ। ਇਹ ਵਿਕਾਰ ਰੂਪੀ ਚੋਰ ਗਿਆਨ ਤੋਂ ਧਿਆਨ ਬੇਮੁਖ ਕਰਦੇ ਹਨ। ਜਦੋਂ ਕੋਈ ਆਖਦਾ ਮੇਰਾ ਮਨ ਨਹੀਂ ਕਰਦਾ ਤਾਂ ਮਨ ਨੂੰ ਢਾਲ ਵਾਂਗ ਵਰਤ ਕੇ ਜੀਵ ਬਸ ਆਪਣੇ ਉੱਤੇ ਕੋਈ ਦੋਸ਼ ਨਾ ਆਵੇ ਇਸਦਾ ਜਤਨ ਕਰ ਰਹਿਆ ਹੁੰਦਾ ਹੈ। ਅਸਲ ਵਿੱਚ ਮਨ ਕੋਈ ਵੱਖਰੀ ਹਸਤੀ ਨਹੀਂ ਹੈ ਘਟ ਵਿੱਚ। ਇਹ ਅਗਿਆਨਤਾ ਦਾ, ਦਲਿੱਦਰ ਦਾ ਰੂਪ ਹੈ ਜੀਵ ਦਾ। ਗੁਰਮਤਿ ਜੀਵ ਨੂੰ ਇਹੀ ਸਮਝਾ ਰਹੀ ਹੈ ਮਨ ਨੂੰ ਇਹੀ ਸਮਝਾ ਰਹੀ ਹੈ ਕੇ ਤੂੰ ਹੀ ਜੋਤ ਸਰੂਪ ਹੈਂ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥”, ਪਰ ਮਨ ਗਿਆਨ ਤੋਂ ਸੋਝੀ ਤੋਂ ਭੱਜਦਾ ਹੈ, ਤਾ ਹੀ ਗਿਆਨ ਦੀ ਜਦੋਂ ਗਲ ਹੁੰਦੀ ਹੈ ਤਾਂ ਮਨ ਦੇ ਖਿਆਲ ਭੱਜਦੇ ਹਨ ਤੇ ਜੀਵ ਨੂੰ ਨੀਂਦ ਵੀ ਆਉਣ ਲਗਦੀ ਹੈ। ਮਨ ਹਰ ਕੋਸ਼ਿਸ਼ ਕਰਦਾ ਹੈ, ਬਹਾਨੇ ਲੱਭਦਾ ਹੈ, ਸੌਖਾ ਰਸਤਾ ਲੱਭਦਾ ਹੈ ਗਿਆਨ ਤੋਂ ਭੱਜਣ ਦਾ। ਮਨ (ਅਗਿਆਨਤਾ) ਨੂੰ ਪਤਾ ਹੈ ਕੇ ਗਿਆਨ ਨੇ ਇਸਨੂੰ ਬੰਨ ਲੈਣਾ ਹੈ “ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥”। ਮਨ ਨਾਮ (ਗਿਆਨ/ਸੋਝੀ) ਤੋਂ ਭੱਜਦਾ ਇਸ ਲਈ ਨਾਮ (ਸੋਝੀ) ਨਹੀਂ ਜਪਦਾ (ਪਹਿਚਾਨ ਕਰਦਾ)। ਮਨ ਲਈ ਗੁਰਮਤਿ ਆਖਦੀ

ਇਹੁ ਮਨੁ ਕਰਮਾ ਇਹੁ ਮਨੁ ਧਰਮਾ॥ ਇਹੁ ਮਨੁ ਪੰਚ ਤਤੁ ਤੇ ਜਨਮਾ॥ ਸਾਕਤੁ ਲੋਭੀ ਇਹੁ ਮਨੁ ਮੂੜਾ॥ ਗੁਰਮੁਖਿ ਨਾਮੁ ਜਪੈ ਮਨੁ ਰੂੜਾ॥੩॥

ਮਨਮੁਖ ਉਹ ਹੈ ਜੋ ਮਨ (ਅਗਿਆਨਤਾ) ਨੂੰ ਤੇ ਪੰਚ ਚੋਰਾਂ ਨੂੰ ਅਰਥ ਵਿਕਾਰਾਂ ਨੂੰ ਮੁਖ ਰੱਖ ਕੇ ਚਲਦਾ। ਜੋ ਵੀ ਸੋਚਦਾ ਕਰਦਾ ਹੈ ਉਹ ਲਾਲਚ, ਕਾਮ, ਕੋਧ, ਲੋਭ, ਮੋਹ, ਅਹੰਕਾਰ, ਈਰਖਾ, ਦ੍ਵੇਸ਼, ਝੂਠ, ਨਿੰਦਾ, ਚੁਗਲੀ ਤੇ ਹੋਰ ਕਈ ਵਿਕਾਰਾਂ ਕਾਰਣ। ਗੁਰਮੁੱਖ ਉਹ ਹੈ ਜੋ ਗਿਆਨ ਨੂੰ, ਨਾਮ ਨੂੰ, ਗੁਣਾਂ ਨੂੰ ਮੁੱਖ ਰੱਖਕੇ ਕਰਦਾ ਜੋ ਵੀ ਕਰਦਾ। ਮਨਮੁਖ ਨੂੰ ਸੱਚ (ਅਕਾਲ/ਹੁਕਮ,ਜੋਤ ਜੋ ਕਦੇ ਨਹੀਂ ਖਰਦੇ ਅਖਰ ਹਨ, ਕਦੇ ਨਹੀਂ ਮਰਦੇ, ਜਰਦੇ) ਨਹੀਂ ਭਾਉਂਦਾ। ਗੁਰਬਾਣੀ ਆਖਦੀ।

ਕਲਰਿ ਖੇਤੀ ਬੀਜੀਐ ਕਿਉ ਲਾਹਾ ਪਾਵੈ॥ ਮਨਮੁਖੁ ਸਚਿ ਨ ਭੀਜਈ ਕੂੜੁ ਕੂੜਿ ਗਡਾਵੈ॥੪॥ ਲਾਲਚੁ ਛੋਡਹੁ ਅੰਧਿਹੋ ਲਾਲਚਿ ਦੁਖੁ ਭਾਰੀ॥ ਸਾਚੌ ਸਾਹਿਬੁ ਮਨਿ ਵਸੈ ਹਉਮੈ ਬਿਖੁ ਮਾਰੀ॥੫॥ ਦੁਬਿਧਾ ਛੋਡਿ ਕੁਵਾਟੜੀ ਮੂਸਹੁਗੇ ਭਾਈ॥ ਅਹਿਨਿਸਿ ਨਾਮੁ ਸਲਾਹੀਐ ਸਤਿਗੁਰ ਸਰਣਾਈ॥੬॥ ਮਨਮੁਖ ਪਥਰੁ ਸੈਲੁ ਹੈ ਧ੍ਰਿਗੁ ਜੀਵਣੁ ਫੀਕਾ॥ ਜਲ ਮਹਿ ਕੇਤਾ ਰਾਖੀਐ ਅਭ ਅੰਤਰਿ ਸੂਕਾ॥੭॥” – ਮਨਮੁਖ ਸੈਲ ਪੱਥਰ ਵਾਂਗ ਹੈ ਪਾਣੀ (ਮਨਮੁੱਖ ਅੰਮ੍ਰਿਤ/ਸੋਝੀ) ਵਿੱਚ ਜਿਤਨਾ ਮਰਜੀ ਰੱਖ ਲਵੋ ਪੱਥਰ ਸੂਕਾ ਹੀ ਰਹਿੰਦਾ ਉੱਦਾਂ ਹੀ ਮਨਮੁਖ ਜਿੰਨਾ ਮਰਜ਼ੀ ਬਾਣੀ ਸੁਣ, ਪੜ੍ਹ ਲਵੇ, ਗੁਰੂਘਰ ਜਾ ਕੇ ਮੱਥੇ ਟੇਕ ਲਵੇ, ਅਰਦਾਸਾਂ ਕਰ ਲਵੇ, ਸੇਵਾ ਕਰ ਲਵੇ ਉਸਦੇ ਮਨ ਦੀ ਮੈਲ ਨਹੀਂ ਜਾਣੀ। ਮਨ ਨੇ ਨਿਰਮਲ (ਮਲ ਰਹਿਤ) ਨਹੀਂ ਹੋਣਾ।

ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ॥ ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ॥ ਅੰਧਾ ਜਗਤੁ ਅੰਧੁ ਵਰਤਾਰਾ ਬਾਝੁ ਗੁਰੂ ਗੁਬਾਰਾ॥

ਇਹਨਾਂ ਪੰਚ (ਉੱਤਮ) ਚੋਰਾਂ ਦੇ ਇਲਾਵਾ ਵੀ ਕਈ ਅਵਗੁਣ ਹਨ ਜੋ ਜੀਵ ਨੂੰ ਆਪਣੇ ਮੂਲ, ਪ੍ਰਭ ਤੋਂ ਹੁਕਮ ਨਾਲ ਏਕੇ ਤੋਂ ਦੂਰ ਕਰਦੇ ਹਨ “ ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ॥”। ਗੁਣਾਂ ਤੋਂ ਬਿਨਾ ਅਵਗੁਣ ਦੂਰ ਨਹੀਂ ਹੁੰਦੇ ਤੇ ਨਾਮ (ਸੋਝੀ) ਪਰਮੇਸਰ ਦੇ ਹੁਕਮ ਉਸਦੀ ਰਜਾ ਨਾਲ ਨਹੀਂ ਮਿਲਦੀ। ਭਗਤ ਦੀ ਅਰਦਾਸ ਵੀ ਇਸ ਲਈ ਕੇਵਲ ਸੋਝੀ ਦੀ ਹੀ ਹੁੰਦੀ “ ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ॥ ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ॥੫॥ ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ॥ ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ॥” ਅਤੇ ਜਦੋਂ ਤਕ ਮਨ (ਅਗਿਆਨਤਾ) ਦੂਰ ਨਹੀਂ ਹੁੰਦੀ ਉਦੋਂ ਤੱਕ ਭਗਤੀ ਸ਼ੁਰੂ ਨਹੀਂ ਹੁੰਦੀ “ਮਨ ਮਾਰੇ ਬਿਨੁ ਭਗਤਿ ਨ ਹੋਈ॥” । ਅਸਲ ਵਿੱਚ ਮਨ ਮਾਰਨ ਦਾ ਅਰਥ ਹੈ ਅਗਿਆਨਤਾ ਨੂੰ ਖਤਮ ਕਰਨਾ ਅੰਦਰ ਕੋਈ ਡਮਦੂਜਾ ਜੀਵ, ਕੀੜਾ ਜਾਂ ਕੋਈ ਹੋਰ ਹਸਤੀ ਨਹੀਂ ਹੈ ਜਿਸਨੂੰ ਮਾਰਨਾ ਹੈ। ਜਦੋਂ ਮਨ ਮੰਨ ਗਿਆ ਤਾਂ ਮਨੁ ਹੋਣਾ। ਕਿਉਂਕੇ ਮਨ ਜੀਵ ਅੰਦਰ ਕੋਈ ਵੱਖਰੀ ਹਸਤੀ ਨਹੀਂ ਹੈ ਜੀਵ ਆਪ ਹੀ ਹੈ, ਇਸਦਾ ਪਰਮੇਸਰ ਦੇ ਹੁਕਮ ਨਾਲ ਏਕਾ ਹੋਣ ਤੇ ਹੀ ਇਸਨੇ ਸਹਜ ਵਿੱਚ ਆਉਣਾ। ਅਗਿਆਨਤਾ ਖਤਮ ਹੋਣ ਤੇ ਮਨੁ ਨੇ ਗੁਣ ਮੁੱਖ ਰੱਖਕੇ ਚਲਨਾ ਸ਼ੁਰੂ ਕਰਨਾ। ਫੇਰ ਇਸਨੂੰ ਹਉਮੇ, ਮੋਹ, ਭਰਮ ਤੇ ਭੈ ਨਹੀਂ ਰਹਿਣੇ। ਗੁਰਮਤਿ ਦਾ ਸਾਰਾ ਗਿਆਨ ਮਨ ਨੂੰ ਇਹੀ ਸਮਝਾਉਣ ਲਈ ਹੈ “ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ॥” ਮਨ ਨੂੰ ਸਮਝਾਵਣ ਖਾਤਰ ਹੌਲੀ ਹੌਲੀ, ਧਿਆਨ ਨਾਲ, ਪੜ੍ਹ ਕੇ ਸਮਝ ਕੇ ਵਿਚਾਰ ਕੇ ਗਿਆਨ ਪ੍ਰਾਪਤੀ ਕਰਨੀ ਹੈ।

ਮਨੁ ਹੀ ਪੰਚ (ਉੱਤਮ) ਤਤ ਦਾ ਜੀਵ ਹੈ ਅਰਥ ਜੋਤ ਸਰੂਪ ਹੈ। ਜੋਤ ਹੀ ਗੋਬਿੰਦ ਹੈ ਅਕਾਲ ਹੈ ਜੋ ਕਦੇ ਨਹੀਂ ਮਰਦਾ। “ਇਹੁ ਮਨੁ ਸਕਤੀ ਇਹੁ ਮਨੁ ਸੀਉ॥ ਇਹੁ ਮਨੁ ਪੰਚ ਤਤ ਕੋ ਜੀਉ॥ ਇਹੁ ਮਨੁ ਲੇ ਜਉ ਉਨਮਨਿ ਰਹੈ॥ ਤਉ ਤੀਨਿ ਲੋਕ ਕੀ ਬਾਤੈ ਕਹੈ॥”, ਇਸਨੂੰ ਆਪਣੇ ਗੁਣ ਭੁੱਲੇ ਹੋਏ ਨੇ, ਗੁਰਮਤਿ ਗਿਆਨ ਰਾਹੀਂ ਮਨ ਨੂੰ ਇਹ ਸਮਝ ਆਉਣਾ ਹੈ ਤੇ ਇਸਨੇ ਹਰਿਆ ਹੋਣਾ ਹੈ ਗਿਆਨ ਨਾਲ। ਇਹੀ ਗਲ ਸਮਝਾਈ ਹੈ ਕੇ ਮਨ ਨੂੰ ਆਪਣੇ ਮੁਲ਼ ਨੂੰ ਸਮਝਣ ਨਾਲ ਕੀ ਹੋਣਾ। ਜਦੋਂ ਮਨ ਨੇ ਹੁਕਮ ਨਾਮ ਏਕਾ ਕਰ ਲਿਆ ਕੀ ਹੋਣਾ “ਮੰਨੈ ਸੁਰਤਿ ਹੋਵੈ ਮਨਿ ਬੁਧਿ॥ਮੰਨੈ ਸਗਲ ਭਵਣ ਕੀ ਸੁਧਿ॥ ਮੰਨੈ ਮੁਹਿ ਚੋਟਾ ਨਾ ਖਾਇ॥ ਮੰਨੈ ਜਮ ਕੈ ਸਾਥਿ ਨ ਜਾਇ॥ ਐਸਾ ਨਾਮੁ ਨਿਰੰਜਨੁ ਹੋਇ॥ ਜੇ ਕੋ ਮੰਨਿ ਜਾਣੈ ਮਨਿ ਕੋਇ॥੧੩॥ ਮੰਨੈ ਮਾਰਗਿ ਠਾਕ ਨ ਪਾਇ॥ ਮੰਨੈ ਪਤਿ ਸਿਉ ਪਰਗਟੁ ਜਾਇ॥ ਮੰਨੈ ਮਗੁਨ ਚਲੈ ਪੰਥੁ॥ ਮੰਨੈ ਧਰਮ ਸੇਤੀ ਸਨਬੰਧੁ॥ ਐਸਾ ਨਾਮੁ ਨਿਰੰਜਨੁ ਹੋਇ॥ ਜੇ ਕੋ ਮੰਨਿ ਜਾਣੈ ਮਨਿ ਕੋਇ॥੧੪॥ ਮੰਨੈ ਪਾਵਹਿ ਮੋਖੁ ਦੁਆਰੁ॥ ਮੰਨੈ ਪਰਵਾਰੈ ਸਾਧਾਰੁ॥ ਮੰਨੈ ਤਰੈ ਤਾਰੇ ਗੁਰੁ ਸਿਖ॥ ਮੰਨੈ ਨਾਨਕ ਭਵਹਿ ਨ ਭਿਖ॥ ਐਸਾ ਨਾਮੁ ਨਿਰੰਜਨੁ ਹੋਇ॥ ਜੇ ਕੋ ਮੰਨਿ ਜਾਣੈ ਮਨਿ ਕੋਇ॥੧੫॥”, ਇਹਨਾਂ ਪੰਕਤੀਆਂ ਨੂੰ ਧੀਰੇ ਧੀਰੇ ਕਈ ਵਾਰ ਪੜ੍ਹ ਤੇ ਸਮਝ ਲਵੋ। ਸਾਡੀ ਸਰੀਰਕ ਉਮਰ ਤਾਂ ਘਟਦੀ ਜਾਂਦੀ ਹੈ, ਸਮਾ ਥੋੜਾ ਹੀ ਹੈ ਤੇ ਗਿਆਨ ਲੈਣ ਲਈ ਹੀ ਮਨੁੱਖਾ ਜਨਮ ਮਿਲਿਆ ਹੈ “ਅਉਧ ਘਟੈ ਦਿਨਸੁ ਰੈਣਾਰੇ॥ ਮਨ ਗੁਰ ਮਿਲਿ ਕਾਜ ਸਵਾਰੇ॥੧॥”, ਮਨ ਨੂੰ ਸਮਝਾਇਆ ਜਾ ਰਹਿਆ ਹੈ ਕੇ ਗੁਰ (ਗੁਣਾਂ) ਨੂੰ ਮਿਲ ਕੇ ਹੀ ਹਾਸਿਲ ਕਰਕੇ ਹੀ ਤੇਰੇ ਕਾਜ ਸਵਾਰੇ ਜਾਣੇ ਨੇ। ਇਹ ਸੰਸਾਰ ਬਿਕਾਰ ਹੀ ਸੰਸੇ (ਸ਼ੰਕੇ) ਵਿੱਚ ਪਰੇਸ਼ਾਨ ਤੁਰਿਆ ਫਿਰਦਾ ਹੈ ਭਟਕਿਆ ਫਿਰਦਾ ਹੈ ਤੇ ਗੁਰ (ਗਿਣਾਂ) ਨੇ ਹੀ ਇਸਦਾ ਸਹਾਇਕ ਹੋਣਾ ਹੈ “ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ॥ ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ॥

