Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਗੁਰਬਾਣੀ ਦੇ ਇੱਕ ਤੋਂ ਜਿਆਦਾ ਅਰਥ ਹੋ ਸਕਦੇ ਨੇ?

ਕਈ ਵੀਰਾਂ ਭੈਣਾਂ ਨਾਲ ਵਿਚਾਰ ਕਰਦੇ ਇਹ ਸੁਣਨ ਨੂੰ ਮਿਲਦਾ ਹੈ ਕੇ ਜਿੰਨੀ ਵਾਰ ਗੁਰਬਾਣੀ ਪੜ੍ਹੋ ਵੱਖਰੇ ਅਰਥ ਪਤਾ ਲੱਗਦੇ, ਇੱਕ ਵੀਰ ਆਖਦਾ ਇਹ ਤਾਂ ਲੋਕਾਂ ਦੇ ਆਵਦੇ ਅਨੁਭਵ ਤੇ ਨਿਰਭਰ ਕਰਦਾ ਹੈ ਕੇ ਉਹਨਾਂ ਨੂੰ ਕੀ ਗਲ ਸਮਝ ਲੱਗਣੀ, ਕਈ ਆਖਦੇ ਬਾਣੀ ਦੇ ਅੰਤਰੀਵ ਭਾਵ ਵੱਖਰੇ ਹੁੰਦੇ ਸੰਸਾਰੀ ਭਾਵ ਵੱਖਰੇ ਹੁੰਦੇ, ਕਿਸੇ ਨਾਲ ਵਿਚਾਰ ਕਰਦੇ ਸੀ ਤਾਂ ਆਖਦੇ ਹਰ ਮਨੁੱਖ ਲਈ ਬਾਣੀ ਦਾ ਵੱਖਰਾ ਸੰਦੇਸ਼ ਹੈ ਇਸੇ ਕਾਰਣ ਟੀਕਿਆਂ ਵਿੱਚ ਵੱਖਰੇ ਵੱਖਰੇ ਅਰਥ ਦੱਸੇ ਹਨ। ਇਹ ਸਬ ਗੱਲਾਂ ਉਦੋਂ ਹਨ ਜਦੋਂ ਸਾਡੀ ਨਿਜ ਮਤਿ ਜਾਂ ਮਨਮਤਿ ਖਤਮ ਨਾ ਹੋਈ ਹੋਵੇ। ਕਿਸੇ ਵੀ ਲਿਖਤ ਨੂੰ ਮਨੁੱਖ ਆਪਣੇ ਨਜਰੀਏ ਨਾਲ ਵੇਖ ਸਮਝ ਸਕਦਾ ਹੈ ਪਰ ਕਿਆ ਇਹ ਸਹੀ ਹੈ? ਜੇ ਗੁਰਮਤਿ ਦੇ ਦੋ ਅਰਥ ਨਿਕਲਦੇ ਹੋਣ ਤਾਂ ਗੁਰਮਤਿ ਦੁਹਾਗਣ ਹੋ ਗਈ ਫੇਰ ਤਾਂ। ਇੱਕ ਗਲ ਤਾਂ ਪੱਕੀ ਹੈ ਕੇ ਗੁਰਮਤਿ ਧੁਰ ਕੀ ਬਾਣੀ ਹੈ ਤੇ ਦੁਹਾਗਣ ਨਹੀਂ ਹੋ ਸਕਦੀ। “ਮਨਮੁਖੀ ਦੁਹਾਗਣਿ ਨਾਹਿ ਭੇਉ॥” ਮਨਮੁਖੀ ਮਤਿ ਦੁਹਾਗਣ ਹੈ ਗੁਰਮਤਿ ਨਹੀਂ ਸਾਡੀ ਮਤਿ ਕੁਚੱਜੀ ਹੈ। ਆਓ ਗੁਰਮਤਿ ਦੀ ਦ੍ਰਿਸ਼ਟੀ ਤੋਂ ਸਮਝੀਏ ਕੇ ਗੁਰਮਤਿ ਦੇ ਦੋ ਜਾਂ ਇੱਕ ਤੋਂ ਜਿਆਦਾ ਅਰਥ ਹੋ ਸਕਦੇ ਹਨ ਕੇ ਨਹੀਂ।

ਪਹਿਲਾਂ ਇਹ ਸਮਝਣਾ ਹੈ ਕੇ ਗੁਰਮਤਿ ਦਾ ਵਿਸ਼ਾ ਕੀ ਹੈ। ਗੁਰਬਾਣੀ ਬ੍ਰਹਮ ਦਾ ਗਿਆਨ ਹੈ ਇਹ ਸਮਝਣਾ ਹੈ ਕੇ ਹਰੇਕ ਜੀਵ ਦੇ ਵਿੱਚ ਬ੍ਰਹਮ ਵਸਦਾ ਹੈ “ ਦੇਖੈ ਸੁਣੈ ਹਦੂਰਿ ਸਦ ਘਟਿ ਘਟਿ ਬ੍ਰਹਮੁ ਰਵਿੰਦੁ ॥”, “ ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥” ਜੇ ਘਟ ਬਾਰੇ ਸ਼ੰਕਾ ਹੈ ਤਾਂ ਗੁਰਬਾਣੀ ਵਿੱਚ ਖੋਜੋ ਘਟ/ ਘਰ ਕਿਸਨੂੰ ਕਹਿਆ ਹੈ। ਜੀਵ ਦੀ ਜੋਤ ਅਕਾਲ ਹੈ ਅਜਰ ਹੈ ਜੋਤ ਕਦੇ ਖਰਦੀ ਨਹੀਂ ਤੇ ਇਸਦਾ ਗਿਆਨ ਇਸਦੀ ਸੋਝੀ ਕਦੇ ਨਹੀਂ ਨਦਲਦੀ ਇਹੀ “ਆਦਿ ਸਚੁ ਜੁਗਾਦਿ ਸਚੁ॥” ਹੈ ਅਤੇ ਇਸਦਾ ਗਿਆਨ ਹੀ ਗੁਰਮਤਿ ਗਿਆਨ ਦਾ ਵਿਸ਼ਾ ਹੈ। ਗੁਰਬਾਣੀ ਦਾ ਫੁਰਮਾਨ ਹੈ ਕੇ “ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ ॥” ਸੱਚ ਕਦੇ ਵੀ ਪੁਰਾਣਾ ਨਹੀਂ ਹੁੰਦਾ ਤੇ ਬਾਕੀ ਜੋ ਸੰਸਾਰ ਹੈ, ਜੋ ਜੋ ਦ੍ਰਿਸ਼ਟਮਾਨ ਪਸਾਰਾ ਹੈ ਇਸਨੂੰ ਗੁਰਮਤਿ ਝੂਠ ਆਖਦੀ “ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥“ ਜੋ ਦਿੱਖ ਰਹਿਆ ਹੈ ਇੱਕ ਦਿਨ ਬਿਨਸ ਜਾਣਾ ਬਾਲੂ/ਬਾਰੂ (ਰੇਤੇ) ਦੀ ਕੰਧ ਵਾਂਗ ਹੈ। ਮਨੁਖਾ ਸਰੀਰ ਨੇ ਬਿਨਸ ਜਾਣਾ ਤੇ ਜੇ ਜੀਵ ਨੇ ਗੁਣ ਧਾਰਣ ਕੀਤੇ ਹੋਣੇ ਸੱਚੇ ਦੇ ਦਾਂ ਪੰਜਾਂ ਵਿੱਚ ਜਾ ਸਮਾਉਣਾ ਨਹੀਂ ਤਾਂ ਫੇਰ ਚੌਰਾਸੀ ਦੇ ਗੇੜ ਵਿੱਚ। “ਸਚੁ ਸਲਾਹੀ ਸਚਿ ਲਗਾ ਸਚੈ ਨਾਇ ਤ੍ਰਿਪਤਿ ਹੋਇ॥ ਗੁਣ ਵੀਚਾਰੀ ਗੁਣ ਸੰਗ੍ਰਹਾ ਅਵਗੁਣ ਕਢਾ ਧੋਇ॥ ਆਪੇ ਮੇਲਿ ਮਿਲਾਇਦਾ ਫਿਰਿ ਵੇਛੋੜਾ ਨ ਹੋਇ॥ ਨਾਨਕ ਗੁਰੁ ਸਾਲਾਹੀ ਆਪਣਾ ਜਿਦੂ ਪਾਈ ਪ੍ਰਭੁ ਸੋਇ॥“। “ਜਗਿ ਜੀਵਨੁ ਐਸਾ ਸੁਪਨੇ ਜੈਸਾ ਜੀਵਨੁ ਸੁਪਨ ਸਮਾਨੰ॥”। ਗੁਰਮਤਿ ਸੰਸਾਰੀ ਜੀਵਨ ਨੂੰ ਭਰਮ ਦੀ ਨੀਂਦ ਆਖਦੀ “ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ॥” ਤੇ ਜਾਗਣਾਂ ਉਹਨਾਂ ਨੇ ਜਿਹਨਾਂ ਨੂੰ ਹਰਿ ਦਾ ਨਾਮ (ਸੋਝੀ) ਪ੍ਰਾਪਤ ਹੋ ਜਾਵੇ “ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ॥”। ਤਿਹੀ ਗੁਣੀ ਅਰਥ ਤ੍ਰੈ ਗੁਣ ਮਾਇਆ ਰਜੋ, ਸਤੋ ਅਤੇ ਤਮੋ ਗੁਣਾਂ ਨੂੰ ਭਰਮ ਆਖਦੀ। ਤ੍ਰੈ ਗੁਣ ਮਾਇਆ ਬਾਰੇ ਪਹਿਲਾਂ ਹੀ ਵਿਚਾਰ ਕਰ ਚੁੱਕੇ ਹਾਂ।

ਸਾਡੀ ਅਗਿਆਨਤਾ ਹੀ ਮਨ ਹੈ ਦਲਿੱਦਰ ਹੈ। ਜਦੋਂ ਮੈਂ ਕੁੱਝ ਨਾ ਕਰਨਾ ਹੋਵੇ ਤੇ ਦੋਸ਼ ਵੀ ਨਾ ਲੈਣਾ ਹੋਵੇ ਤਾਂ ਆਖ ਦਿੰਦਾ ਹਾਂ ਮੇਰਾ ਮਨ ਨਹੀਂ ਕਰਦਾ ਦੋਸ਼ ਦੇਣ ਨੂੰ ਮਨ ਰਖਿਆ ਹੋਇਆ ਅਸਲ ਵਿੱਚ ਮਨ ਮੈਂ ਹੈ। ਗੁਰਮਤਿ ਦਾ ਵਿਸ਼ਾ ਹੈ ਜੀਵ ਨੂੰ ਆਪਣੇ ਮੂਲ ਦਾ ਜੋਤ ਦਾ ਚੇਤਾ ਕਰਾਉਣਾ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ॥ ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ॥ ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ॥ ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ ॥੫॥“ “ਆਤਮ ਰਾਮੁ ਲੇਹੁ ਪਰਵਾਣਿ॥ ਛੂਟੈ ਸੰਸਾ ਮਿਟਿ ਜਾਹਿ ਦੁਖ॥ ਸੁੰਨ ਸਰੋਵਰਿ ਪਾਵਹੁ ਸੁਖ॥੮॥”