ਜਦੋਂ ਮਨ ਨੇ ਗਿਆਨ ਲੈਕੇ ਏਕੇ ਵਿੱਚ ਮਨੁ (ਮੰਨ) ਹੋਣਾ ਉਦੋਂ “ਇਹੁ ਮਨੁ ਸਾਚਿ ਸੰਤੋਖਿਆ ਨਦਰਿ ਕਰੇ ਤਿਸੁ ਮਾਹਿ॥ ਪੰਚ ਭੂਤ ਸਚਿ ਭੈ ਰਤੇ ਜੋਤਿ ਸਚੀ ਮਨ ਮਾਹਿ॥ ਨਾਨਕ ਅਉਗਣ ਵੀਸਰੇ ਗੁਰਿ ਰਾਖੇ ਪਤਿ ਤਾਹਿ॥

ਮਨੁ ਬੈਰਾਗੀ ਘਰਿ ਵਸੈ ਸਚ ਭੈ ਰਾਤਾ ਹੋਇ॥ ਗਿਆਨ ਮਹਾਰਸੁ ਭੋਗਵੈ ਬਾਹੁੜਿ ਭੂਖ ਨ ਹੋਇ॥ ਨਾਨਕ ਇਹੁ ਮਨੁ ਮਾਰਿ ਮਿਲੁ ਭੀ ਫਿਰਿ ਦੁਖੁ ਨ ਹੋਇ॥

ਮਨ ਨੂੰ ਹਮੇਸ਼ਾ ਵਿਕਾਰਾਂ ਕਾਰਣ ਮਾਇਆ ਦੀ ਭੁੱਖ ਹੁੰਦੀ ਹੈ। ਮਨਮੁਖ ਤ੍ਰੈ ਗੁਣ ਮਾਇਆ ਰਜੋ ਗੁਣ (ਰਾਜ, ਪੈਸਾ, ਦੌਲਤ, ਮਹਿਲ ਦੀ ਇੱਛਾ), ਸਤੋ ਗੁਣ (ਧਰਮੀ ਦਿਸਣ ਦੀ ਇੱਛਾ, ਲੋਕ ਚੰਗਾ ਇਨਸਾਨ ਸਮਝਣ ਇਸਦੀ ਇੱਛਾ), ਤਮੋ ਗੁਣ ( ਸਰੀਰ ਦੀ ਭੁੱਖ, ਕਾਮ, ਰਿਸ਼ਤਿਆਂ ਵਲ ਰੁਝਾਨ) ਵਿੱਚ ਫਸਿਆ ਹੁੰਦਾ ਹੈ। ਗੁਰਬਾਣੀ ਆਖਦੀ “ਮਨ ਰੇ ਤ੍ਰੈ ਗੁਣ ਛੋਡਿ ਚਉਥੈ ਚਿਤੁ ਲਾਇ॥ ਹਰਿ ਜੀਉ ਤੇਰੈ ਮਨਿ ਵਸੈ ਭਾਈ ਸਦਾ ਹਰਿ ਕੇ ਗੁਣ ਗਾਇ॥” ਅਤੇ “ਤ੍ਰੈ ਗੁਣ ਮੇਟੈ ਸਬਦੁ ਵਸਾਏ ਤਾ ਮਨਿ ਚੂਕੈ ਅਹੰਕਾਰੋ॥ ਅੰਤਰਿ ਬਾਹਰਿ ਏਕੋ ਜਾਣੈ ਤਾ ਹਰਿ ਨਾਮਿ ਲਗੈ ਪਿਆਰੋ॥”। ਤ੍ਰੈ ਗੁਣ ਸਮਝਣ ਲਈ ਪੜ੍ਹੋ “ਤ੍ਰੈ ਗੁਣ ਮਾਇਆ, ਭਰਮ ਅਤੇ ਵਿਕਾਰ” ਅਤੇ ਹਰਿ ਬਾਰੇ ਸਮਝਣ ਲਈ ਪੜ੍ਹੋ “ਹਰਿ”। ਮਨ ਲੋਭ ਵਿੱਚ ਫਸਿਆ ਹੈ ਇਸ ਕਰਕੇ ਸਬਦ (ਪਰਮੇਸਰ ਦੇ ਹੁਕਮ) ਤੋਂ ਵਾਂਝਾ ਹੈ “ਏਹੁ ਮਨੋ ਮੂਰਖੁ ਲੋਭੀਆ ਲੋਭੇ ਲਗਾ ਲੋੁਭਾਨੁ॥ ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ॥”। ਮਨ ਨੂੰ ਹੀ ਮੂਰਖ ਕਹਿਆ, ਸਾਕਤ ਵੀ ਕਹਿਆ ਜੇ ਹੁਕਮ ਨੂੰ ਨਾ ਸਮਝੇ ਅਗਿਆਨਤਾ ਨਾ ਛੱਡੇ ਤਾਂ ਕਿਉਂਕੇ ਮਨ (ਅਗਿਆਨਤਾ/ ਵਿਕਾਰਾਂ) ਕਾਰਣ ਜੀਵ ਨੂੰ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ ਹਰ ਵੇਲੇ ਚਿੰਤਾ ਰਹਿੰਦੀ ਹੈ “ਮਨਮੁਖਿ ਸੁਖੁ ਨ ਪਾਈਐ ਗੁਰਮੁਖਿ ਸੁਖੁ ਸੁਭਾਨੁ॥੩॥”, ਸੱਚੇ ਦੇ ਗੁਣਾਂ ਨੂੰ ਸਮਝ ਕੇ ਮੁੱਖ ਰੱਖਣ ਵਾਲੇ ਨੂੰ ਆਨੰਦ ਦੀ ਅਵਸਥਾ ਮਿਲਦੀ ਹੈ ਜੋ ਆਨੰਦ ਬਾਣੀ ਵਿੱਚ ਵਿਸਥਾਰ ਨਾਲ ਸਮਝਾਇਆ ਗਿਆ ਹੈ। ਮਨਮੁਖ ਬਿਨਾਂ ਗਿਆਨ ਲਏ ਜਿੰਨੀ ਵਾਰ ਮਰਜੀ ਆਨੰਦ ਬਾਣੀ ਪੜ੍ਹ ਲਵੇ ਅੰਦਰੋਂ ਆਨੰਦ ਨਹੀਂ ਬਣਨਾ। ਦੁਨਿਆਵੀ ਉਦਾਹਰਣ ਦਿੰਦੇ ਹਾਂ, ਜੇ ਕਿਸੇ ਨਵੀਂ ਭਰਤੀ ਦੇ ਫੌਜੀ ਨੂੰ ਜੰਗ ਦੇ ਮੈਦਾਨ ਵਿੱਚ ਬਿਨਾਂ ਤਿਆਰੀ ਦੇ ਭੇਜ ਦਿੱਤਾ ਜਾਵੇ ਤਾਂ ਦੁਸ਼ਮਨ ਹਾਵੀ ਹੋ ਜਾਣਾ ਭਾਵੇਂ ਫੌਜੀ ਕਿਤਨੀ ਵੀ ਕੋਸ਼ਿਸ਼ ਕਰਕੇ ਲੜੇ। ਪਰ ਜੇ ਉਸਨੂੰ ਸ਼ਸਤਰਾਂ ਦਾ ਗਿਆਨ ਹੋਵੇ, ਬਚਣ ਦਾ ਗਿਆਨ ਹੋਵੇ, ਜ਼ਖਮੀ ਹੋਣ ਤੇ ਮਰਮ ਪੱਟੀ ਕਿਵੇਂ ਕਰਨੀ ਪਤਾ ਹੋਵੇ ਤਾਂ ਕਿਤਨੇ ਵੱਡੇ ਸੂਰਮੇ ਬਹਾਦਰ ਸਾਹਮਣੇ ਹੋਣ ਫੌਜੀ ਆਪਣੇ ਗਿਆਨ ਰਾਹੀਂ ਲੜ ਕੇ ਬਚ ਸਕਦਾ। ਗੁਰਮਤਿ ਗਿਆਨ ਵਿਕਾਰਾਂ ਨਾਲ ਲੜਨ ਦਾ ਤਰੀਕਾ ਦੱਸਦੀ ਹੈ। ਕਿਵੇਂ ਮਾਇਆ ਵਿੱਚ ਰਹਿੰਦਿਆਂ ਮਾਇਆ ਤੋਂ ਬਚਣਾ, ਲੋਭ ਲਾਲਚ ਤੋਂ ਬਚਣਾ। ਦਸਮ ਬਾਣੀ ਵਿੱਚ ਚਰਿਤ੍ਰਾਂ ਤੇ ਕਥਾ ਕਹਾਣੀਆਂ ਰਾਹੀਂ ਕਾਮ ਕਿਵੇਂ ਹਾਵੀ ਹੁੰਦਾ ਸਮਝਾਇਆ ਗਿਆ ਹੈ। ਇਹ ਵੀ ਦੱਸਿਆ ਕੇ ਫਸਣ ਨਾਲ ਕੀ ਹੋ ਸਕਦਾ ਤੇ ਬਚਣਾ ਕਿਵੇਂ ਹੈ। ਬੁੱਧ ਨੂੰ ਇਸਤ੍ਰੀ ਰੂਪ, ਦੇਵੀ, ਸੁਹਾਗਣ, ਦੁਹਾਗਣ ਦੇ ਉਦਾਹਰਣਾਂ ਨਾਲ ਸੰਬੋਧਿਤ ਕੀਤਾ ਗਿਆ ਹੈ। ਭਗਉਤੀ ਉੱਤਮ ਮਤਿ ਉਤਮ ਬੁੱਧ ਲਈ ਵਰਤਿਆ ਗਿਆ ਹੈ, ਇਹ ਭਗਤ ਦੀ ਬੁੱਧ ਲਈ ਹੈ। ਵਿਸਥਾਰ ਨਾਲ ਜਾਣਕਾਰੀ ਲਈ ਪੜ੍ਹੋ “ਭਗਉਤੀ ਕੌਣ/ਕੀ ਹੈ ?” ਭਗਉਤੀ ਨੂੰ ਦੁਰਗਾ ਵੀ ਕਹਿਆ ਗਿਆ ਹੈ ਕਿਉਂਕੇ ਮਨ ਦੁਰਗ (ਕਿਲੇ) ਵਾਂਗ ਹੈ ਜਿਸਤੇ ਮਨਮਤਿ ਦਾ ਕਬਜਾ ਹੈ ਤੇ ਦੁਰਗਾ/ਭਗਉਤੀ ਉਹ ਉੱਤਮ ਬੁੱਧ ਹੈ ਜਿਸਨੇ ਇਸ ਦੁਰਗ ਤੇ ਗਿਆਨ ਨਾਲ ਕਬਜ਼ਾ ਕਰਨਾ ਹੈ। ਭਗਤ ਕਬੀਰ ਜੀ ਨੇ ਇਸ ਦੁਰਗ ਤੇ ਜਿੱਤ ਦਾ ਉਦਾਹਰਣ ਦਿੱਤਾ ਹੈ। ਆਖਦੇ ਮਨ ਇੱਕ ਗਢਿ (ਗੜ/ ਕਿਲੇ) ਵਾਂਗ ਹੈ, ਆਪਣੇ ਵਿਕਾਰਾਂ ਦੀ ਖਾਈ ਬਣਾ ਕੇ ਬੈਠਾ ਹੈ।

ਕਿਉ ਲੀਜੈ ਗਢੁ ਬੰਕਾ ਭਾਈ॥ ਦੋਵਰ ਕੋਟ ਅਰੁ ਤੇਵਰ ਖਾਈ॥੧॥ ਰਹਾਉ॥ ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪਰਬਲ ਮਾਇਆ॥ ਜਨ ਗਰੀਬ ਕੋ ਜੋਰੁ ਨ ਪਹੁਚੈ ਕਹਾ ਕਰਉ ਰਘੁਰਾਇਆ॥੧॥ ਕਾਮੁ ਕਿਵਾਰੀ ਦੁਖੁ ਸੁਖੁ ਦਰਵਾਨੀ ਪਾਪੁ ਪੁੰਨੁ ਦਰਵਾਜਾ॥ ਕ੍ਰੋਧੁ ਪ੍ਰਧਾਨੁ ਮਹਾ ਬਡ ਦੁੰਦਰ ਤਹ ਮਨੁ ਮਾਵਾਸੀ ਰਾਜਾ॥੨॥ ਸ੍ਵਾਦ ਸਨਾਹ ਟੋਪੁ ਮਮਤਾ ਕੋ ਕੁਬੁਧਿ ਕਮਾਨ ਚਢਾਈ॥ ਤਿਸਨਾ ਤੀਰ ਰਹੇ ਘਟ ਭੀਤਰਿ ਇਉ ਗਢੁ ਲੀਓ ਨ ਜਾਈ॥੩॥ ਪ੍ਰੇਮ ਪਲੀਤਾ ਸੁਰਤਿ ਹਵਾਈ ਗੋਲਾ ਗਿਆਨੁ ਚਲਾਇਆ॥ ਬ੍ਰਹਮ ਅਗਨਿ ਸਹਜੇ ਪਰਜਾਲੀ ਏਕਹਿ ਚੋਟ ਸਿਝਾਇਆ॥੪॥ ਸਤੁ ਸੰਤੋਖੁ ਲੈ ਲਰਨੇ ਲਾਗਾ ਤੋਰੇ ਦੁਇ ਦਰਵਾਜਾ॥ ਸਾਧਸੰਗਤਿ ਅਰੁ ਗੁਰ ਕੀ ਕ੍ਰਿਪਾ ਤੇ ਪਕਰਿਓ ਗਢ ਕੋ ਰਾਜਾ॥੫॥ ਭਗਵਤ ਭੀਰਿ ਸਕਤਿ ਸਿਮਰਨ ਕੀ ਕਟੀ ਕਾਲ ਭੈ ਫਾਸੀ॥ ਦਾਸੁ ਕਮੀਰੁ ਚੜਿੑਓ ਗੜੑ ਊਪਰਿ ਰਾਜੁ ਲੀਓ ਅਬਿਨਾਸੀ॥੬॥੯॥੧੭॥(ਭਗਤ ਕਬੀਰ ਜੀ॥, ਰਾਗੁ ਭੈਰਉ, ੧੧੬੧)