। ਮਨ ਨੂੰ ਪਤਾ ਮਨ ਨੂੰ ਗਿਆਨ ਨੇ ਬੰਨ ਲੈਣਾ “ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥” ਇਸ ਲਈ ਗਿਆਨ ਤੋਂ ਗੁਣਾਂ ਦੀ ਵਿਚਾਰ ਤੋਂ ਭੱਜਦਾ। ਸਬ ਕੁੱਝ ਕਰ ਲਊ ਪਰ ਗਿਆਨ ਜਾਂ ਗੁਣਾਂ ਦੀ ਵਿਚਾਰ ਤੋਂ ਭੱਜ ਖੜਾ ਹੁੰਦਾ। ਮਨੁਖ ਦੀ ਟੇਕ ਲੱਬਦਾ ਕੋਈ ਹੋਰ ਮੈਨੂੰ ਬਾਂਹ ਫੜਕੇ ਦਰਗਾਹ ਤੱਕ ਲੈ ਜਾਵੇ ਜਾਂ ਮੈਂ ਦੂਜੇ ਦੀ ਨਕਲ ਕਰਕੇ ਪਹੁੰਚ ਜਾਂਵਾਂ, ਤੀਰਥ ਕਰ ਲਊ, ਇੱਕ ਸ਼ਬਦ ਦਾ ਰੱਟਣ ਕਰ ਲਊ, ਮਾਲਾ ਫੇਰ ਲਊ ਪਰ ਗਿਆਨ ਤੋਂ ਭੱਜਦਾ। ਦੂਜਾ ਇਸਨੂੰ ਦਲਿੱਦਰ ਦਾ ਰੋਗ ਲੱਗਿਆ ਆਲਸ ਵਿੱਚ ਦੂਜੇ ਤੇ ਆਸ ਰੱਖਦਾ ਆਪ ਨਹੀਂ ਵਿਚਾਰਦਾ ਦੂਜੇ ਦੀ ਮਤਿ ਲੈਂਦਾ। ਗੁਰੂ ਤੇ ਆਪਣੇ ਵਿੱਚਕਾਰ ਦਾ ਫਾਸਲਾ ਨਹੀਂ ਮਿਟਾ ਰਹਿਆ ਜਿਸਦਾ ਕਾਰਣ ਹੈ ਕੇ ਗੁਰੂ ਤੇ ਪੂਰਣ ਭਰੋਸਾ ਨਹੀਂ ਹੈ। ਗੁਰੂ ਨੂੰ ਗੁਰੂ ਮੰਨਣ ਦੀ ਥਾਂ ਚੇਲੇ ਨੂੰ ਗੁਰੂ ਬਣਾ ਲੈਂਦਾ। ਦੂਜਾ ਤਰੂ ਨਾਲ ਮੈਨੂੰ ਵੀ ਲੈ ਲਊ ਪਰ ਇਹ ਕਦੇ ਵੀ ਨਹੀਂ ਹੋ ਸਕਦਾ। ਕੋਈ ਕਿਸੇ ਨੂੰ ਮੁਕਤੀ ਦਾ ਮਾਰਗ ਨਹੀਂ ਦੱਸ ਸਕਦਾ ਇਸਨੂੰ ਆਪ ਹੀ ਗਿਆਨ ਲੈਣਾ ਪੈਣਾ ਤੇ ਆਪਣੇ ਵਿਕਾਰ ਖਤਮ ਕਰਨੇ ਪੈਣੇ। ਫੇਰ ਤੀਜਾ ਇਸ ਅਗਿਆਨਤਾ ਵਿੱਚ ਕਈ ਮੱਤਾਂ ਦੀ ਖਿਚੜੀ ਬਣੀ ਹੋਈ ਹੈ। ਕਿਸੇ ਨੇ ਆਖ ਦਿੱਤਾ ਮਾਸ ਨਾ ਖਾਣ ਨਾਲ ਰੱਬ ਮਿਲਦਾ, ਕਿਸੇ ਨੇ ਆਖ ਦਿੱਤਾ ਗੌਣਾ ਕੀਰਤਨ ਹੈ ਇਹ ਵਾਜੇ ਢੋਲਕ ਲੈਕੇ ਬਹ ਗਿਆ, ਕਿਸੇ ਨੇ ਕਹਿਆ ਤੀਰਥ ਕਰ ਲੈ ਮੁਕਤੀ ਲਈ ਇਹ ਤੁਰ ਪਿਆ ਤੀਰਥ ਸਥਾਨਾਂ ਵਲ। ਇਸਨੇ ਕਦੇ ਵਿਚਾਰ ਨਹੀਂ ਕੀਤਾ ਕੀ ਸਾਰੀ ਸ੍ਰਿਸਟੀ ਗਾ ਰਹੀ ਹੈ ਪਰਮੇਸਰ ਦੀ ਧੁਨ ਤੇ, ਗੌਣਾ ਅਰਥ ਹੁਕਮ ਵਿੱਚ ਖੁਸ਼ ਰਹਿਣਾ ਪਰ ਇਸਨੇ ਵਿਚਾਰਿਆ ਹੀ ਨਹੀਂ ਕੇ ਕੀਰਤਨ ਕਿਸ ਨੂੰ ਕਹਿਆ ਗੁਰਬਾਣੀ ਨੇ, ਗਾਉਣਾ ਕਿਸਨੂੰ ਕਹਿਆ ਗੁਰਬਾਣੀ ਨੇ। ਜੇ ਪੜ੍ਹਿਆ ਹੁੰਦਾ ਸਮਝਿਆ ਹੁੰਦਾ ਤਾਂ ਤੀਰਥ ਬਾਹਰ ਨਹੀਂ ਲੱਬਦਾ ਨਾਮ (ਗਿਆਨ ਤੋਂ ਸੋਝੀ) ਲੈਂਦਾ “ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥ ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ ॥”। ਗੁਰਮਤਿ ਗਿਆਨ ਲੈਣ ਲਈ ਆਪਣੀ ਮਤਿ ਪੂਰੀ ਤਰਹ ਤਿਆਗਣੀ ਸੀ “ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ॥”