  • ਕਿਉ ਲੀਜੈ ਗਢੁ ਬੰਕਾ ਭਾਈ॥” – ਕਿਵੇਂ ਲਵਾਂ ਗੜ੍ਹ (ਮਹਲ/ਕਿਲਾ) ਬੰਕਾ ਭਾਈ (ਸੋਹਣਾ ਸੁਖਸਾਗਰ)
  • ਦੋਵਰ ਕੋਟ ਅਰੁ ਤੇਵਰ ਖਾਈ” – ਦੋ ਕੰਧ ਤੇ ਤਿੰਨ ਖਾਈਆਂ ਟੱਪ ਕੇ ਨਿਕਲਣਾ (ਭਵਸਾਗਰ ਜੇਲ ਚੋਂ) ਬੰਕੇ ਗੜ੍ਹ (ਜਿੱਤੇ ਹੋਏ ਮਨ) ਵੱਲ ਜਾਣ ਲਈ। ਪਹਿਲੀ ਕੰਧ/ਦਿਆਰ ਹੈ ਕੂੜ੍ਹ ਦੀ “ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥” ਸਰੀਰ ਕੂੜ ਦੀ ਕੰਧ ਹੈ। ਤਿੰਨ ਖਾਈਆਂ ਨੇ ਤਮੋ, ਰਜੋ, ਸਤੋ ਗੁਣ (ਤ੍ਰੈ ਗੁਣ ਮਾਇਆ) । ਦੂਜੀ ਕੰਧ ਹੈ ਭਰਮ ਦੀ। ਇਸ ਕੰਧ ਨੂੰ ਟੱਪਣ ਲਈ ਗੁਰਮ੍ਰਸਾਦ ਦੀ ਲੋੜ ਹੈ। “ਗੁਰ ਪਰਸਾਦਿ ਭਰਮ ਕਾ ਨਾਸੁ ॥” “ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ॥” ਗਿਆਨ ਤੋਂ ਮਿਲੇ ਗੁਣ ਨਾਲ ਇਸਨੂੰ ਟੱਪਿਆ ਜਾ ਸਕਦਾ ਹੈ। ਗਿਆਨ ਦੇ ਗੋਲੇ ਨਾਲ ਇਸ ਕੰਧ ਨੂੰ ਤੋੜਿਆ ਜਾ ਸਕਦਾ ਹੈ “ਪ੍ਰੇਮ ਪਲੀਤਾ ਸੁਰਤਿ ਹਵਾਈ ਗੋਲਾ ਗਿਆਨੁ ਚਲਾਇਆ ॥
  • ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪਰਬਲ ਮਾਇਆ॥” – ਪੰਜ ਤੱਤਾਂ ਦੇ ਬਦੇ ਸਰੀਰ ਮਾਇਆ ਨੇ ਪਕੜ ਬਣਾਈ ਹੋਈ ਹੈ ਪੰਜ ਵਿਕਾਰਾਂ ਨੇ ਤੇ ਘੇਰਾ ਪਾਇਆ ਹੋਇਆ ਹੈ। ਮਾਇਆ ਸਰੀਰ ਛੱਡਣ ਦਾ ਜੀ ਨਹੀੰ ਕਰਦਾ ਇਸ ਮਾਇਆ ਦੇ ਮਦ (ਨਸ਼ੇ) ਕਾਰਣ।
  • ਜਨ ਗਰੀਬ ਕੋ ਜੋਰੁ ਨ ਪਹੁਚੈ ਕਹਾ ਕਰਉ ਰਘੁਰਾਇਆ” – ਕਬੀਰ ਜੀ ਕਹ ਰਹੇ ਨੇ ਕੇ ਇਹਨਾਂ ਕਰਕੇ ਜਨ ਗਰੀਬ ਸੁਖਸਾਗਰ ਵਿੱਚ ਨਹੀਂ ਜਾ ਪਾ ਰਹਿਆ, ਇਸਦਾ ਵੱਸ ਨਹੀਂ ਚਲ ਰਹਿਆ।
  • ਕਾਮੁ ਕਿਵਾਰੀ ਦੁਖੁ ਸੁਖੁ ਦਰਵਾਨੀ ਪਾਪੁ ਪੁੰਨੁ ਦਰਵਾਜਾ॥” – ਕਾਮਨਾਵਾਂ ਦੀਆਂ ਇੱਛਾਵਾਂ ਦੀ ਕਿਵਾਰੀ (ਖਿੜਕੀਆਂ) ਨੇ ਸਰੀਰ ਵਿੱਚ ਜਿਸ ਵਿੱਚੋਂ ਦੁੱਖ ਸੁੱਖ ਦਿਸਦੇ ਨੇ। ਸੁੱਖ ਮੰਗਦੇ ਹਾਂ ਦੁੱਖ ਤੋਂ ਭੱਜਦੇ ਹਾਂ ਜਾਣਦੇ ਹੋਏ ਵੀ ਕੇ “ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ॥” । ਦੁੱਖ ਸੁੱਖ ਦਰਵਾਨੀ (ਦਰਬਾਨ) ਬਣਕੇ ਖੜੇ ਨੇ ਪਾਪ ਪੁੰਨ ਦੇ ਦਰਵੱਜੇ ਤੇ। ਭੁੱਲ ਜਾਂਦਾ ਹੁਕਮ ਨੂੰ “ਪਾਪ ਪੁੰਨ ਹਮਰੈ ਵਸਿ ਨਾਹਿ ॥”। ਮਨੁੱਖ ਨੇ ਪਾਪ ਪੁੰਨ ਰਚ ਲਏ ਆਪਣੇ ਦਾਨ ਕਰਨ ਨੂੰ ਪੁੰਨ ਮੰਨ ਲਿਆ ਭੁੱਲ ਗਿਆ ਗੁਰਮਤਿ ਕਿਸਨੂੰ ਪੁੰਨ ਮੰਨਦੀ “ਕਲਿ ਮਹਿ ਏਹੋ ਪੁੰਨੁ ਗੁਣ ਗੋਵਿੰਦ ਗਾਹਿ॥”। ਸਿੱਖੀ ਵਿੱਚ ਪਾਪ ਪੁੰਨ ਮਾਨ ਅਪਮਾਨ ਆਪਣੇ ਪਰਾਏ ਦੇ ਭੇਦ ਦੀ ਕੋਈ ਥਾਂ ਨਹੀਂ ਹੈ। “ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁ॥
  • ਕ੍ਰੋਧੁ ਪ੍ਰਧਾਨੁ ਮਹਾ ਬਡ ਦੁੰਦਰ ਤਹ ਮਨੁ ਮਾਵਾਸੀ ਰਾਜਾ” – ਕ੍ਰੋਧ ਪ੍ਰਧਾਨ ਹੈ ਮਹਾਂ ਦੁੰਦਰ (ਪ੍ਰਚੰਡ) ਹੋਇਆ ਪਿਆ। ਮਨੁ ਮਾਵਾਸੀ ਸੰਸਾਰੀ ਰਾਜ ਮੰਗਦਾ ਪਰਮੇਸਰ ਤੇ ਆਕੀ ਹੋਇਆ ਪਇਆ।
  • ਸ੍ਵਾਦ ਸਨਾਹ ਟੋਪੁ ਮਮਤਾ ਕੋ ਕੁਬੁਧਿ ਕਮਾਨ ਚਢਾਈ॥” – ਮਾਇਆ ਦੇ ਸ੍ਵਾਦ ਦਾ ਸਨਾਹ (ਕਵਚ), ਮਮਤਾ ਦਾ ਟੋਪ (ਮੁਕਟ) ਕੁਬੁਧਿ ਕਮਾਨ ਚੜ੍ਹਾ ਕੇ ਬੈਠਾ। ਮਾਇਆ ਤੇ ਸਰੀਰ ਦੇ ਰਸਾਂ ਵਿੱਚ ਫਸਿਆ ਬੈਠਾ “ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ ॥੨॥
  • ਤਿਸਨਾ ਤੀਰ ਰਹੇ ਘਟ ਭੀਤਰਿ ਇਉ ਗਢੁ ਲੀਓ ਨ ਜਾਈ॥੩॥” – ਤ੍ਰਿਸਨਾਵਾਂ ਦੇ ਤੀਰ ਇਸ ਕਮਾਨ ਤੇ ਚੜ੍ਹਾਏ ਹੋਏ ਨੇ ਘਟ (ਦੇਹੀ) ਵਿੱਚ ਕਿਵੇਂ ਸੁਖਸਾਗਰ ਮਿਲੇ। ਕਿਵੇਂ ਮੁਕਤੀ ਮਿਲੇ ਜਦੋਂ ਮਨ ਹਾਰਦਾ ਨਹੀਂ।
  • ਪ੍ਰੇਮ ਪਲੀਤਾ ਸੁਰਤਿ ਹਵਾਈ ਗੋਲਾ ਗਿਆਨੁ ਚਲਾਇਆ॥” – ਨਫਰਤ ਛੱਡ ਝਗੜੇ ਛੱਡ ਪ੍ਰੇਪ ਫੜਨਾ ਪੈਣਾ। “ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ”। ਜਦੋਂ ਪ੍ਰੇਮ ਹੋ ਗਿਆ, ਸੁਰਤਿ ਪਲੀਤਾ ਬਣਾ ਸੁਰਤਿ ਉੱਚੀ ਰੱਖ ਕੇ ਗਿਆਨ (ਗੁਰਮਤਿ) ਦਾ ਗੋਲਾ ਚਲਾਇਆ।
  • ਬ੍ਰਹਮ ਅਗਨਿ ਸਹਜੇ ਪਰਜਾਲੀ ਏਕਹਿ ਚੋਟ ਸਿਝਾਇਆ॥੪॥” – ਬ੍ਰਹਮ ਗਿਆਨ ਦੀ ਅਗਨ ਨੇ ਜੇਲ ਦੀਆਂ ਦਿਵਾਰਾਂ ਢੇਰੀ ਕਰ ਦਿੱਤਿਆ ਏਕ ਹੀ ਚੋਟ ਵਿੱਚ।
  • ਸਤੁ ਸੰਤੋਖੁ ਲੈ ਲਰਨੇ ਲਾਗਾ ਤੋਰੇ ਦੁਇ ਦਰਵਾਜਾ॥” – ਸਤੁ ਦਾ ਗਿਆਨ ਸੰਤੋਖ ਨੂੰ ਲੈ ਕੇ ਲਰਨੇ ਲਾਗਾ, ਕਿਸ ਨਾਲ, ਮਾਇਆ/ਵਿਕਾਰਾਂ ਨਾਲ, ਮਨ ਨਾਲ ਤੇ ਪਾਪ ਪੁੰਨ ਦੇ ਭੈ ਦੇ ਦਰਵਾਜੇ ਤੋੜ ਦਿੱਤੇ।
  • ਸਾਧਸੰਗਤਿ ਅਰੁ ਗੁਰ ਕੀ ਕ੍ਰਿਪਾ ਤੇ ਪਕਰਿਓ ਗਢ ਕੋ ਰਾਜਾ॥੫॥” – ਸਾਧਸੰਗਤਿ (ਆਤਮ ਰਾਮ/ ਹਰਿ) ਤੇ ਗੁਣਾ ਤੋਂ ਮਿਲੇ ਗਿਆਨ ਦੇ ਸਦਕੇ ਗਢ ਦੇ ਰਾਜੇ (ਮਨ) ਨੂੰ ਕਾਬੂ ਕਰ ਲਿਆ।
  • ਭਗਵਤ ਭੀਰਿ ਸਕਤਿ ਸਿਮਰਨ ਕੀ ਕਟੀ ਕਾਲ ਭੈ ਫਾਸੀ॥” – ਭਗਵਤ (ਭਗਉਤੀ/ ਭਗਤੀ/ ਗਿਆਨ) ਦੀ ਭੀਰ (stampede)/ ਜੋਰ/ਤੁਫ਼ਾਨ/ਆਂਧੀ ਅਤੇ ਸਿਮਰਨ (ਗੁਰਮਤਿ ਤੋਂ ਉਪਜੇ ਹੁਕਮ ਦੇ ਗਿਆਨ ਨੂੰ ਚੇਤੇ ਰੱਖਣ ਨਾਲ) ਕਾਲ ਦੀ ਫਾਸੀ ਤੋਂ ਮੁਕਤੀ ਹੋ ਗਈ। ਜਿਵੇਂ ਆਖਿਆ “ਦੇਖੌ ਭਾਈ ਗੵਾਨ ਕੀ ਆਈ ਆਂਧੀ॥ ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ ॥੧॥
  • ਦਾਸੁ ਕਮੀਰੁ ਚੜਿੑਓ ਗੜੑ ਊਪਰਿ ਰਾਜੁ ਲੀਓ ਅਬਿਨਾਸੀ” – ਦਾਸ ਕਬੀਰ ਹੁਣ ਗੜੑ ਨੂੰ ਜਿਤ ਕੇ (ਸੁਖਸਾਗਰ ਤੇ) ਰਾਜਿ ਲਇਆ ਹੈ। ਦੁਨਿਆਵੀ ਰਾਜ ਦਾ ਨਾਸ ਹੋ ਸਕਦਾ ਪਰ ਮੁਕਤ ਅਵਸਥਾ ਵਿੱਚ ਇਲਾਹੀ ਸੁਖਸਾਗਰ ਦੇ ਰਾਜ ਦਾ ਨਹੀਂ। “ਬਾਰੂ ਕੀ ਭੀਤਿ ਜੈਸੇ ਬਸੁਧਾ ਕੋ ਰਾਜੁ ਹੈ ॥੧॥” ਦੁਨਿਆਵੀ ਰਾਜ ਰੇਤੇ ਦੇ ਢੇਰ ਵਾਂਗ ਹੁੰਦਾ। ਖਾਲਸਾ ਅਬਿਨਾਸੀ ਰਾਜ ਲੈਂਦਾ। “ਕਿਆ ਮਾਗਉ ਕਿਛੁ ਥਿਰੁ ਨ ਰਹਾਈ॥ ਦੇਖਤ ਨੈਨ ਚਲਿਓ ਜਗੁ ਜਾਈ॥੧॥

ਅਸੀਂ ਭਗਤੀ ਦੀ ਗਲ ਕਰਦੇ ਹਾਂ, ਗੁਰਮਤਿ ਆਖਦੀ ”ਇਕੁ ਤਿਲੁ ਪਿਆਰਾ ਵੀਸਰੈ ਰੋਗੁ ਵਡਾ ਮਨ ਮਾਹਿ॥ ਕਿਉ ਦਰਗਹ ਪਤਿ ਪਾਈਐ ਜਾ ਹਰਿ ਨ ਵਸੈ ਮਨ ਮਾਹਿ॥ ਗੁਰਿ ਮਿਲਿਐ ਸੁਖੁ ਪਾਈਐ ਅਗਨਿ ਮਰੈ ਗੁਣ ਮਾਹਿ॥੧॥ ਮਨ ਰੇ ਅਹਿਨਿਸਿ ਹਰਿ ਗੁਣ ਸਾਰਿ॥ ਜਿਨ ਖਿਨੁ ਪਲੁ ਨਾਮੁ ਨ ਵੀਸਰੈ ਤੇ ਜਨ ਵਿਰਲੇ ਸੰਸਾਰਿ॥੧॥”। ਨਾਮ (ਸੋਝੀ) ਹਰ ਪਲ ਚੇਤੇ ਰੱਖਣੀ ਹੈ। ਇਕ ਪਲ ਦੀ ਵੀ ਢਿੱਲ ਨਹੀਂ ਕਰਨੀ। ਗੁਰਮਤਿ ਹਰ ਉਸ ਵੇਲੇ ਨੂੰ ਜਿਸ ਵੇਲੇ ਪਰਮੇਸਰ ਨਾਲ ਏਕੇ ਦਾ ਧਿਆਨ ਹੋਵੇ, ਹੁਕਮ ਦੀ ਸੋਝੀ ਹੋਵੇ ਉਸ ਵੇਲੇ ਨੂੰ ਅੰਮ੍ਰਿਤ ਵੇਲਾ ਮੰਨਦੀ ਹੈ। ਵੇਖੋ “ਅੰਮ੍ਰਿਤ ਵੇਲਾ, ਰਹਿਰਾਸ ਅਤੇ ਗੁਰਬਾਣੀ ਪੜ੍ਹਨ ਦਾ ਸਹੀ ਸਮਾ