, ਮਨ ਦੇ ਭਾਂਡੇ ਨੂੰ ਚੰਗੀ ਤਰਹ ਖਾਲੀ ਕਰ ਸਾਫ਼ ਕਰ ਧੂਦੈ ਕਉ ਜਾਣਾ ਦੀ, ਧੂਧਾ ਕੌਣ? ਗੁਰਬਾਣੀ। ਗੋਲਕ ਵਿੱਚ ਪੈਸੇ ਲਈ, ਲੋਕਾਂ ਨੂੰ ਮਗਰ ਲਾਉਣ ਲਈ ਸਾਨੂੰ ਜਾਣ ਕੇ ਵੀ ਗੁਮਰਾਹ ਕੀਤਾ ਜਾਂਦਾ ਤਾਂ ਕੇ ਅਸੀਂ ਗਿਆਨ ਛੱਡ ਕਰਮਕਥਡਾਂ ਵਲ ਤੁਰ ਪਈਏ, ਦੂਜੇ ਦੁਆਰਾ ਕੀਤੀ ਅਰਦਾਸ ਤੇ ਨਿਰਭਰ ਕਰੀਏ। ਇਸ ਲਈ ਕਈ ਤਰੀਕੇ ਵਰਤੇ ਜਾਂਦੇ ਰਹੇ ਨੇ ਜਿਵੇਂ ਕਥਾ ਕਹਾਣੀਆਂ ਸੁਣਾਉਣਾ। ਲੋਕਾਂ ਨੂੰ ਰੁਲਾਂ ਕੇ ਭਾਵੁਕ ਕਰਕੇ ਸ਼ਰਦਾ ਦਾ ਵਾਪਾਰ ਹੁੰਦਾ। ਅੰਨੀ ਸ਼ਰਧਾ ਨੇ ਸਿੱਖਾਂ ਨੂੰ ਬਹੁਤ ਆਸਾਨੀ ਨਾਲ ਗੁਰਮਤਿ ਦੀ ਸੋਝੀ ਤੋਂ ਦੂਰ ਰੱਖਿਆ ਹੈ। ਅਸਲੀ ਸ਼ਰਧਾ ਸੀ ਰਾਮ ਨਾਮ (ਰਾਮ ਦੀ ਸੋਝੀ) ਦੀ “ਜਿਨ ਸਰਧਾ ਰਾਮ ਨਾਮਿ ਲਗੀ ਤਿਨੑ ਦੂਜੈ ਚਿਤੁ ਨ ਲਾਇਆ ਰਾਮ॥” ਇਹ ਦੱਸਣਾ, ਸਮਝਣਾ ਤੇ ਵਿਚਾਰਨਾ ਸੀ ਪਰ ਇਸ ਵਲ ਕਿਸੇ ਧਿਆਨ ਨਹੀਂ ਕੀਤਾ। ਗੁਰਬਾਣੀ ਦਾ ਫੁਰਮਾਨ ਹੈ “ਗੁਰਿ ਕਹਿਆ ਸਾ ਕਾਰ ਕਮਾਵਹੁ॥ ਗੁਰ ਕੀ ਕਰਣੀ ਕਾਹੇ ਧਾਵਹੁ॥” ਫੇਰ ਵੀ ਗੁਰਮਤਿ ਦੀ ਵਿਚਾਰ ਛੱਡ ਗੁਰ ਇਤਿਹਾਸ ਤੇ ਜੋਰ ਦਿੰਦੇ ਨੇ। ਗੁਰ ਇਤਿਹਾਸ ਪੜ੍ਹਨਾ ਮਾੜੀ ਗਲ ਨਹੀਂ ਪਰ ਸਾਰਾ ਜੋਰ ਕੇਵਲ ਇਤਿਹਾਸ ਤੇ ਜਾਂ ਸਾਖੀਆਂ ਤੇ ਲਾਉਣਾ ਵੀ ਸਹੀ ਨਹੀਂ ਹੈ। ਕਈ ਤਾਂ ਸਾਖੀਆਂ ਵੀ ਮਨਘੜਤ ਸੁਣਾ ਰਹੇ ਨੇ। ਇੱਕ ਉਦਾਹਰਣ ਹੈ ਲਾਲੋ ਦਾ। ਗੁਰਮਤਿ ਵਿੱਚ ਲਾਲੋ ਕੌਣ ਹੈ? “ਗੁਰਮੁਖਿ ਲਾਲੋ ਲਾਲੁ ਹੈ ਜਿਉ ਰੰਗਿ ਮਜੀਠ ਸਚੜਾਉ॥” ਗੁਰਮਤਿ ਵਾਲਾ ਲਾਲੋ ਹੈ ਜਿਸਨੂੰ ਗਿਆਨ ਦੀ ਸੋਝੀ ਦੀ ਲਾਲੀ ਚੜ੍ਹੀ ਹੋਵੇ ਤੇ ਗੁਣਾਂ ਨੂੰ ਮੁੱਖ ਰੱਖਦਾ ਹੋਵੇ। “ਲਾਲੁ ਅਮੋਲਾ ਲਾਲੋ॥ ਅਗਹ ਅਤੋਲਾ ਨਾਮੋ॥੧॥” ਹੁਣ ਜੇ ਗੁਰਮਤਿ ਵਾਲਾ ਲਾਲੋ ਪਤਾ ਹੋਵੇ ਤਾਂ ਭਾਈ ਲਾਲੋ ਵਾਲੀ ਸਾਖੀ ਕੌਣ ਸੁਣੂ?

ਮਨ (ਅਗਿਥਾਨਤਾ/ਦਲਿੱਦਰ/ ਵਿਕਾਰ/ਮਨਮਤਿ) ਦੇ ਮਰਨ ਤੋਂ ਬਿਨਾਂ ਭਗਤੀ ਸ਼ੁਰੂ ਨਹੀਂ ਹੁੰਦੀ “ ਮਨ ਅੰਤਰਿ ਬੋਲੈ ਸਭੁ ਕੋਈ॥ ਮਨ ਮਾਰੇ ਬਿਨੁ ਭਗਤਿ ਨ ਹੋਈ ॥੨॥“। ਮਨ ਨੂੰ ਕਾਬੂ ਕਰਨਾ ਹੈ, ਨਾ ਹੋਵੇ ਤਾਂ ਮਾਰਨਾ ਹੈ ਨਹੀਂ ਤਾਂ ਵਿਕਾਰ ਨਿਰੰਤਰ ਪੈਦਾ ਹੁੰਦੇ ਰਹਿਣੇ। ਮਨ (ਅਗਿਆਨਤਾ/ਦਲਿੱਦਰ) ਨੂੰ ਮਾਰਨ ਦਾ ਇੱਕੋ ਰਾਹ ਹੈ ਗੁਰਮਤਿ ਗਿਆਨ ਦੀ ਸਹਜ ਵਿਚਾਰ। “ਗੁਰ ਕਾ ਸਬਦੁ ਸਹਜਿ ਵੀਚਾਰੁ ॥” ਇਹੀ ਅਸਲੀ ਗੁਰ (ਗੁਣਾਂ) ਦੀ ਸੇਵਾ ਵੀ ਹੈ “ਗੁਰ ਕੀ ਸੇਵਾ ਸਬਦੁ ਵੀਚਾਰੁ॥ ਹਉਮੈ ਮਾਰੇ ਕਰਣੀ ਸਾਰੁ ॥੭॥