ਗੁਰਮਤਿ ਵਿੱਚ ਏਕ ਤੇ ਇੱਕ ਵਿੱਚ ਫਰਕ ਹੈ। ਏਕ ਦਾ ਭਾਵ ਹੁੰਦਾ ਏਕਾ। ਮਨ ਨੂੰ ਸਮਝਾਉਣ ਖਾਤਰ ਏਕੇ ਦੀ ਸਮਝ ਜਰੂਰੀ ਹੈ। ਏਕਾ ਭਾਵ ਹੁਕਮ ਨਾਲ ਏਕ ਮਤਿ ਹੋਣਾ। ਹੁਕਮ ਨੂੰ ਸਮਝਣਾ ਤੇ ਹਰ ਜੀਵ ਦੇ ਘਟ ਵਿੱਚ ਵੱਸਦੀ ਜੋਤ ਨੂੰ ਬਰਾਬਰ ਸਮਝਣਾ। ਇਸਨੂੰ ਹੋਰ ਸਮਝਣ ਲਈ ਵੇਖੋ “ਏਕ, ਏਕੁ, ਇਕ, ਇਕੁ ਅਤੇ ਅਨੇਕ ਦਾ ਅੰਤਰ”। ਮਨ ਨੇ ਏਕੁ ਸਮਝ ਕੇ ਧਿਉਣਾ ਹੈ ਅਰਥ ਏਕੁ ਦਾ ਧਿਆਨ ਰਖਣਾ ਹੈ “ਆਖਣੁ ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ ਮਾਇਆ॥ ਖਸਮ ਕੀ ਨਦਰਿ ਦਿਲਹਿ ਪਸਿੰਦੇ ਜਿਨੀ ਕਰਿ ਏਕੁ ਧਿਆਇਆ॥” ਅਤੇ “ਸਤਿਗੁਰੁ ਸੇਵੀ ਆਪਣਾ ਇਕ ਮਨਿ ਇਕ ਚਿਤਿ ਭਾਇ॥ ਸਤਿਗੁਰੁ ਮਨ ਕਾਮਨਾ ਤੀਰਥੁ ਹੈ ਜਿਸ ਨੋ ਦੇਇ ਬੁਝਾਇ॥ ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੁ ਪਾਇ॥ ਨਾਉ ਧਿਆਈਐ ਨਾਉ ਮੰਗੀਐ ਨਾਮੇ ਸਹਜਿ ਸਮਾਇ॥੧॥ ਮਨ ਮੇਰੇ ਹਰਿ ਰਸੁ ਚਾਖੁ ਤਿਖ ਜਾਇ॥ ਜਿਨੀ ਗੁਰਮੁਖਿ ਚਾਖਿਆ ਸਹਜੇ ਰਹੇ ਸਮਾਇ॥੧॥

ਗੁਰਬਾਣੀ ਦਾ ਫੁਰਮਾਨ ਸਾਫ਼ ਹੈ ਕੇ ਗੁਰਮਤਿ ਗਿਆਨ ਰਾਹੀਂ ਮਨ (ਅਗਿਆਨਤਾ) ਦੀ ਮੈਲ ਗਿਆਨ ਰਾਹੀਂ ਉਤਰਨੀ ਹੈ ਤੇ ਗੁਣ ਹਾਸਲ ਕਰਨੇ ਹਨ “ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ॥ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ॥ ਗੁਰਪਰਸਾਦੀ ਜੀਵਤੁ ਮਰੈ ਉਲਟੀ ਹੋਵੈ ਮਤਿ ਬਦਲਾਹੁ॥ ਨਾਨਕ ਮੈਲੁ ਨ ਲਗਈ ਨਾ ਫਿਰਿ ਜੋਨੀ ਪਾਹੁ॥” ਜੀਵਤ ਮਰਨ ਦਾ ਭਾਵ ਹੈ ਹਉਮੈ ਤਿਆਗਣਾ। ਜੀਵਤ ਮਰੈ ਦਾ ਅਰਥ ਹੈ ਸਾਹ ਲੈਂਦਿਆਂ ਆਪਣੀ ਮਨਮਤਿ ਤਿਆਗਣਾ, ਮੈਂ ਤੋ ਮੁਕਤ ਹੋਣਾ। ਨਿਰਮਲ ਦਾ ਅਰਥ ਹੈ ਮਲ ਰਹਿਤ। “ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ॥ ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ॥ ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ॥ ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ॥੨ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ॥” ਜਿਹੜੀ ਮਨ ਨੂੰ ਅਗਿਆਨਤਾ ਦੀ ਮਲ ਲੱਗੀ ਹੈ ਉਹ ਕੇਵਲ ਗਿਆਨ ਨਾਲ ਹੀ ਧੋਤੀ ਜਾ ਸਕਦੀ ਹੈੱ ਅਗਿਆਨਤਾ ਦਾ ਸੂਤਕ ਜੋ ਮਨ ਨੂੰ ਲੱਗਿਆ ਹੈ ਉਸਦੀ ਵਿਧੀ ਗੁਰਮਤਿ ਦਸਦੀ ਹੈ “ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ॥