“। ਸਾਰੀਆਂ ਮੱਤਾਂ ਨੇ ਪੰਜ ਵਿਕਾਰ ਮੰਨੇ ਹਨ ਤੇ ਆਖ ਦਿੱਤਾ ਇਹਨਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਕਾਬੂ ਕਰਨਾ ਪੈਣਾ ਕਰਮ ਨਾਲ ਤੇ ਵੱਖਰੇ ਵੱਖਰੇ ਕਰਮ ਕਾਂਡ ਲੱਬ ਲਏ ਨਾਨਕ ਪਾਤਿਸ਼ਾਹ ਨੇ ਦੱਸਿਆ ਇਹਨਾਂ ਪੰਜਾਂ ਵਿਕਾਰਾਂ ਦੀ ਮਾਂ ਹੈ ਛੇਵਾਂ ਵਿਕਾਰ ਜਿਸਨੂੰ ਮਾਰਨ ਤੇ ਸਾਰੇ ਵਿਕਾਰ ਖਤਮ ਹੋ ਜਾਂਦੇ। ਉਹ ਛਟਾ ਵਿਕਾਰ ਜੋ ਨਾਨਕ ਪਾਤਿਸ਼ਾਹ ਨੇ ਦੱਸਿਆ ਹੈ ਤੇ ਦਸਮ ਬਾਣੀ ਵਿੱਚ ਵਿਸਤਾਰ ਨਾਲ ਸਮਝਾਇਆ ਹੈ ਉਹ ਹੈ ਭਰਮ। ਜੀਵ ਨੂੰ ਭਰਮ ਹੈ ਇਹ ਕਰਤਾ ਹੈ ਤੇ ਕੁਝ ਕਰ ਸਕਦਾ। ਜਦੋਂ ਤਕ ਕਰਤਾ ਭਾਵ ਹੈ ਭਰਮ ਨਹੀਂ ਖਤਮ ਹੁੰਦਾ। “ਗੁਰ ਪਰਸਾਦਿ ਭਰਮ ਕਾ ਨਾਸੁ॥” ਇਹ ਭਰਮ ਦੂਰ ਹੁੰਦਾ ਗੁਰ ਪ੍ਰਸਾਦ ਨਾਲ ਗੁਰ (ਗੁਣਾਂ) ਦਾ ਪ੍ਰਸਾਦ ਹੈ ਸੋਝੀ। ਸੋਝੀ ਹੁਕਮ ਦੀ।

ਜਿਹੜੇ ਆਖਦੇ ਨੇ ਗੁਰਮਤਿ ਦੇ ਇੱਕ ਤੋਂ ਜਿਆਦਾ ਅਰਥ ਹੁੰਦੇ ਨੇ ਉਹਨਾਂ ਮਨ ਨਹੀਂ ਮਾਰਿਆ, ਗੁਣਾਂ ਦੀ ਵਿਚਾਰ ਨਹੀਂ ਕੀਤੀ, ਗੁਰਮਤਿ ਦਾ ਵਿਸ਼ਾ ਨਹੀਂ ਬੂਝਿਆ। ਗੁਰਬਾਣੀ ਅਸੀਂ ਪਰਮੇਸਰ ਲਈ ਨਹੀਂ ਪੜ੍ਹਨੀ, ਨਾ ਪੜ੍ਹਨ ਨਾਲ ਉਸਨੂੰ ਕੋਈ ਫਰਕ ਨਹੀਂ ਪੈਂਦਾ। ਰੋਜ ਪੜ੍ਹਦੇ ਹਾਂ “ਜੇ ਸਭਿ ਮਿਲਿ ਕੈ ਆਖਣ ਪਾਹਿ॥ ਵਡਾ ਨ ਹੋਵੈ ਘਾਟਿ ਨ ਜਾਇ ॥੨॥“ ਜੇ ਸਾਰੇ ਮਿਲ ਕੇ ਵੀ ਆਖਣ ਉਹ ਵੱਡਾ ਹੈ ਤਾਂ ਉਸਨੇ ਵੱਡਾ ਨਹੀਂ ਹੋ ਜਾਣਾ ਉਹ ਪਹਿਲਾਂ ਹੀ ਸਬ ਤੋਂ ਵੱਡਾ ਹੈ, ਨਾ ਆਖਣ ਤੇ ਉਸਨੇ ਘਟ ਨਹੀਂ ਹੋ ਜਾਣਾ ਛੋਟਾ ਨਹੀਂ ਹੋ ਜਾਣਾ। ਅਸੀਂ ਬਾਣੀ ਵਿਚਾਰਨੀ ਆਪਣੇ ਲਈ ਹੈ ਆਪਣੇ ਆਤਮ ਦਰਸ਼ਨ ਲਈ। ਗੁਣ ਧਾਰਣ ਕਰਨ ਲਈ ਤਾਂ ਕੇ ਪੰਚਾ ਵਿੱਚ ਮੁਕਤ ਹੋ ਕੇ ਰਲਿਆ ਜਾ ਸਕੇ। ਇਹ ਜੋਰ ਜਬਰ ਨਾਲ ਨਹੀਂ ਹੋਣਾ, ਜੋਰ ਨਾਲ ਪ੍ਰਾਪਤੀ ਨਹੀਂ ਹੋਣੀ। ਸਹਜ ਨਾਲ ਹੋਣੀ। ਸਹਜ ਆਉਣਾ ਹੁਕਮ ਮੰਨਣ ਨਾਲ।” ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ॥ ਹਰਿ ਗੁਣ ਸਦ ਹੀ ਆਖਿ ਵਖਾਣੈ॥ ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ॥ ਸਹਜੇ ਹੀ ਹਰਿ ਨਾਮਿ ਸਮਾਇਆ ॥੩॥“। ਜਦੋਂ ਹਰਿ ਦੀ ਸੇਵਾ ਹੋਈ, ਜਦੋਂ ਸਹਜ ਆ ਜਾਵੇ, ਗੁਣ ਪ੍ਰਾਪਤ ਹੋ ਜਾਣ, ਸੋਝੀ ਆ ਜਾਵੇ ਫੇਰ ਸਮਝੋ ਨਾਮ ਵਿੱਚ ਸਮਾ ਗਏ। ਸਹਜੇ ਹੀ ਅਰਥ ਸਹਜ ਦੁਆਰਾ।