ਸਚਾ ਸਾਹਿਬੁ ਸੇਵੀਐ ਸਚੁ ਵਡਿਆਈ ਦੇਇ॥ ਗੁਰਪਰਸਾਦੀ ਮਨਿ ਵਸੈ ਹਉਮੈ ਦੂਰਿ ਕਰੇਇ॥ ਇਹੁ ਮਨੁ ਧਾਵਤੁ ਤਾ ਰਹੈ ਜਾ ਆਪੇ ਨਦਰਿ ਕਰੇਇ॥੧॥ ਭਾਈ ਰੇ ਗੁਰਮੁਖਿ ਹਰਿ ਨਾਮੁ ਧਿਆਇ॥ ਨਾਮੁ ਨਿਧਾਨੁ ਸਦ ਮਨਿ ਵਸੈ ਮਹਲੀ ਪਾਵੈ ਥਾਉ॥੧॥ ਰਹਾਉ॥ ਮਨਮੁਖ ਮਨੁ ਤਨੁ ਅੰਧੁ ਹੈ ਤਿਸ ਨਉ ਠਉਰ ਨ ਠਾਉ॥ ਬਹੁ ਜੋਨੀ ਭਉਦਾ ਫਿਰੈ ਜਿਉ ਸੁੰਞੈਂ ਘਰਿ ਕਾਉ॥ ਗੁਰਮਤੀ ਘਟਿ ਚਾਨਣਾ ਸਬਦਿ ਮਿਲੈ ਹਰਿ ਨਾਉ॥੨॥ ਤ੍ਰੈ ਗੁਣ ਬਿਖਿਆ ਅੰਧੁ ਹੈ ਮਾਇਆ ਮੋਹ ਗੁਬਾਰ॥ ਲੋਭੀ ਅਨ ਕਉ ਸੇਵਦੇ ਪੜਿ ਵੇਦਾ ਕਰੈ ਪੂਕਾਰ॥ ਬਿਖਿਆ ਅੰਦਰਿ ਪਚਿ ਮੁਏ ਨਾ ਉਰਵਾਰੁ ਨ ਪਾਰੁ॥੩॥ ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਪ੍ਰਤਿਪਾਲਿ॥ ਬਾਝਹੁ ਗੁਰੂ ਅਚੇਤੁ ਹੈ ਸਭ ਬਧੀ ਜਮਕਾਲਿ॥ ਨਾਨਕ ਗੁਰਮਤਿ ਉਬਰੇ ਸਚਾ ਨਾਮੁ ਸਮਾਲਿ॥੪॥੧੦॥੪੩॥ (ਰਾਗੁ ਸਿਰੀਰਾਗੁ ਮਹਲਾ ੩)

ਇਸ ਲਈ ਗੁਰ ਕੀ ਸੇਵਾ “ਗੁਰ ਕੀ ਸੇਵਾ ਸਬਦੁ ਵੀਚਾਰੁ॥” ਹੀ ਇੱਕ ਰਾਹ ਹੈ ਨਾਮ ਪ੍ਰਾਪਤੀ ਦਾ ਗੁਣਾਂ ਨੂੰ ਹਾਸਲ ਕਰਨ ਦਾ। ਸਿੱਖ ਲਈ ਗੁਰਬਾਣੀ ਖਜਾਨਾ ਹੈ, ਜੇ ਸਮਝ ਨਾ ਆਵੇ ਗੁਰੂ ਦੀ ਗਲ ਤਾਂ ਸਿੱਖ ਲਾਹਾ ਕਿਵੇਂ ਲੈ ਸਕਦਾ ਹੈ? ਗੁਰਮਤਿ ਨੂੰ ਪੜ੍ਹ ਕੇ ਸਮਝਣਾ, ਵਿਚਾਰਨਾ ਤੇ ਲਾਗੂ ਕਰਨਾ ਹੀ ਇੱਕ ਮਾਰਗ ਹੈ ਸਿੱਖ ਲਈ। ਸੋ ਭਾਈ ਬਾਣੀ ਪੜ੍ਹੋ ਵੇਖੋ ਗੁਰਬਾਣੀ ਕੀ ਸਮਝਾ ਰਹੀ ਹੈ। ਮਨ ਦੇ ਰੋਗਾਂ ਤੋਂ ਆਰੋਗ ਅਵਸਥਾ ਪ੍ਰਾਪਤ ਕਰਨ ਲਈ ਬਾਣੀ ਦੀ ਸੋਝੀ ਜ਼ਰੂਰੀ ਹੈ “ਗਇਆ ਕਰੋਧੁ ਮਮਤਾ ਤਨਿ ਨਾਠੀ ਪਾਖੰਡੁ ਭਰਮੁ ਗਵਾਇਆ॥ ਹਉਮੈ ਪੀਰ ਗਈ ਸੁਖੁ ਪਾਇਆ ਆਰੋਗਤ ਭਏ ਸਰੀਰਾ॥ਗੁਰਪਰਸਾਦੀ ਬ੍ਰਹਮੁ ਪਛਾਤਾ ਨਾਨਕ ਗੁਣੀ ਗਹੀਰਾ॥”। ਰੋਗ ਅਤੇ ਔਸ਼ਧੀ ਸਮਝਣ ਲਈ ਪੜ੍ਹੋ “ਰੋਗ ਅਤੇ ਔਸ਼ਧੀ

ਅੱਜ ਦੇ ਜੋ ਹਾਲਾਤ ਬਣੇ ਹੋਏ ਨੇ ਕਿਸੇ ਢਾਡੀ, ਰਾਗੀ, ਕਥਾਵਾਚਕ, ਕੀਰਤਨੀਏ, ਪ੍ਰਚਾਰਕ, ਵਿਦਵਾਨ, ਗਿਆਨੀ, ਸੰਤ, ਡੇਰੇਦਾਰ, ਸਾਧ, ਜੱਥੇਦਾਰ ਨੇ ਬਾਣੀ ਨਹੀਂ ਸਮਝਾਉਣੀ। ਆਪ ਜਤਨ ਕਰਨਾ ਪੈਣਾ ਹੈ ਸਿੱਖਾ ਨੂੰ। ਜੋ ਆਪ ਫਸੇ ਨੇ ਤੇ ਮਾਇਆ, ਮੋਹ, ਖਿਆਤੀ ਲਈ ਬਾਣੀ ਵਰਤ ਰਹੇ ਨੇ, ਇਤਿਹਾਸ ਦੇ ਉਦਾਹਰਣ ਲੋਕਾਂ ਨੂੰ ਸਿਰਫ਼ ਭਾਵੁਕ ਕਰਕੇ ਨੋਕ ਕੱਠੇ ਕਰਨ ਲੱਗੇ ਨੇ, ਇੱਕ ਇੱਕ ਪ੍ਰੋਗਰਾਮ ਦੇ ਲੱਖਾਂ ਲੈ ਰਹੇ ਨੇ ਉਹਨਾਂ ਨੇ ਨਹੀਂ ਸਮਝਾਉਣਾ “ਮਨ ਕੇ ਅੰਧੇ ਆਪਿ ਨ ਬੂਝਹੁ ਕਾਹਿ ਬੁਝਾਵਹੁ ਭਾਈ॥ ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ॥” ਅਤੇ “ਕਰਤੂਤਿ ਪਸੂ ਕੀ ਮਾਨਸ ਜਾਤਿ॥ ਲੋਕ ਪਚਾਰਾ ਕਰੈ ਦਿਨੁ ਰਾਤਿ॥ ਬਾਹਰਿ ਭੇਖ ਅੰਤਰਿ ਮਲੁ ਮਾਇਆ॥ ਛਪਸਿ ਨਾਹਿ ਕਛੁ ਕਰੈ ਛਪਾਇਆ॥ ਬਾਹਰਿ ਗਿਆਨ ਧਿਆਨ ਇਸਨਾਨ॥ ਅੰਤਰਿ ਬਿਆਪੈ ਲੋਭੁ ਸੁਆਨੁ॥ ਅੰਤਰਿ ਅਗਨਿ ਬਾਹਰਿ ਤਨੁ ਸੁਆਹ॥ ਗਲਿ ਪਾਥਰ ਕੈਸੇ ਤਰੈ ਅਥਾਹ॥ ਜਾ ਕੈ ਅੰਤਰਿ ਬਸੈ ਪ੍ਰਭੁ ਆਪਿ॥ ਨਾਨਕ ਤੇ ਜਨ ਸਹਜਿ ਸਮਾਤਿ॥੫॥”। ਬਾਣੀ ਆਪ ਪੜ੍ਹੋ ਵਿਚਾਰੋ ਤੇ ਸਮਝੋ। ਆਪਣੇ ਅਤੇ ਗੁਰੂ ਵਿੱਚ ਕਿਸੇ ਨੂੰ ਵੀ ਨਹੀਂ ਆਉਣ ਦੇਣਾ। ਗੁਰੂ ਸਮਰੱਥ ਹੈ। ਆਪਣਾ ਗਿਆਨ ਆਪ ਸਮਝਾ ਸਕਦਾ ਹੈ ਜੇ ਉਸਤੇ ਭਰੋਸਾ ਹੋਵੇ ਤਾਂ।