ਹੁਣ ਇਹਨਾਂ ਗੱਲਾਂ ਦੀ ਸਮਝ ਨਾ ਹੋਵੇ ਤਾਂ ਬਾਣੀ ਸਾਰਿਆਂ ਨੂੰ ਆਪਣੀ ਆਪਣੀ ਮਤਿ ਅਨੁਸਾਰ ਠੀਕ ਜਾਂ ਗਲਤ ਲੱਗਣੀ। ਬਾਣੀ ਦੇ ਦੋ ਅਰਥ ਨਹੀਂ ਹਨ, ਸਾਨੂੰ ਬਾਣੀ ਜੋ ਕਹ ਰਹੀ ਹੈ ਉਸਦੀ ਸਮਝ ਨਹੀਂ ਹੈ ਜਾਂ ਮਨ ਦੀ ਖੇਡ ਹੈ। ਇੱਕ ਹੋਰ ਵਿਚਾਰਨ ਵਾਲੀ ਗਲ ਹੈ ਕੇ ਬਾਣੀ ਦੀ ਇੱਕ ਇੱਕ ਪੰਕਤੀ ਲੈ ਕੇ ਵਿਆਖਿਆ ਕੀਤੀ ਜਾਂਦੀ ਹੈ, ਸੰਸਾਰੀ ਅਰਥ ਕਰਨ ਨਾਲ ਵੀ ਇਹ ਗਲਤੀ ਹੁੰਦੀ ਹੈ। ਗੁਰਬਾਣੀ ਵਿੱਚ ਅਲੰਕਾਰ ਦੀ ਭਾਸ਼ਾ ਹੈ, ਉਦਾਹਰਣ ਹਨ, ਜਿਹਨਾਂ ਨੂੰ ਅੰਗ੍ਰਜੀ ਵਿੱਚ metaphor ਜਾਂ references ਵੀ ਆਖਿਆ ਜਾਂਦਾ ਹੈ। ਉਦਾਹਰਣ ਦੇ ਤੌਰ ਤੇ ਇੱਕ ਸ਼ਬਦ ਆਉਂਦਾ ਹੈ “ਨਾਰਦ ਸਾਰਦ ਕਰਹਿ ਖਵਾਸੀ॥” ਦੇ ਅਰਥ ਕਰਦੇ ਟੀਕਿਆਂ ਨੇ ਨਾਰਦ ਸਨਾਤਨ ਮਤਿ ਦੇ ਸਾਰਦ ਮੁਨੀ ਤੇ ਸਾਰਦ ਦੇਵੀ ਲਏ ਹਨ। ਜੇ ਗੁਰਮਤਿ ਦਾ ਗਿਆ ਹੋਵੇ ਅਤੇ ਸੋਝੀ ਹੋਵੇ ਕੇ ਇਹ ਅਲੰਕਾਰ ਦੀ ਭਾਸ਼ਾ ਹੈ ਤਾਂ ਪਤਾ ਲੱਗੇ ਕੇ ਨਾਰਦ ਕਦੇ ਨਾ ਰੱਦ ਹੋਣ ਵਾਲਾ ਗੁਰਮਤਿ ਗਿਆਨ ਹੈ ਤੇ ਸਾਰਦ ਸੰਸਾਰੀ ਰੱਦ ਹੋਣ ਵਾਲੀ ਮਤਿ ਬਾਰੇ ਵਰਤਿਆ ਹੈ ਅਤੇ ਭਾਵ ਬਣਦਾ ਕੇ ਗੁਰਮਤਿ ਮਾਇਆ ਦੀ ਸੰਸਾਰੀ ਮਤਿ ਦੀ ਖਵਾਸੀ ਕਰਦੀ ਹੈ ਧਿਆਨ ਮਾਇਆ ਤੋ ਹਟਾ ਕੇ ਅਕਾਲ ਵਲ਼ ਕਰਦੀ ਹੈ। ਜੇ ਇਹ ਸਮਝ ਨਾ ਹੋਵੇ ਤਾਂ “ਭਗਤਿ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨੁ ਦੀਨਾ॥” ਵੀ ਸਮਝ ਨਹੀਂ ਆਉਣਾ ਤੇ ਦੂਜੀ ਮਤਿ ਵਾਲੀ ਖਿਚੜੀ ਬਣ ਜਾਣੀ। ਬਾਣੀ ਵਿੱਚ ਕਿੱਥੇ ਸਵਾਲ ਹਨ ਕਿੱਥੇ ਜਵਾਬ ਹੈ, ਕਿੱਥੇ ਕੁੱਝ ਕਹੀ ਗਲ ਨੂੰ ਹੋਰ ਬਾਰੀਕੀ ਨਾਲ ਸਮਝਾਇਆ ਇਹ ਬਾਣੀ ਦੇ ਅਰਥ ਬਾਣੀ ਵਿੱਚੋਂ ਖੋਜਣ ਤੇ ਪਤਾ ਲੱਗਣਾ। ਇਹ ਵੀ ਸਮਝਣਾ ਹੈ ਕੇ ਇੱਕ ਪਦੇ ਤੋਂ ਦੂਜੇ ਵਿੱਚ ਕੀ ਫਰਕ ਹੈ।ਜਿਵੇਂ ਇੱਕ ਬੱਚਾ ਇੱਕ ਕਲਾਸ ਤੋਂ ਦੂਜੀ ਵਿੱਚ ਤਰੱਕੀ ਕਰਦਾ ਹੈ ਸਿੱਧਾ ਪੀ ਐਚ ਡੀ ਦੀ ਕਲਾਸ ਨਹੀਂ ਪੜ੍ਹਦਾ ਉੱਦਾਂ ਹੀ ਗੁਰਬਾਣੀ ਗਲ ਸਮਝਾਉਣ ਲਈ ਖੰਡਾਂ ਦਾ ਉਦਾਹਰਣ ਵਰਤਦੀ ਹੈ ਜਿਵੇਂ ਧਰਮ ਖੰਡ, ਗਿਆਨ ਖੰਡ, ਕਰਮ ਖੰਡ ਅਤੇ ਸੱਚ ਖੰਡ ਦੀ ਗਲ ਕਰਦੀ ਹੈ। ਗੁਰਬਾਣੀ ਪਦਾਰਥਾਂ ਦਾ ਉਦਾਹਰਣ ਵੀ ਵਰਤਦੀ ਹੈ ਜਿਸ ਬਾਰੇ ਪਹਿਲਾਂ ਹੀ ਵਿਚਾਰ ਕੀਤੀ ਜਾ ਚੁੱਕੀ ਹੈ। ਇੱਕ ਸਟੇਜ ਵਿੱਚ ਆਖਦੀ ਹੈ “ਗਾਵੀੲੈ ਸੁਣੀਐ ਮਨਿ ਰਖੀਐ ਭਾਉ॥” ਜਦੋਂ ਭਾਵਨਾ ਪੈਦਾ ਹੋ ਜਾਂਦੀ ਹੈ ਤਾਂ ਫੇਰ ਆਖਦੀ “ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ॥ ਜਿਉ ਕਾਸੀ ਉਪਦੇਸੁ ਹੋਇ ਮਾਨਸ ਮਰਤੀ ਬਾਰ ॥੩॥” “ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ॥” ਜਦੋਂ ਗੁਰਮਤਿ ਸੁਣੀਏ, ਪੜ੍ਹੀਏ ਗਾਈਏ ਨਾਲ ਨਾਲ ਭਾਵ ਸਮਝ ਕੇ ਸੋਝੀ ਵਿੱਚ ਵਾਧਾ ਹੋਣਾ ਜਰੂਰੀ ਹੈ। “ਕਿਆ ਪੜੀਐ ਕਿਆ ਗੁਨੀਐ॥ ਕਿਆ ਬੇਦ ਪੁਰਾਨਾਂ ਸੁਨੀਐ॥ ਪੜੇ ਸੁਨੇ ਕਿਆ ਹੋਈ॥ ਜਉ ਸਹਜ ਨ ਮਿਲਿਓ ਸੋਈ॥੧॥”। ਸਾਰੀ ਗਲ ਮਨ ਨੂੰ ਸਮਝਾਉਣ ਲਈ ਹੈ “ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ॥੫॥”, ਕਰੳੀ ਪ੍ਰਾਣੀ ਗਾਉਣ ਨੂੰ ਕੀਰਤਨ ਸਮਝ ਕੇ ਸੇਵਾ ਸਮਝ ਕੇ ਹਉਮੈ ਵਿੱਚ ਫਸ ਜਾਂਦੇ ਹਨ ਤੇ ਬਾਣੀ ਦੀ ਵਿਚਾਰ ਨਹੀਂ ਕਰਦੇ ਤਾਹੀਂ ਕਹਿਆ “ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ॥” ਬਾਣੀ ਪੜਨਾ ਸੁਣਨਾ ਗਾਉਣਾ ਠੀਕ ਹੈ ਪਰ ਸਬ ਤੋਂ ਉੱਤਮ ਗੁਰ ਸਬਦ ਵੀਚਾਰ ਹੈ “ਗੁਰ ਕੀ ਸੇਵਾ ਸਬਦੁ ਵੀਚਾਰੁ॥ ਹਉਮੈ ਮਾਰੇ ਕਰਣੀ ਸਾਰੁ ॥੭॥“ “ਹਉਮੈ ਨਿਵਰੈ ਗੁਰ ਸਬਦੁ ਵੀਚਾਰੈ॥”। ਮਨ ਨੂੰ ਸਮਝਾਉਣ ਖਾਤਰ ਹੋਲੀ ਹੋਲੀ ਪੜ੍ਹ ਕੇ ਸਮਝ ਕੇ ਵਿਚਾਰ ਕਰਨੀ ਜ਼ਰੂਰੀ ਹੈ। ਗੁਰਬਾਣੀ ਦਾ ਇੱਕ ਇੱਕ ਅੱਖਰ ਪਰਮੇਸਰ ਦੀ ਦੇਨ ਹੈ ਭਗਤਾਂ ਨੂੰ ਜਿਸਨੂੰ ਪਿਆਰ ਨਾਲ ਸਮਝਣ ਦੀ ਲੋੜ ਹੈ ਇਹ ਸਮਝ ਕੇ ਪੜੋ ਕੇ ਇਹ ਧੂਰੋਂ ਆਈ ਹੈ “ ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ॥” ਪਾਤਿਸ਼ਾਹ ਨੇ ਇਹ ਵੀ ਕਹਿਆ ਕੇ ਇਹ ਜਿਵੇਂ ਜਿਵੇਂ ਆਈ ਹੈ ਮੈਂ ਉਵੇਂ ਦਰਜ ਕਰ ਰਹਿਆ ਹਾਂ ਇਹ ਨਾ ਸਮਝ ਲਿਓ ਮੈਂ ਲਿਖ ਰਹਿਆ ਹਾਂ “ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ॥ ਜਿਵ ਫੁਰਮਾਏ ਤਿਵ ਤਿਵ ਪਾਹਿ॥” ਅਤੇ “ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥” ਤੇ ਲਾਲੋ ਸਮਝਾਇਆ ਕੌਣ ਹੈ “ ਗੁਰਮੁਖਿ ਲਾਲੋ ਲਾਲੁ ਹੈ ਜਿਉ ਰੰਗਿ ਮਜੀਠ ਸਚੜਾਉ॥” ਗੁਣਾਂ ਨੂੰ ਮੁੱਖ ਰੱਖਣ ਵਾਲਾ ਗਿਆਨ ਦੀ ਲਾਲੀ ਵਿੱਚ ਲਾਲੋ ਲਾਲ ਹੈ।

ਜਦੋਂ ਧਿਆਨ ਨਾਲ, ਪਿਆਰ ਨਾਲ, ਵਿਚਾਰ ਕਰਦਿਆਂ ਸੱਚੇ ਦੇ ਗੁਰ ਸਾਨੂੰ ਪ੍ਰਾਪਤ ਹੋ ਜਾਂਦੇ ਨੇ ਜਦੋਂ ਮਨ ਵਸ ਹੋ ਜਾਂਦਾ, ਈਰਖਾ ਦ੍ਵੇਸ਼ ਝੂਠ ਨਿੰਦਾ ਚੁਗਲੀ ਵਿਸ਼ੇ ਵਿਕਾਰ ਕਾਬੂ ਹੋ ਜਾਂਦੇ ਹਨ ਤਾਂ ਇਹ ਗਲ ਸਮਝ ਆਉਂਦੀ ਹੈ ਕੇ ਗੁਰਮਤਿ ਦਾ ਉਪਦੇਸ਼ ਤਾਂ ਇੱਕੋ ਹੀ ਹੈ ਪੰਚਾਂ ਨਾਲ ਏਕਤਾ, ਰਾਸ ਰੱਖਣ ਦਾ ਹੈ, ਹੁਕਮ ਮੰਨਣ ਦਾ ਹੈ। ਪੰਚਾਂ ਦਾ ਗੁਰ ਏਕ ਹੈ ਤੇ ਏਕ ਧਿਆਨ ਹੈ। “ਅਨਦੁ ਭਇਆ ਮੇਰੀ ਮਾਏ“ ਕੇਵਲ ਕਹਣ ਨਾਲ ਅਤਨੰਦ ਹੋ ਜਾਣਾ ਕੇ “ਸਤਿਗੁਰੂ ਮੈ ਪਾਇਆ॥” ਦੀ ਅਵਸਥਾ ਬਣਨੀ ਪੈਣੀ?

ਇਸ ਲਈ ਭਾਈ ਗੁਰਬਾਣੀ ਨੂੰ ਵਿਚਾਰੋ। ਭਗਤ ਜੋ ਇੱਕ ਦੂਜੇ ਨਾਲ ਕਦੇ ਨਹੀਂ ਮਿਲੇ ਉਹ ਵੀ ਇਸ ਏਕਾ ਮਾਈ ਦੇ ਧਾਰਣੀ ਸੀ ਉਹਨਾਂ ਨੂੰ ਗੁਰਮਤਿ ਉਪਦੇਸ਼ ਸਮਝ ਆਇਆ ਗੁਰਮਤਿ ਦੀ ਸੋਝੀ ਪ੍ਰਕਟ ਹੋਈ। ਉਹਨਾਂ ਦਾ ਧਿਆਨ ਏਕ ਸੀ। ਉਦੋਂ ਵੀ ਜਦੋਂ ਬਾਣੀ ਲਿਖਤੀ ਰੂਪ ਵਿੱਚ ਨਹੀਂ ਸੀ ਇਹ ਭਗਤ ਹਰ ਜੁਗ ਜੁਗ ਵਿੱਚ ਉਪਜਦੇ ਰਹੇ ਹਨ। ਗੁਰਬਾਣੀ ਕੇਤੇ (ਕਈ) ਪ੍ਰਹਲਾਦ (ਪ੍ਰੀਏ ਲਾਦ – ਪਿਆਰੇ ਪੁੱਤਰ) ਜਨਾਂ ਦੀ ਗਲ ਕਰਦੀ “ਸਰਣਾਗਤਿ ਪ੍ਰਹਲਾਦ ਜਨ ਆਏ ਤਿਨ ਕੀ ਪੈਜ ਸਵਾਰੀ॥੨॥”। ਗਿਆਨੀ ਉਹ ਨਹੀਂ ਜੋ ਦੁਨਿਆਵੀ ਉਪਾਧੀ ਲੈ ਕੇ ਨਾਮ ਅੱਗੇ ਗਿਆਨੀ ਲਿਖਦਾ, ਗੁਰਮਤਿ ਅਨੁਸਾਰ ਗਿਆਨੀ ਉਹ ਹੈ ਜੋ ਪਰਮੇਸਰ ਦੇ ਗੁਣਾਂ ਦੀ ਵਿਚਾਰ ਕਰੇ “ਗੁਣ ਵੀਚਾਰੇ ਗਿਆਨੀ ਸੋਇ॥ ਗੁਣ ਮਹਿ ਗਿਆਨੁ ਪਰਾਪਤਿ ਹੋਇ॥” ਪਰ ਇਹੋ ਜਹੇ ਵਿਰਲੇ ਹੀ ਹੁੰਦੇ ਹਨ “ਗੁਰ ਕਾ ਸਬਦੁ ਕੋ ਵਿਰਲਾ ਬੂਝੈ॥ ਆਪੁ ਮਾਰੇ ਤਾ ਤ੍ਰਿਭਵਣੁ ਸੂਝੈ॥ ਫਿਰਿ ਓਹੁ ਮਰੈ ਨ ਮਰਣਾ ਹੋਵੈ ਸਹਜੇ ਸਚਿ ਸਮਾਵਣਿਆ॥੪॥” ਜਦੋਂ ਤਕ ਮੈਂ ਹੈ, ਮਨ ਹੈ ਆਪਣੀ ਨਿਜ ਮਤਿ ਜਾਂ ਹੋਂਦ ਹੈ ਉਦੋਂ ਤਕ ਗਿਆਨ ਤੋੰ ਸੋਝੀ ਨਹੀਂ ਹੁੰਦੀ। “ਮਾਇਆ ਮਹਿ ਫਿਰਿ ਚਿਤੁ ਨ ਲਾਏ॥ ਗੁਰ ਕੈ ਸਬਦਿ ਸਦ ਰਹੈ ਸਮਾਏ॥ ਸਚੁ ਸਲਾਹੇ ਸਭ ਘਟ ਅੰਤਰਿ ਸਚੋ ਸਚੁ ਸੁਹਾਵਣਿਆ॥੫॥ ਸਚੁ ਸਾਲਾਹੀ ਸਦਾ ਹਜੂਰੇ॥ ਗੁਰ ਕੈ ਸਬਦਿ ਰਹਿਆ ਭਰਪੂਰੇ॥ ਗੁਰਪਰਸਾਦੀ ਸਚੁ ਨਦਰੀ ਆਵੈ ਸਚੇ ਹੀ ਸੁਖੁ ਪਾਵਣਿਆ॥੬॥ ਸਚੁ ਮਨ ਅੰਦਰਿ ਰਹਿਆ ਸਮਾਇ॥ ਸਦਾ ਸਚੁ ਨਿਹਚਲੁ ਆਵੈ ਨ ਜਾਇ॥ ਸਚੇ ਲਾਗੈ ਸੋ ਮਨੁ ਨਿਰਮਲੁ ਗੁਰਮਤੀ ਸਚਿ ਸਮਾਵਣਿਆ॥੭॥”

ਬਾਣੀ ਨੂੰ ਪੜ੍ਹੋ, ਖੋਜੋ, ਵਿਚਾਰੋ। ਜਿਹੜੇ ਅਸੀਂ ਧਰਮੀ ਸਬਦ ਵਰਤਦੇ ਹਾਂ ਉਹਨਾਂ ਦੇ ਅਰਥ ਗੁਰਬਾਣੀ ਵਿੱਚ ਖੋਜੋ, ਵਿਚਾਰੋ ਤੇ ਸਮਝੋ। ਜਦੋਂ ਤੱਕ ਅਸੀਂ ਸਿੱਖ ਰਹੇ ਹਾਂ ਖੋਜੀ ਬਿਰਤੀ ਹੈ ਕੇ ਪਾਤਿਸ਼ਾਹ ਕੀ ਸਮਝਾ ਰਹੇ ਨੇ, ਗੁਰੂ ਤੇ ਸਿੱਖ (ਚੇਲੇ) ਵਿੱਚ ਅੰਤਰ ਖਤਮ ਹੈ ਉਦੋਂ ਤਕ ਅਸੀਂ ਸਹੀ ਰਾਹ ਤੇ ਹਾਂ। ਆਪਣੇ ਸਵਾਲ ਭੇਜਦੇ ਰਹੋ ਸਾਡੇ email id ਤੇ। ਆਪਾਂ ਰਲ ਕੇ ਵਿਚਾਰ ਕਰਦੇ ਰਹਾਂਗੇ। ਮਿਲ ਕੇ ਖੋਜ ਕਰੀਏ ਬਾਣੀ ਨੂੰ ਵਿਚਾਰੀਏ। ਧੰਨਵਾਦ।